ਪਾਕਿਸਤਾਨ ਦੀ ਅਦਾਲਤ ਨੇ ਭ੍ਰਿਸ਼ਟਾਚਾਰ ਦੇ ਤੀਜੇ ਮਾਮਲੇ ''ਚ ਸ਼ਰੀਫ ਖਿਲਾਫ ਦੋਸ਼ ਤੈਅ

10/20/2017 6:03:49 PM

ਇਸਲਾਮਾਬਾਦ— ਪਾਕਿਸਤਾਨ ਦੀ ਭ੍ਰਿਸ਼ਟਾਚਾਰ ਰੋਕੂ ਅਦਾਲਤ ਨੇ ਸ਼ੁੱਕਰਵਾਰ ਨੂੰ ਅਹੁਦੇ ਤੋਂ ਹਟਾਏ ਗਏ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ 'ਤੇ ਭ੍ਰਿਸ਼ਟਾਚਾਰ ਦੇ ਤੀਜੇ ਮਾਮਲੇ 'ਚ ਦੋਸ਼ ਤੈਅ ਕੀਤੇ ਹਨ। ਇਹ ਮਾਮਲਾ ਫਲੈਗਸ਼ਿਪ ਇੰਵੈਸਟਮੈਂਟ ਤੇ ਦੂਜੀਆਂ ਵਿਦੇਸ਼ੀ ਕੰਪਨੀਆਂ ਨਾਲ ਜੁੜਿਆ ਹੋਇਆ ਹੈ।
ਇਥੇ ਦੀ ਜਵਾਬਦੇਹੀ ਅਦਾਲਤ 'ਚ ਨਵਾਜ਼ ਸ਼ਰੀਫ ਦੀ ਗੈਰ ਮੌਜੂਦਗੀ 'ਚ ਉਨ੍ਹਾਂ 'ਤੇ ਇਨਕਮ ਤੋਂ ਜ਼ਿਆਦਾ ਸੰਪਤੀ ਰੱਖਣ ਦੇ ਮਾਮਲੇ 'ਚ ਦੋਸ਼ ਤੈਅ ਕੀਤੇ ਤੇ ਉਨ੍ਹਾਂ ਦੇ ਵਕੀਲ ਜ਼ਾਫਿਰ ਖਾਨ ਨੂੰ ਦੋਸ਼ ਪੱਤਰ ਪੜ ਕੇ ਸੁਣਾਇਆ ਗਿਆ। ਇਹ ਮਾਮਲਾ ਰਾਸ਼ਟਰੀ ਜਵਾਬਦੇਹੀ ਅਦਾਲਤ ਵਲੋਂ ਅੱਠ ਸਤੰਬਰ ਨੂੰ ਸ਼ਰੀਫ ਦੇ ਖਿਲਾਫ ਦਰਜ ਕਰਵਾਏ ਗਏ ਭ੍ਰਿਸ਼ਟਾਚਾਰ ਦੇ ਤਿੰਨ ਮਾਮਲਿਆਂ 'ਚੋਂ ਇਕ ਹੈ। ਸੁਪਰੀਮ ਕੋਰਟ ਵਲੋਂ 28 ਜੁਲਾਈ ਨੂੰ ਪਨਾਮਾ ਪੇਪਰਜ਼ ਮਾਮਲੇ 'ਚ ਸ਼ਰੀਫ ਨੂੰ ਪ੍ਰਧਾਨ ਮੰਤਰੀ ਅਹੁਦੇ ਤੋਂ ਅਯੋਗ ਠਹਿਰਾਏ ਜਾਣ ਤੋਂ ਬਾਅਦ ਇਹ ਮਾਮਲੇ ਦਰਜ ਕੀਤੇ ਗਏ ਹਨ। ਜੱਜ ਵਲੋਂ ਪੜੇ ਗਏ ਦੋਸ਼ਾਂ 'ਤੇ ਖਾਨ ਨੇ ਸ਼ਰੀਫ ਵਲੋਂ ਦਲੀਲ ਦਿੱਤੀ ਸੀ ਕਿ ਉਹ ਨਿਰਦੋਸ਼ ਹਨ। ਸ਼ਰੀਫ ਆਪਣੀ ਬੀਮਾਰ ਪਤਨੀ ਦੇ ਨਾਲ ਲੰਡਨ 'ਚ ਹਨ। ਕੁਲਸੁਮ ਨਵਾਜ਼ ਗਲੇ ਦੇ ਕੈਂਸਰ ਨਾਲ ਪੀੜਤ ਹਨ ਤੇ ਉਨ੍ਹਾਂ ਦੀ ਤਿੰਨ ਵਾਰ ਸਰਜਰੀ ਹੋ ਚੁੱਕੀ ਹੈ। ਉਨ੍ਹਾਂ ਦੇ ਐਤਵਾਰ ਤੱਕ ਪਾਕਿਸਤਾਨ ਪਰਤਣ ਦੀ ਸੰਭਾਵਨਾ ਹੈ। ਅਦਾਲਤ ਨੂੰ ਦੱਸਿਆ ਗਿਆ ਕਿ ਉਨ੍ਹਾਂ ਦੇ ਬੇਟੇ ਹਸਨ ਤੇ ਹੁਸੈਨ ਸਾਲ 1989 ਤੇ 1990 'ਚ ਉਨ੍ਹਾਂ 'ਤੇ ਨਿਰਭਰ ਸਨ। ਹਾਲਾਂਕਿ ਦੋਸ਼ ਪੱਤਰ 'ਚ ਇਹ ਵੀ ਕਿਹਾ ਗਿਆ ਕਿ ਸ਼ਰੀਫ ਨੇ ਸਾਲ 1990 ਤੋਂ 1995 ਤੱਕ ਹਸਨ ਦੇ ਨਾਂ 'ਤੇ ਸੰਪਤੀ ਦਾ ਬਿਓਰਾ ਜਮ੍ਹਾ ਕਰਵਾਇਆ ਹੈ। ਦੋਸ਼ ਪੱਤਰ 'ਚ ਇਹ ਵੀ ਕਿਹਾ ਗਿਆ ਹੈ ਕਿ ਸ਼ਰੀਫ ਨੇ ਜਨਤਕ ਅਦਾਰਿਆਂ 'ਚ ਕਈ ਮਹੱਤਵਪੂਰਨ ਅਹੁਦੇ ਸੰਭਾਲੇ ਹਨ, ਜਿਨ੍ਹਾਂ 'ਚ ਮੁੱਖ ਮੰਤਰੀ ਤੇ ਪ੍ਰਧਾਨ ਮੰਤਰੀ ਅਹੁਦਾ ਸ਼ਾਮਲ ਹੈ। 
ਜਵਾਬਦੇਹੀ ਅਦਾਲਤ ਨੇ ਬੀਤੇ ਦਿਨ ਸ਼ਰੀਫ ਤੇ ਉਨ੍ਹਾਂ ਦੇ ਰਾਹੀਂ ਏਵਨਫੀਲਡ ਸੰਪਤੀ ਤੇ ਅਲ-ਅਜੀਜ਼ਿਆ ਕੰਪਨੀ ਮਾਮਲੇ 'ਚ ਦੋਸ਼ ਤੈਅ ਕੀਤੇ ਸਨ ਜਦਕਿ ਏਵਨਫੀਲਡ ਸਬੰਧ 'ਚ ਉਨ੍ਹਾਂ ਦੀ ਬੇਟੀ ਮਰਿਅਮ ਨਵਾਜ਼ ਸ਼ਰੀਫ ਤੇ ਉਨ੍ਹਾਂ ਦੇ ਜਵਾਈ ਮੁਹੰਮਦ ਸਫਦਰ 'ਤੇ ਉਨ੍ਹਾਂ ਦੀ ਮੌਜੂਦਗੀ 'ਚ ਦੋਸ਼ ਤੈਅ ਕੀਤੇ ਗਏ ਸਨ। ਇਸੇ ਦੇ ਨਾਲ ਸ਼ਰੀਫ ਦੇ ਖਿਲਾਫ ਦਰਜ ਕਰਵਾਏ ਗਏ ਤਿੰਨੋਂ ਮਾਮਲਿਆਂ 'ਚ ਉਨ੍ਹਾਂ 'ਤੇ ਦੋਸ਼ ਤੈਅ ਹੋ ਚੁੱਕੇ ਹਨ।


Related News