ਰੋਹਿੰਗਿਆ ਲੋਕਾਂ ਨਾਲ ਮਿਲ ਕੇ ਰੋ ਪਏ ਪੋਪ ਫ੍ਰਾਂਸਿਸ

12/03/2017 9:10:08 AM

ਵੈਟੀਕਨ ਸਿਟੀ (ਭਾਸ਼ਾ)— ਪੋਪ ਫ੍ਰਾਂਸਿਸ ਨੇ ਕਿਹਾ ਕਿ ਉਹ ਬੰਗਲਾ ਦੇਸ਼ ਵਿਚ ਰੋਹਿੰਗਿਆ ਸ਼ਰਨਾਰਥੀਆਂ ਦੀ ਮਾੜੀ ਹਾਲਤ ਬਾਰੇ ਸੁਣ ਕੇ ਰੋ ਪਏ ਸਨ। ਉਨ੍ਹਾਂ ਨੇ ਕਿਹਾ ਕਿ ਰੋਹਿੰਗਿਆ ਲੋਕਾਂ ਨਾਲ ਮੁਲਾਕਾਤ ਮਿਆਂਮਾਰ ਅਤੇ ਬੰਗਲਾ ਦੇਸ਼ ਦੀ ਉਨ੍ਹਾਂ ਦੀ ਯਾਤਰਾ ਲਈ ਇਕ ਸ਼ਰਤ ਸੀ। ਪੋਪ ਦੀ ਰੋਹਿੰਗਿਆ ਲੋਕਾਂ ਨਾਲ ਮੁਲਾਕਾਤ ਮਿਆਂਮਾਰ ਵਿਚ ਹਿੰਸਾ ਕਾਰਨ ਭੱਜ ਰਹੇ ਮੁਸਲਿਮ ਘੱਟ ਗਿਣਤੀ ਭਾਈਚਾਰੇ ਨਾਲ ਇਕਮੁੱਠਤਾ ਦੇ ਇਜ਼ਹਾਰ ਦਾ ਸੂਚਕ ਸੀ ਅਤੇ ਫ੍ਰਾਂਸਿਸ ਨੇ ਰੋਮ ਪਰਤਦੇ ਸਮੇਂ ਜਹਾਜ਼ ਵਿਚ ਪੱਤਰਕਾਰਾਂ ਨੂੰ ਕਿਹਾ ਕਿ ਸ਼ਰਨਾਰਥੀ ਵੀ ਰੋ ਰਹੇ ਸਨ। ਉਨ੍ਹਾਂ ਨੇ ਕਿਹਾ,''ਮੈਂ ਜਾਣਦਾ ਸੀ ਕਿ ਮੈਂ ਰੋਹਿੰਗਿਆ ਲੋਕਾਂ ਨਾਲ ਮੁਲਾਕਾਤ ਕਰਾਂਗਾ ਪਰ ਇਹ ਨਹੀਂ ਪਤਾ ਸੀ ਕਿ ਕਿੱਥੇ ਅਤੇ ਕਿਵੇਂ। ਮੇਰੇ ਲਈ ਇਹ ਯਾਤਰਾ ਇਕ ਸ਼ਰਤ ਸੀ।'' 
ਪੋਪ ਨੇ ਮਿਆਂਮਾਰ ਦੀ ਆਪਣੀ ਯਾਤਰਾ ਦੌਰਾਨ ਜਨਤਕ ਤੌਰ 'ਤੇ ਰੋਹਿੰਗਿਆ ਦਾ ਕੋਈ ਪ੍ਰਤੱਖ ਜ਼ਿਕਰ ਨਹੀਂ ਕੀਤਾ। ਬੰਗਲਾ ਦੇਸ਼ ਵਿਚ ਉਨ੍ਹਾਂ ਨੇ ਇਕ ਸ਼ਰਨਾਰਥੀ ਕੈਂਪ ਵਿਚ ਰੋਹਿੰਗਿਆ ਲੋਕਾਂ ਦੇ ਇਕ ਸਮੂਹ ਨਾਲ ਮੁਲਾਕਾਤ ਕੀਤੀ ਅਤੇ ਉਨ੍ਹਾਂ ਨੂੰ ਸੰਬੋਧਨ ਕੀਤਾ। ਉਨ੍ਹਾਂ ਨੇ ਕਿਹਾ,''ਬੰਗਲਾ ਦੇਸ਼ ਨੇ ਉਨ੍ਹਾਂ ਲੋਕਾਂ ਲਈ ਬਹੁਤ ਕੁਝ ਕੀਤਾ ਹੈ। ਇਹ ਸਵਾਗਤ ਕਰਨ ਦਾ ਇਕ ਉਦਾਹਰਣ ਹੈ।'' ਪੋਪ ਨੇ ਕਿਹਾ,''ਮੈਂ ਰੋਇਆ, ਮੈਂ ਆਪਣੇ ਹੰਝੂ ਲੁਕਾਉਣ ਦੀ ਕੋਸ਼ਿਸ਼ ਕੀਤੀ। ਮੈਂ ਖੁਦ ਨੂੰ ਕਿਹਾ ਕਿ ਮੈਂ ਉਨ੍ਹਾਂ ਨੂੰ ਇਕ ਵੀ ਸ਼ਬਦ ਕਹੇ ਬਿਨਾ ਨਹੀਂ ਜਾ ਸਕਦਾ।'' ਪੋਪ ਨੇ ਰੋਹਿੰਗਿਆ ਲੋਕਾਂ ਨੂੰ ਕਿਹਾ,''ਜਿਹੜੇ ਲੋਕਾਂ ਨੇ ਤੁਹਾਨੂੰ ਸਤਾਇਆ ਅਤੇ ਤੁਹਾਨੂੰ ਨੁਕਸਾਨ ਪਹੁੰਚਾਇਆ ਹੈ, ਮੈਂ ਤੁਹਾਨੂੰ ਉਨ੍ਹਾਂ ਲੋਕਾਂ ਨੂੰ ਮਾਫ ਕਰਨ ਲਈ ਕਹਿੰਦਾ ਹਾਂ।''


Related News