ਆਸਟਰੇਲੀਆ ਦੀ ਨਾਗਰਿਕਤਾ ਲੈਣੀ ਹੋਈ ਹੋਰ ਔਖੀ, ਸਰਕਾਰ ਨੇ ਸਖ਼ਤ ਕੀਤੇ ਕਾਨੂੰਨ

04/20/2017 5:06:08 PM

ਮੈਲਬੌਰਨ— ਆਸਟਰੇਲੀਆ ਦੇ ਨਾਗਰਿਕਤਾ ਕਾਨੂੰਨਾਂ ''ਚ ਵੱਡਾ ਬਦਲਾਅ ਕਰਦਿਆਂ ਦੇਸ਼ ਦੇ ਪ੍ਰਧਾਨ ਮੰਤਰੀ ਮੈਲਕਮ ਟਰਨਬੁੱਲ ਨੇ ਵੀਰਵਾਰ ਨੂੰ ਨਵੇਂ ਬਿਨੈਕਾਰਾਂ ਲਈ ਸਖ਼ਤ ਲੋੜਾਂ ਦਾ ਐਲਾਨ ਕੀਤਾ। ਇਸ ਤੋਂ ਪਹਿਲਾਂ ਵਿਦੇਸ਼ੀ ਕਾਮਿਆਂ ਲਈ ਆਸਟਰੇਲੀਆ ਨੇ 457 ਵੀਜ਼ਾ ਪ੍ਰੋਗਰਾਮ ਰੱਦ ਕੀਤਾ ਸੀ, ਜਿਸ ਦਾ ਸਭ ਤੋਂ ਵਧੇਰੇ ਅਸਰ ਭਾਰਤੀਆਂ ''ਤੇ ਪੈਣ ਵਾਲਾ ਹੈ। ਹੁਣ ਨਵੇਂ ਨਾਗਰਿਕਤਾ ਸੁਧਾਰਾਂ ਤਹਿਤ ਬਿਨੈਕਾਰ ਘੱਟੋ-ਘੱਟ ਚਾਰ ਸਾਲ ਦਾ ਸਥਾਈ ਨਿਵਾਸੀ ਹੋਣਾ ਚਾਹੀਦਾ ਹੈ ਅਤੇ ਉਹ ''ਆਸਟਰੇਲੀਆਈ ਮੁੱਲਾਂ'' ਨੂੰ ਅਪਣਾਉਣ ਨੂੰ ਲੈ ਕੇ ਵਚਨਬੱਧ ਹੋਣਾ ਚਾਹੀਦਾ ਹੈ। ਸਥਾਈ ਨਿਵਾਸੀ ਹੋਣ ਸੰਬੰਧੀ ਨਵੀਂ ਲੋੜ ਮੌਜੂਦਾ ਲੋੜ ਤੋਂ ਤਿੰਨ ਸਾਲ ਵਧੇਰੇ ਹੈ। 
ਇੰਨਾ ਹੀ ਨਹੀਂ ਸੰਭਾਵਿਤ ਨਾਗਰਿਕਾਂ ਨੂੰ ਅੰਗਰੇਜ਼ੀ ਭਾਸ਼ਾ ''ਚ ਪ੍ਰੀਖਿਆ ਪਾਸ ਕਰਨੀ ਪਵੇਗੀ, ਜਿਹੜੀ ਕਿ ਵਧੇਰੇ ਕਰਕੇ ਔਰਤਾਂ ਅਤੇ ਬੱਚਿਆਂ ਦੇ ਸਨਮਾਨ ''ਤੇ ਕੇਂਦਰਿਤ ਹੋਵੇਗੀ। ਇਨ੍ਹਾਂ ਤੋਂ ਇਲਾਵਾ ਇਸ ''ਚ ਬਾਲ ਵਿਆਹ, ਮਹਿਲਾ ਸੁੰਨਤ ਅਤੇ ਘਰੇਲੂ ਹਿੰਸਾ ਵਰਗੇ ਮਾਮਲੇ ਵੀ ਸ਼ਾਮਲ ਹੋਣਗੇ। ਨਾਗਰਿਕਤਾ ਪ੍ਰੀਖਿਆ ''ਚ ਕੋਈ ਬਿਨੈਕਾਰ ਵਧ ਤੋਂ ਵਧ ਤਿੰਨ ਵਾਰ ਫੇਲ ਹੋ ਸਕਦਾ ਹੈ, ਜਦਕਿ ਪਹਿਲਾਂ ਪ੍ਰੀਖਿਆ ਨੂੰ ਲੈ ਕੇ ਇਸ ਤਰ੍ਹਾਂ ਦੀ ਕੋਈ ਸੀਮਾ ਨਹੀਂ ਸੀ। ਇਨ੍ਹਾਂ ਤੋਂ ਇਲਾਵਾ ਨਾਗਰਿਕਤਾ ਪ੍ਰੀਖਿਆ ''ਚ ਨਕਲ ਜਾਂ ਫਿਰ ਕਿਸੇ ਤਰ੍ਹਾਂ ਦਾ ਹੋਰ ਘਪਲਾ ਕਰਨ ਵਾਲੇ ਬਿਨੈਕਾਰ ਆਪਣੇ-ਆਪ ਫੇਲ ਕਰ ਦਿੱਤੇ ਜਾਣਗੇ। ਟਰਨਬੁੱਲ ਨੇ ਇਨ੍ਹਾਂ ਬਦਲਾਵਾਂ ਦਾ ਜ਼ਿਕਰ ਕਰਦਿਆਂ ਜ਼ੋਰ ਦਿੱਤਾ ਕਿ ਆਸਟਰੇਲੀਆ ਦੀ ਨਾਗਿਰਕਤਾ ਇੱਕ ''ਮਾਣ ਵਾਲੀ ਗੱਲ'' ਹੈ, ਜਿਸ ਨੂੰ ਲੈ ਕੇ ਬਿਨੈਕਾਰਾਂ ਨੂੰ ਸ਼ੁਕਰਗੁਜ਼ਾਰ ਹੋਣਾ ਚਾਹੀਦਾ ਹੈ। 
ਸ਼੍ਰੀ ਟਰਨਬੁੱਲ ਨੇ ਕਿਹਾ ਕਿ ਨਾਗਰਿਕਤਾ ਸਿਰਫ਼ ਉਨ੍ਹਾਂ ਲੋਕਾਂ ਨੂੰ ਦਿੱਤੀ ਜਾਵੇਗੀ, ਜਿਹੜੇ ਆਸਟਰੇਲੀਆਈ ਕਦਰਾਂ-ਕੀਮਤਾਂ ਦਾ ਸਮਰਥਨ ਕਰਦੇ ਹਨ, ਦੇਸ਼ ਦੇ ਕਾਨੂੰਨਾਂ ਦਾ ਸਨਮਾਨ ਕਰਦੇ ਹਨ ਅਤੇ ਹੋਰ ਬਿਹਤਰ ਆਸਟਰੇਲੀਆ ਲਈ ਮਿਲ ਕੇ ਯੋਗਦਾਨ ਦੇਣ ਦੀ ਦਿਸ਼ਾ ''ਚ ਸਖ਼ਤ ਮਿਹਨਤ ਕਰਨਾ ਚਾਹੁੰਦੇ ਹਨ। ਉਨ੍ਹਾਂ ਕਿਹਾ, ''''ਨਾਗਰਿਕਤਾ ਸਾਡੀ ਰਾਸ਼ਟਰੀ ਪਛਾਣ ਦਾ ਕੇਂਦਰ ਹੈ। ਇਹ ਸਾਡੇ ਲੋਕਤੰਤਰ ਦਾ ਆਧਾਰ ਹੈ। ਸਾਨੂੰ ਇਹ ਨਿਸ਼ਚਿਤ ਕਰਨਾ ਚਾਹੀਦਾ ਹੈ ਕਿ ਸਾਡਾ ਨਾਗਰਿਕਤਾ ਪ੍ਰੋਗਰਾਮ ਸਾਡੇ ਰਾਸ਼ਟਰੀ ਹਿੱਤ ''ਚ ਕੰਮ ਕਰੇ।'''' ਆਸਟਰੇਲੀਆ ਦੇ ਪ੍ਰਧਾਨ ਮੰਤਰੀ ਨੇ ਇਹ ਵੀ ਕਿਹਾ ਕਿ ਆਰਥਿਕ ਭਾਗੀਦਾਰੀ, ਸਮਾਜਿਕ ਸਦਭਾਵਨਾ ਅਤੇ ਆਸਟਰੇਲੀਆਈ ਭਾਈਚਾਰੇ ''ਚ ਏਕੀਕਰਨ ਲਈ ਅੰਗਰੇਜ਼ੀ ਭਾਸ਼ਾ ''ਚ ਮੁਹਾਰਤ ਜ਼ਰੂਰੀ ਹੈ। ਉਨ੍ਹਾਂ ਕਿਹਾ, ''''ਅਜਿਹਾ ਵਤੀਰਾ, ਜਿਹੜਾ ਆਸਟਰੇਲੀਆਈ ਮੁੱਲਾਂ ਨਾਲ ਮੇਲ ਨਹੀਂ ਖਾਂਦਾ, ਉਸ ਨੂੰ ਇਸ ਪ੍ਰਕਿਰਿਆ ਦਾ ਹਿੱਸਾ ਮੰਨਿਆ ਜਾਵੇਗਾ। ਪਰਿਵਾਰਕ ਹਿੰਸਾ ਜਾਂ ਸੰਗਠਿਤ ਅਪਰਾਧ ''ਚ ਸ਼ਮੂਲੀਅਤ ਸਮੇਤ ਅਪਰਾਧਤ ਗਤੀਵਿਧੀਆਂ ਆਸਟਰੇਲੀਆਈ ਮੁੱਲਾਂ ਨਾਲ ਮੇਲ ਨਹੀਂ ਖਾਂਦੀਆਂ।'''' ਇਸ ਤੋਂ ਪਹਿਲਾਂ ਆਸਟਰੇਲੀਆ ਨੇ ਐਲਾਨ ਕੀਤਾ ਸੀ ਕਿ ਉਹ ਦੇਸ਼ ''ਚ ਵਧਦੀ ਬੇਰੁਜ਼ਗਾਰੀ ਨਾਲ ਨਜਿੱਠਣ ਲਈ 95000 ਤੋਂ ਵਧੇਰੇ ਵਿਦੇਸ਼ੀ ਕਾਮਿਆਂ ਵਲੋਂ ਵਰਤੇ ਜਾਣ ਵਾਲੇ ਪ੍ਰਸਿੱਧ 457 ਕੰਮ ਵੀਜ਼ੇ ਰੱਦ ਕਰੇਗਾ। ਇਨ੍ਹਾਂ ਵਿਦੇਸ਼ੀ ਕਾਮਿਆਂ ''ਚ ਵੱਡੀ ਗਿਣਤੀ ਭਾਰਤੀਆਂ ਦੀ ਹੈ। 

Related News