ਐਡਵੋਕੇਟ ਧਾਮੀ ਵੱਲੋਂ ਮੁਕੇਰੀਆਂ 'ਚ ਹੋਈ ਬੇਅਦਬੀ ਦੀ ਸਖ਼ਤ ਸ਼ਬਦਾਂ 'ਚ ਨਿੰਦਾ
Friday, Apr 19, 2024 - 03:56 PM (IST)
ਮੁਕੇਰੀਆਂ/ਅੰਮ੍ਰਿਤਸਰ (ਨਾਗਲਾ, ਝਾਵਰ, ਸਰਬਜੀਤ)- ਥਾਣਾ ਮੁਕੇਰੀਆਂ ਦੇ ਪਿੰਡ ਪੋਤਾ ਵਿਖੇ ਸਥਿਤ ਗੁਰਦੁਆਰਾ ਸਾਹਿਬ ਵਿਖੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 2 ਸਰੂਪਾਂ ਦੀ ਹੋਈ ਬੇਅਦਬੀ ਦੇ ਸਬੰਧ ਵਿਚ ਪੂਰੀ ਜਾਣਕਾਰੀ ਹਾਸਲ ਕਰਨ ਲਈ ਅੱਜ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਨੇ ਪਿੰਡ ਪੋਤਾ ਦੇ ਗੁਰੂ ਘਰ ਵਿਖੇ ਦੌਰਾ ਕੀਤਾ।
ਇਸ ਮੌਕੇ ਉਨ੍ਹਾਂ ਨਾਲ ਮੁਕੇਰੀਆਂ ਤੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਜਥੇਦਾਰ ਰਵਿੰਦਰ ਸਿੰਘ ਚੱਕ, ਸ਼੍ਰੋਮਣੀ ਅਕਾਲੀ ਦਲ ਦੇ ਹਲਕਾ ਇੰਚਾਰਜ ਸਰਬਜੋਤ ਸਿੰਘ ਸਾਬੀ, ਹਰਬੰਸ ਸਿੰਘ ਮੰਜਪੁਰ, ਬਿਕਰਮਜੀਤ ਸਿੰਘ ਅੱਲਾ ਬਖ਼ਸ਼ ਆਦਿ ਵਿਸ਼ੇਸ਼ ਰੂਪ ਵਿਚ ਮੌਜੂਦ ਸਨ। ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਪਿੰਡ ਵਾਸੀਆਂ ਦੀ ਹਾਜ਼ਰੀ ਵਿੱਚ ਪਾਠੀ ਹਰਬੰਸ ਲਾਲ ਅਤੇ ਪਹਿਲਾਂ ਸੇਵਾ ਨਿਭਾ ਰਹੇ ਸਾਬਕਾ ਪਾਠੀ ਜੋਗਿੰਦਰ ਪਾਲ ਸਿੰਘ ਪਾਸੋਂ ਬੇਅਦਬੀ ਦੀ ਘਟਨਾ ਸਬੰਧੀ ਪੂਰੀ ਗੰਭੀਰਤਾ ਦੇ ਨਾਲ ਜਾਣਕਾਰੀ ਹਾਸਲ ਕੀਤੀ। ਇਸ ਮੌਕੇ 'ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਆਪਣੇ ਸੰਬੋਧਨ ਦੌਰਾਨ ਪਿੰਡ ਨਿਵਾਸੀਆਂ ਨੂੰ ਬੇਨਤੀ ਕਰਦੇ ਹੋਏ ਕਿਹਾ ਕਿ ਸਾਨੂੰ ਇਕ ਦੂਜੇ ਦਾ ਸਹਿਯੋਗ ਕਰਨਾ ਚਾਹੀਦਾ ਹੈ ਤਾਂ ਜੋ ਅਸੀਂ ਅਸਲੀ ਦੋਸ਼ੀ ਨੂੰ ਲੱਭ ਸਕੀਏ। ਉਨ੍ਹਾਂ ਮੌਕੇ 'ਤੇ ਬੈਠੇ ਪੰਜਾਬ ਪੁਲਸ ਦੇ ਐੱਸ. ਪੀ. ਸਰਬਜੀਤ ਸਿੰਘ ਬਹੀਆ ਅਤੇ ਡੀ. ਐੱਸ. ਪੀ. ਵਿਪਨ ਕੁਮਾਰ ਨੂੰ ਦੋਸ਼ੀਆਂ ਦੀ ਭਾਲ ਕਰਨ ਲਈ 2 ਦਿਨ ਦਾ ਸਮਾਂ ਦਿੰਦੇ ਹੋਏ ਪੰਜਾਬ ਸਰਕਾਰ ਨੂੰ ਚਿਤਾਵਨੀ ਦਿੱਤੀ ਕਿ ਜੇਕਰ ਪੰਜਾਬ ਪੁਲਸ ਨੇ 21 ਅਪ੍ਰੈਲ ਤੱਕ ਅਸਲੀਅਤ ਨਾ ਲੱਭੀ ਤਾਂ ਫੇਰ ਅਸੀਂ ਪੰਥ ਖ਼ਾਲਸੇ ਦੇ ਫ਼ੈਸਲੇ ਅਨੁਸਾਰ ਬਹੀਰਾਂ ਕੱਤ ਕੇ ਇਨਸਾਫ਼ ਦੀ ਮੰਗ ਕਰਾਂਗੇ।
ਇਹ ਵੀ ਪੜ੍ਹੋ- ਪੰਜਾਬ 'ਚ ਕਤਲ ਦੀਆਂ ਵਾਰਦਾਤਾਂ ਨੂੰ ਅੰਜਾਮ ਦੇਣ ਦੀ ਫਿਰਾਕ 'ਚ ਬੈਠੇ 'ਬੰਬੀਹਾ ਗੈਂਗ' ਦੇ ਦੋ ਗੈਂਗਸਟਰ ਹਥਿਆਰਾਂ ਸਣੇ ਗ੍ਰਿਫ਼ਤਾਰ
ਉਨ੍ਹਾਂ ਇਸ ਮੰਦਭਾਗੀ ਘਟਨਾ ਨੂੰ ਬਹੁਤ ਵੱਡੀ ਸ਼ਰਾਰਤ ਦੱਸਦੇ ਹੋਏ ਸੰਗਤਾਂ ਨੂੰ ਅਵੇਸਲੇ ਨਾ ਹੋਣ ਲਈ ਪ੍ਰੇਰਿਆ। ਇਸ ਮੌਕੇ 'ਤੇ ਸਾਬਕਾ ਸਰਪੰਚ ਜਗਤਾਰ ਸਿੰਘ ਅਤੇ ਸੰਤ ਰਾਮ ਨੇ ਪਿੰਡ ਵੱਲੋਂ ਦੋਸ਼ੀਆਂ ਦੀ ਭਾਲ ਕਰਨ ਲਈ ਪੂਰਾ ਸਹਿਯੋਗ ਦੇਣ ਦਾ ਭਰੋਸਾ ਦਿੱਤਾ। ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਐਡਵੋਕੇਟ ਧਾਮੀ ਨੇ ਸਰਕਾਰ ਦੇ ਦੋਸ਼ ਲਾਉਂਦੇ ਹੋਏ ਕਿਹਾ ਕਿ ਜਦੋਂ ਦੀ ਇਹ ਸਰਕਾਰ ਬਣੀ ਹੈ ਉਦੋਂ ਦੀਆਂ ਬੇਅਦਬੀ ਦੀਆਂ ਘਟਨਾਵਾਂ ਦਿਨੋ-ਦਿਨ ਵੱਧਦੀਆਂ ਜਾ ਰਹੀਆਂ ਹਨ ਪਰ ਕਿਸੇ ਵੀ ਘਟਨਾ ਦਾ ਇਨਸਾਫ਼ ਨਹੀਂ ਮਿਲਿਆ। ਉਨ੍ਹਾਂ ਕਿਹਾ ਕਿ ਇੰਨੀ ਵੱਡੀ ਇਸ ਮੰਦਭਾਗੀ ਘਟਨਾ ਦਾ ਜਾਇਜ਼ਾ ਲੈਣ ਲਈ ਨਾ ਹੀ ਮੁੱਖ ਮੰਤਰੀ ਪੰਜਾਬ ਅਤੇ ਨਾ ਹੀ ਸਰਕਾਰ ਦਾ ਹੋਰ ਕੋਈ ਮੰਤਰੀ ਇਸ ਪਿੰਡ ਵਿਖੇ ਪੁੱਜਾ ਅਤੇ ਨਾ ਹੀ ਕੋਈ ਕੁਝ ਵੀ ਬੋਲਣ ਲਈ ਤਿਆਰ ਹੋਇਆ।
ਇਹ ਵੀ ਪੜ੍ਹੋ- ਗਲੀਆਂ 'ਚ ਮੰਗਣ ਵਾਲੇ ਦੀ ਸ਼ਰਮਨਾਕ ਕਰਤੂਤ, 3 ਮਹੀਨਿਆਂ ਤੱਕ 13 ਸਾਲਾ ਬੱਚੀ ਨਾਲ ਕਰਦਾ ਰਿਹਾ ਜਬਰ-ਜ਼ਿਨਾਹ
ਇਥੇ ਇਹ ਵਰਨਣਯੋਗ ਹੈ ਕਿ ਇਸ ਗੁਰੂ ਘਰ ਗੁਰੂ ਰਵਿਦਾਸ ਸਭਾ ਗੁਰਦੁਆਰਾ ਵਿਖੇ ਨਾ ਹੀ ਕੋਈ ਪੱਕਾ ਗ੍ਰੰਥੀ, ਨਾ ਹੀ ਸੀ. ਸੀ. ਟੀ .ਵੀ. ਕੈਮਰੇ ਅਤੇ ਨਾ ਹੀ ਗੁਰੂ ਘਰ ਨੂੰ ਕੋਈ ਜ਼ਿੰਦਰਾ ਲਗਾਇਆ ਜਾਂਦਾ ਸੀ। ਜਿਸ ਦਾ ਲਾਭ ਕਿਸੇ ਸ਼ਰਾਰਤੀ ਅਨਸਰ ਨੇ ਲੈਂਦੇ ਹੋਏ ਇਸ ਮੰਦਭਾਗੀ ਘਟਨਾ ਨੂੰ ਅੰਜਾਮ ਦਿੱਤਾ। ਜਿਸ ਦੀ ਜਿੰਨੀ ਨਿੰਦਾ ਕੀਤੀ ਜਾਵੇ ਘੱਟ ਹੈ। ਇਸ ਮੌਕੇ 'ਤੇ ਜਥੇਦਾਰ ਹਰਬੰਸ ਸਿੰਘ ਮੰਜਪੁਰ, ਭਾਈ ਅਮਰੀਕ ਸਿੰਘ, ਤਜਿੰਦਰ ਪਾਲ ਸਿੰਘ, ਸ਼ਾਮ ਸਿੰਘ ਸ਼ਾਮਾਂ, ਇੰਦਰਜੀਤ ਸਿੰਘ ਚੱਕ, ਭੁਪਿੰਦਰ ਸਿੰਘ ਟੋਨੀ, ਦਵਿੰਦਰ ਸਿੰਘ ਚੱਕ, ਸੁਰਿੰਦਰ ਸਿੰਘ ਚੱਕ, ਗੁਰਜਿੰਦਰ ਸਿੰਘ ਚੱਕ ,ਜਗਤਾਰ ਸਿੰਘ ਪੋਤਾ, ਸੰਤ ਰਾਮ, ਲਖਬੀਰ ਸਿੰਘ ਲੱਖੀ, ਭਜਨ ਸਿੰਘ ਮਹਿੰਦੀਪੁਰ, ਦਵਿੰਦਰ ਸਿੰਘ ਬਿੱਟੂ ਆਦੀ ਵਿਸ਼ੇਸ਼ ਰੂਪ ਚ ਮੌਜੂਦ ਸੀ।
ਇਹ ਵੀ ਪੜ੍ਹੋ- ਮਾਸੂਮ 'ਦਿਲਰੋਜ਼' ਦੇ ਕਤਲ ਮਾਮਲੇ ਨੂੰ ਲੈ ਕੇ ਵੱਡੀ ਖ਼ਬਰ, ਅਦਾਲਤ ਨੇ ਦੋਸ਼ੀ ਔਰਤ ਨੂੰ ਸੁਣਾਈ ਫਾਂਸੀ ਦੀ ਸਜ਼ਾ
ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8