ਚੰਗੀ ਨੀਂਦ ''ਚ ਛੁਪਿਆ ਖੂਬਸੂਰਤੀ ਦਾ ਰਾਜ਼

08/14/2017 6:21:52 PM

ਜਲੰਧਰ—ਦੁਨੀਆ 'ਚ ਕੀ ਕੋਈ ਅਜਿਹਾ ਇਨਸਾਨ ਵੀ ਹੋਵੇਗਾ ਜਿਹੜਾ ਆਪਣੇ ਆਪ ਨੂੰ ਸੋਹਣਾ ਜਾਂ ਖੂਬਸੂਰਤ ਨਹੀਂ ਦਿਖਣਾ ਚਾਉਂਦਾ। ਖੂਬਸੂਰਤੀ ਹਰ ਕਿਸੇ ਨੂੰ ਖਿੱਚਦੀ ਹੈ। ਦੁਨੀਆ ਦਾ ਹਰ ਇਨਸਾਨ ਭਾਵੇਂ ਮਰਦ ਹੋਵੇ ਜਾਂ ਔਰਤ, ਆਪਣੇ ਆਪ ਵਿੱਚ ਵਧੀਆ ਵਿਖਾਈ ਦੇਣ ਲਈ ਕਈ ਤਰ੍ਹਾਂ ਨੁਸਖੇ ਵੀ ਅਪਣਾਉਂਦਾ ਹੈ। ਵਿਗਿਆਨੀਆਂ ਮੁਤਾਬਕ ਖੂਬਸੂਰਤੀ ਦਾ ਰਾਜ਼ ਸਿਰਫ ਨੀਂਦ ਨਾਲ ਜੁੜਿਆ ਹੈ। ਜੇ ਤੁਸੀਂ ਪੂਰੀ ਨੀਂਦ ਲੈਂਦੇ ਹੋ ਤਾਂ ਤੁਹਾਡੇ ਚਿਹਰੇ ਦੀ ਖੂਬਸੂਰਤੀ ਆਪਣੇ ਆਪ ਚਮਕੇਗੀ।
ਜੋ ਲੋਕ ਨੀਂਦ ਪੂਰੀ ਨਹੀਂ ਲੈ ਸਕਦੇ ਜਾਂ ਕਿਸੇ ਕਾਰਨ ਘੱਟ ਸੌਂਦੇ ਹਨ, ਉਹ ਦੂਜਿਆਂ ਦੇ ਮੁਕਾਬਲੇ ਘੱਟ ਆਕਰਸ਼ਿਤ ਕਰਦੇ ਹਨ। ਲੋਕਾਂ ਦੇ ਸੌਣ ਦੇ ਤਰੀਕਿਆਂ ਦੇ ਅਧਿਐਨ ਤੋਂ ਪਤਾ ਲੱਗਦਾ ਹੈ ਕਿ ਇੱਕ-ਦੋ ਰਾਤਾਂ ਦੀ ਖਰਾਬ ਨੀਂਦ ਕਿਸੇ ਵੀ ਇਨਸਾਨ ਦੀ ਖੂਬਸੂਰਤੀ ਨੂੰ ਵਿਗਾੜ ਸਕਦੀ ਹੈ। ਘੱਟ ਨੀਂਦ ਕਾਰਨ ਅੱਖਾਂ ਹੇਠ ਕਾਲੇ ਘੇਰੇ ਵੀ ਪੈ ਜਾਂਦੇ ਹਨ।
ਵਿਗਿਆਨੀਆਂ ਮੁਤਾਬਕਾਂ ਨੀਂਦ ਪੂਰੀ ਨਾ ਹੋਣ ਕਾਰਨ ਲੋਕ ਦੂਜਿਆਂ ਨਾਲ ਘੁਲਣ-ਮਿਲਣ ਤੋਂ ਵੀ ਕਤਰਾਉਂਦੇ ਹਨ। ਸਰਵੇ ਕਰਨ ਵਾਲਿਆਂ ਨੇ ਇਸ ਲਈ ਇੱਕ ਯੂਨੀਵਰਸਿਟੀ ਦੇ 25 ਵਿਦਿਆਰਥੀਆਂ (ਮੁੰਡੇ-ਕੁੜੀਆਂ) ਨੂੰ ਚੁਣ ਕੇ ਸਰਵੇ ਕੀਤਾ। ਇਨ੍ਹਾਂ 25 ਵਿਦਿਆਰਥੀਆਂ ਨੂੰ ਦੋ ਦਿਨ ਪੂਰੀ ਨੀਂਦ, ਦੋ ਦਿਨ ਸਿਰਫ 4 ਘੰਟੇ ਦੀ ਨੀਂਦ ਲੈਣ ਦਿੱਤੀ ਗਈ।
ਇਨ੍ਹਾਂ ਦੋਵਾਂ ਹਾਲਤਾਂ ਵਿੱਚ ਵਿਦਿਆਰਥੀਆਂ ਦੀਆਂ ਤਸਵੀਰਾਂ ਵੀ ਲਈਆਂ ਗਈਆਂ। ਫਿਰ ਇਨ੍ਹਾਂ ਤਸਵੀਰਾਂ ਨੂੰ 122 ਅਜਨਬੀ ਲੋਕਾਂ ਨੂੰ ਵਿਖਾ ਕੇ ਰਾਏ ਮੰਗੀ ਗਈ ਤੇ ਆਕਰਸ਼ਿਤ, ਸਿਹਤਮੰਦ, ਨੀਂਦ ਤੇ ਭਰੋਸਾ ਕਰਨ ਦੀ ਰੇਟਿੰਗ ਦੇਣ ਲਈ ਕਿਹਾ ਗਿਆ। ਇਸੇ ਰੇਟਿੰਗ ਦੇ ਆਧਾਰ 'ਤੇ ਸਿੱਧ ਹੋਇਆ ਕਿ ਚੰਗੀ ਤੇ ਲੋੜੀਂਦੀ ਨੀਂਦ ਇਨਸਾਨ ਦੀ ਖੂਬਸੂਰਤੀ ਦਾ ਰਾਜ਼ ਹੈ।


Related News