ਹੁਣ ਰਾਜਧਾਨੀ, ਸ਼ਤਾਬਦੀ ਬਣੇਗੀ ''ਲਗਜ਼ਰੀ'', ਮਿਲੇਗਾ ਇਹ ਸੁਵਿਧਾ

06/27/2017 11:37:25 AM

ਨਵੀਂ ਦਿੱਲੀ— ਰਾਜਧਾਨੀ ਅਤੇ ਸ਼ਤਾਬਦੀ ਟਰੇਨਾਂ 'ਚ ਜਲਦ ਹੀ ਤੁਹਾਨੂੰ ਹਵਾਈ ਸਫਰ ਦਾ ਮਜ਼ਾ ਮਿਲੇਗਾ। ਇਨ੍ਹਾਂ ਟਰੇਨਾਂ 'ਚ ਵੜ੍ਹਦੇ ਸਮੇਂ ਹੀ ਵਰਦੀ 'ਚ ਖੜ੍ਹਾ ਸਟਾਫ ਤੁਹਾਡਾ ਪੂਰੇ ਸਲੀਕੇ ਨਾਲ ਸਵਾਗਤ ਕਰੇਗਾ। ਯਾਤਰਾ ਦੌਰਾਨ ਤੁਹਾਡੇ ਲਈ ਮਨੋਰੰਜਨ ਦੇ ਪ੍ਰਬੰਧ ਰਹਿਣਗੇ ਅਤੇ ਖਾਣ-ਪੀਣ ਦੀਆਂ ਸਹੂਲਤਾਂ ਪੂਰੀ ਤਰ੍ਹਾਂ ਬਦਲ ਜਾਣਗੀਆਂ। ਯਾਤਰੀ ਸਫਰ ਦੌਰਾਨ ਫਿਲਮਾਂ, ਸੀਰੀਅਲ ਅਤੇ ਗਾਣੇ ਆਦਿ ਸੁਣ ਅਤੇ ਦੇਖ ਸਕਣਗੇ। ਇੰਨਾ ਹੀ ਨਹੀਂ ਇੱਥੋਂ ਤਕ ਕਿ ਰੇਲਵੇ ਪੁਲਸ ਬਲ ਦਾ ਇਕ ਵੱਡਾ ਦਸਤਾ ਵੀ ਚੌਕਸ ਨਜ਼ਰ ਆਵੇਗਾ। 
ਦਰਅਸਲ, ਰੇਲਵੇ ਨੇ 'ਸਵਰਣ ਪ੍ਰਾਜੈਕਟ' ਤਹਿਤ ਤਿੰਨ ਮਹੀਨਿਆਂ ਦਾ ਇਕ ਪ੍ਰੋਗਰਾਮ ਲਾਂਚ ਕੀਤਾ ਹੈ। ਇਸ ਤਹਿਤ ਰਾਜਧਾਨੀ ਅਤੇ ਸ਼ਤਾਬਦੀ ਟਰੇਨਾਂ ਦੇ ਅੰਦਰੂਨੀ ਹਿੱਸਿਆਂ ਨੂੰ ਚਮਕਾਇਆ ਜਾਵੇਗਾ। ਇਨ੍ਹਾਂ ਦੇ ਡੱਬਿਆਂ 'ਚ ਸਫਾਈ ਦੇ ਪਹਿਲਾਂ ਨਾਲੋਂ ਜ਼ਿਆਦਾ ਵਧੀਆ ਪ੍ਰਬੰਧ ਹੋਣਗੇ। ਅਕਤੂਬਰ ਤਕ ਰਾਜਧਾਨੀ ਅਤੇ ਸ਼ਤਾਬਦੀ ਟਰੇਨਾਂ 'ਚ ਇਹ ਕੰਮ ਪੂਰਾ ਹੋ ਜਾਵੇਗਾ। ਸਵਰਣ ਪ੍ਰਾਜੈਕਟ ਤਹਿਤ 15 ਰਾਜਧਾਨੀ ਅਤੇ 15 ਸ਼ਤਾਬਦੀ ਟਰੇਨਾਂ ਦਾ ਰੰਗ-ਰੂਪ ਨਿਖਾਰਿਆ ਜਾਵੇਗਾ। ਇਸ 'ਤੇ ਤਕਰੀਬਨ 25 ਕਰੋੜ ਰੁਪਏ ਖਰਚ ਹੋਣਗੇ। 
ਦੇਖ ਸਕੋਗੇ ਫਿਲਮਾਂ ਅਤੇ ਸੀਰੀਅਲ
ਇਸ ਪ੍ਰਾਜੈਕਟ ਤਹਿਤ ਨਵੀਂ ਦਿੱਲੀ-ਚੰਡੀਗੜ੍ਹ, ਹਾਵੜਾ-ਪੁਰੀ, ਹਾਵੜਾ-ਰਾਂਚੀ, ਆਨੰਦ ਵਿਹਾਰ-ਕਾਠਗੋਡਾਮ ਆਦਿ ਲਈ 15 ਸ਼ਤਾਬਦੀ ਟਰੇਨਾਂ ਅਤੇ ਕੁਝ ਹੋਰ ਮਾਰਗਾਂ 'ਤੇ 15 ਰਾਜਧਾਨੀ ਐਕਸਪ੍ਰੈਸ ਟਰੇਨਾਂ ਨੂੰ ਸਵਾਰਿਆ ਜਾਵੇਗਾ। ਯਾਨੀ ਸ਼ੁਰੂਆਤ 'ਚ ਕੁੱਲ 30 ਟਰੇਨਾਂ ਦੀ ਹਾਲਤ ਨੂੰ ਸੁਧਾਰਿਆ ਜਾਵੇਗਾ। ਉੱਥੇ ਹੀ, ਮੁਸਾਫਰਾਂ ਨੂੰ ਮਨਪਸੰਦ ਫਿਲਮਾਂ, ਗਾਣੇ ਅਤੇ ਸੀਰੀਅਲ ਦਾ ਮਜ਼ਾ ਲੈਣ ਦੀ ਸੁਵਿਧਾ ਵੀ ਮਿਲੇਗੀ। ਅਜਿਹੇ 'ਚ ਯਾਤਰੀਆਂ ਨੂੰ ਲਗਜ਼ਰੀ ਵਰਗੀਆਂ ਸਹੂਲਤਾਂ ਦਾ ਆਨੰਦ ਮਿਲੇਗਾ ਅਤੇ ਸਫਰ ਅਰਾਮ ਨਾਲ ਗੁਜ਼ਰ ਜਾਵੇਗਾ। ਇਸ ਤੋਂ ਇਲਾਵਾ ਇਹ ਵੀ ਪੱਕਾ ਕੀਤਾ ਜਾਵੇਗਾ ਕਿ ਇਹ ਪ੍ਰੀਮੀਅਮ ਟਰੇਨਾਂ ਸਮੇਂ 'ਤੇ ਚੱਲਣ।


Related News