ਆਨਲਾਈਨ ਸਿੱਖਿਆ ਦੌਰਾਨ ਅਧਿਆਪਕਾਂ ਤੋਂ ਕਿਤੇ ਜ਼ਿਆਦਾ ਅਹਿਮ ਮਾਪਿਆਂ ਦੀ ਭੂਮਿਕਾ  !

6/30/2020 12:28:36 PM

ਬਿੰਦਰ ਸਿੰਘ ਖੁੱਡੀ ਕਲਾਂ

ਮੁਲਕ 'ਚ ਮਾਰਚ ਮਹੀਨੇ ਲਾਗੂ ਹੋਈਆਂ ਤਾਲਾਬੰਦੀ ਦੀਆਂ ਪਾਬੰਦੀਆਂ ਨੇ ਤਮਾਮ ਵਿਭਾਗਾਂ ਅਤੇ ਸੰਸਥਾਵਾਂ ਦੇ ਨਾਲ-ਨਾਲ ਸਿੱਖਿਆ ਖੇਤਰ ਨੂੰ ਵੀ ਪ੍ਰਭਾਵਿਤ ਕੀਤਾ ਹੈ। ਤਾਲਾਬੰਦੀ ਦੀਆਂ ਪਾਬੰਦੀਆਂ ਦੇ ਚੱਲਦਿਆਂ ਸਕੂਲਾਂ ਵੱਲੋਂ ਨਵੇਂ ਦਾਖਲੇ ਕਰਨ ਅਤੇ ਪਹਿਲੀ ਅਪ੍ਰੈਲ ਤੋਂ ਨਵਾਂ ਸ਼ੈਸਨ ਸ਼ੁਰੂ ਕਰਨ ਦਾ ਅਮਲ ਵੀ ਸ਼ੁਰੂ ਨਾ ਕੀਤਾ ਜਾ ਸਕਿਆ। ਸਕੂਲਾਂ ਖਾਸ ਕਰਕੇ ਸਰਕਾਰੀ ਸਕੂਲਾਂ ਸਾਹਮਣੇ ਨਵੇਂ ਸ਼ੈਸਨ ਦੀ ਸ਼ੁਰੂਆਤ ਚੁਣੌਤੀ ਤੋਂ ਘੱਟ ਨਹੀਂ ਸੀ ਪਰ ਜਿਵੇਂ ਕਿਹਾ ਜਾਂਦਾ ਹੈ ਲੋੜ ਕਾਢ ਦੀ ਮਾਂ ਹੁੰਦੀ ਹੈ। ਅਧਿਆਪਕਾਂ ਨੇ ਸੋਸ਼ਲ ਮੀਡੀਆ ਸਾਧਨਾਂ ਨੂੰ ਅਧਿਆਪਨ ਦਾ ਅਜਿਹਾ ਸਾਧਨ ਬਣਾਇਆ ਕਿ ਪੜ੍ਹਾਈ ਨਾਲੋਂ ਟੁੱਟਦੇ ਜਾ ਰਹੇ ਵਿਦਿਆਰਥੀ ਮੁੜ ਤੋਂ ਆਪਣੇ ਆਪ ਨੂੰ ਪੜ੍ਹਾਈ ਨਾਲ ਜੁੜਿਆ ਮਹਿਸੂਸ ਕਰਨ ਲੱਗੇ।

ਆਨਲਾਈਨ ਸਿੱਖਿਆ ਸਕੂਲੀ ਵਿਦਿਆਰਥੀਆਂ ਲਈ ਮੂਲੋਂ ਨਵਾਂ ਤਜ਼ਰਬਾ ਹੈ। ਸੋਸ਼ਲ ਮੀਡੀਆ ਦੇ ਵੱਖ-ਵੱਖ ਸਾਧਨਾਂ ਅਤੇ ਟੈਲੀਵਿਜਨ ਦਾ ਪੜ੍ਹਾਈ ਦੇ ਤੌਰ 'ਤੇ ਇਸਤੇਮਾਲ ਬਹੁਗਿਣਤੀ ਵਿਦਿਆਰਥੀਆਂ ਨੇ ਪਹਿਲੀ ਵਾਰ ਵੇਖਿਆ ਹੋਣਾ ਹੈ। ਆਨਲਾਈਨ ਸਿੱਖਿਆ ਦਾ ਸਕੂਲੀ ਸਿੱਖਿਆ ਨਾਲੋਂ ਬਹੁਤ ਜ਼ਿਆਦਾ ਅੰਤਰ ਹੁੰਦਾ ਹੈ। ਆਨਲਾਈਨ ਸਿੱਖਿਆ ਦੌਰਾਨ ਅਧਿਆਪਕ ਅਤੇ ਵਿਦਿਆਰਥੀਆਂ ਵਿਚਕਾਰ ਜਮਾਤ ਕਮਰੇ ਵਰਗਾ ਸਿੱਧਾ ਸੰਬੰਧ ਨਹੀਂ ਬਣਦਾ। ਅਧਿਆਪਕ ਵਿਦਿਆਰਥੀਆਂ ਵੱਲ ਨਿੱਜੀ ਤੌਰ 'ਤੇ ਧਿਆਨ ਦੇਣ ਦੇ ਸਮਰੱਥ ਨਹੀਂ ਰਹਿੰਦਾ।ਅਧਿਆਪਕ ਵਿਦਿਆਰਥੀਆਂ ਦੀ ਪ੍ਰਤੀਕ੍ਰਿਆ ਜਾਣਨ ਦੇ ਵੀ ਸਮਰੱਥ ਨਹੀਂ ਰਹਿੰਦਾ। ਪੜ੍ਹਾਇਆ ਪਾਠ ਕਿਸ ਵਿਦਿਆਰਥੀ ਨੂੰ ਕਿੰਨ੍ਹਾ ਸਮਝ ਆਇਆ ਅਧਿਆਪਕ ਲਈ ਇਹ ਜਾਣਨਾ ਵੀ ਮੁਸ਼ਕਲ ਹੋ ਜਾਂਦਾ ਹੈ। ਆਨਲਾਈਨ ਸਿੱਖਿਆ ਵਿਦਿਆਰਥੀਆਂ ਦੀ ਵਧੇਰੇ ਸੁਹਰਿਦਤਾ ਅਤੇ ਲਗਨ ਦੀ ਮੰਗ ਕਰਦੀ ਹੈ।

ਵਿਭਾਗ ਅਤੇ ਸਕੂਲ਼ਾਂ ਵੱਲੋਂ ਆਨਲਾਈਨ ਸਿੱਖਿਆ ਦਾ ਮਾਰਿਆ ਜਾ ਰਿਹਾ ਹੰਭਲਾ ਵਿਦਿਆਰਥੀਆਂ ਲਈ ਕਿਵੇਂ ਲਾਭਦਾਇਕ ਹੋਵੇ?ਸਮੇਂ ਦਾ ਵੱਡਾ ਸਵਾਲ ਹੈ। ਵਿਦਿਆਰਥੀਆਂ ਦੀ ਲਗਨ ਤੋਂ ਬਿਨਾਂ ਆਨਲਾਈਨ ਸਿੱਖਿਆ ਦੇ ਵਿਭਾਗੀ ਉਪਰਾਲੇ ਦੀ ਸਫਲ਼ਤਾ ਦੀ ਕਲਪਨਾ ਵੀ ਨਹੀਂ ਕੀਤੀ ਜਾ ਸਕਦੀ। ਆਨਲਾਈਨ ਸਿੱਖਿਆ ਦੌਰਾਨ ਮਾਪਿਆਂ ਦੀ ਭੂਮਿਕਾ ਅਧਿਆਪਕਾਂ ਤੋਂ ਕਿਤੇ ਜ਼ਿਆਦਾ ਅਹਿਮ ਹੋ ਜਾਂਦੀ ਹੈ। ਆਨਲਾਈਨ ਸਿੱਖਿਆ ਦੌਰਾਨ ਮਾਪਿਆਂ ਨੂੰ ਅਧਿਆਪਕ ਦੇ ਬਹੁਤ ਸਾਰੇ ਕਾਰਜਾਂ ਦੀ ਭੂਮਿਕਾ ਨਿਭਾਉਣੀ ਪੈਂਦੀ ਹੈ।

ਵਿਭਾਗ ਵੱਲੋਂ ਟੈਲੀਵਿਜਨ ਤੋਂ ਲਗਾਈਆਂ ਜਾ ਰਹੀਆਂ ਆਨਲਾਈਨ ਜਮਾਤਾਂ ਲਈ ਵੀ ਸਕੂਲੀ ਜਮਾਤਾਂ ਵਾਂਗ ਹੀ ਸਮਾਂ ਸਾਰਣੀ ਜਾਰੀ ਕੀਤੀ ਗਈ ਹੈ। ਹਰ ਜਮਾਤ ਦੀਆਂ ਲੱਗਣੀਆਂ ਵਾਲੀਆਂ ਜਮਾਤਾਂ ਦੇ ਸਮੇਂ ਅਤੇ ਵਿਸ਼ੇ ਬਾਰੇ ਅਗਾਊਂ ਸਮਾਂ ਸਾਰਣੀ ਬਣਾਈ ਗਈ ਹੈ। ਇਹ ਜਾਣਕਾਰੀ ਰੋਜ਼ਾਨਾ ਵੀ ਵਿਦਿਆਰਥੀਆਂ ਤੱਕ ਪਹੁੰਚਦੀ ਕੀਤੀ ਜਾ ਰਹੀ ਹੈ। ਹਰ ਵਿਦਿਆਰਥੀ ਨੂੰ ਆਪਣੀ ਜਮਾਤ ਦੀ ਆਨਲਾਈਨ ਜਮਾਤ ਦੇ ਸਮੇਂ ਅਤੇ ਵਿਸ਼ੇ ਬਾਰੇ ਜਾਣਕਾਰੀ ਹੋਣੀ ਬਹੁਤ ਹੀ ਜਰੂਰੀ ਹੈ।

ਆਨਲਾਈਨ ਸਿੱਖਿਆ ਵੀ ਸਕੂਲੀ ਸਿੱਖਿਆ ਵਾਂਗ ਹੀ ਸਮੇਂ ਦੀ ਪਾਬੰਦੀ ਦੀ ਮੰਗ ਕਰਦੀ ਹੈ। ਆਨਲਾਈਨ ਜਮਾਤ 'ਚ ਵੀ ਵਿਦਿਆਰਥੀਆਂ ਦਾ ਦਾਖਲ਼ਾ ਸਕੂਲੀ ਜਮਾਤ ਵਾਂਗ ਸਮੇਂ ਸਿਰ ਹੋਣਾ ਬਹੁਤ ਜਰੂਰੀ ਹੈ। ਕੂਲੀ ਜਮਾਤ ਦੌਰਾਨ ਅਧਿਆਪਕ ਵਿਦਿਆਰਥੀਆਂ ਨੂੰ ਜਮਾਤ ਦੇ ਸਮੇਂ ਦਾ ਪਾਬੰਦ ਬਣਾਉਣ ਲਈ ਸਿੱਧੇ ਸੰਪਰਕ ਵਿੱਚ ਹੁੰਦਾ ਹੈ ਪਰ ਆਨਲਾਈਨ ਸਿੱਖਿਆ ਦੌਰਾਨ ਵਿਦਿਆਰਥੀਆਂ ਨੂੰ ਸਵੈ ਅਨੁਸ਼ਾਸਨ ਦਾ ਪ੍ਰਮਾਣ ਦੇ ਕੇ ਖੁਦ ਸਮੇਂ ਸਿਰ ਆਨਲਾਈਨ ਜਮਾਤ 'ਚ ਹਾਜ਼ਰ ਹੋਣ ਦੀ ਆਦਤ ਪੱਕੀ ਕਰਨੀ ਹੋਵੇਗੀ। ਆਨਲਾਈਨ ਸਿੱਖਿਆ ਦਾ ਪੂਰਾ ਲਾਹਾ ਪ੍ਰਾਪਤ ਕਰਨ ਲਈ ਵਿਦਿਆਰਥੀਆਂ ਨੂੰ ਚਾਹੀਦਾ ਹੈ ਕਿ ਆਨਲਾਈਨ ਪ੍ਰਸਾਰਿਤ ਹੋਣ ਵਾਲੇ ਪਾਠ ਨੂੰ ਪਹਿਲਾਂ ਇੱਕ ਵਾਰ ਜਰੂਰ ਪੜ੍ਹਨ ਅਤੇ ਸਮਝ ਨਾ ਪੈਣ ਵਾਲੇ ਸੰਕਲਪਾਂ ਨੂੰ ਕਾਪੀ 'ਤੇ ਨੋਟ ਕਰ ਲਿਆ ਜਾਵੇ ਤਾਂ ਕਿ ਆਨਲਾਈਨ ਜਮਾਤ ਦੌਰਾਨ ਉਹਨਾਂ ਨੂੰ ਅਧਿਆਪਕ ਦੀ ਸਾਰੀ ਗੱਲ ਸਮਝ ਆਉਂਦੀ ਰਹੇ।

ਘਰ 'ਚ ਲੱਗਣ ਵਾਲੀ ਆਨਲਾਈਨ ਜਮਾਤ 'ਚ ਸਕੂਲ ਜਮਾਤ ਜਿਹੇ ਅਨੁਸ਼ਾਸਨ ਦੀ ਘਾਟ ਦਾ ਰਹਿਣਾ ਸੁਭਾਵਿਕ ਹੈ ਪਰ ਹਕੀਕਤ ਇਹ ਵੀ ਹੈ ਕਿ ਬਿਨਾਂ ਅਨੁਸ਼ਾਸਨ ਦੇ ਪੜ੍ਹਾਈ ਨਹੀਂ ਹੋ ਸਕਦੀ।ਸਕੂਲ ਜਮਾਤ 'ਚ ਅਨੁਸ਼ਾਸਨ ਕਾਇਮ ਰੱਖਣ 'ਚ ਅਧਿਆਪਕ ਦੀ ਭੂਮਿਕਾ ਅਹਿਮ ਹੁੰਦੀ ਹੈ। ਅਨੁਸ਼ਾਸਨ ਨਾਲ ਹੀ ਇਕਾਗਰਤਾ ਬਣਦੀ ਹੈ। ਸੋ ਘਰ 'ਚ ਆਨਲਾਈਨ ਜਮਾਤ ਦੌਰਾਨ ਅਨੁਸ਼ਾਸਨ ਅਤੇ ਇਕਾਗਰਤਾ ਬਣਾਈ ਰੱਖਣ ਲਈ ਵਿਦਿਆਰਥੀਆਂ ਨੂੰ ਸਵੈ ਅਨੁਸ਼ਾਸ਼ਿਤ ਹੋਣਾ ਪਵੇਗਾ। ਵੇਖਣ ਵਿੱਚ ਆਇਆ ਹੈ ਕਿ ਕਈ ਬੱਚੇ ਆਨਲਾਈਨ ਜਮਾਤ ਦੌਰਾਨ ਟੈਲੀਵੀਜਨ ਵੇਖਣ ਵਾਂਗ ਵਿਵਹਾਰ ਕਰਦੇ ਹਨ ਜਦਕਿ ਆਨਲਾਈਨ ਜਮਾਤ ਦੌਰਾਨ ਬਕਾਇਦਾ ਪੜ੍ਹਾਈ ਵਾਲਾ ਮਾਹੌਲ ਪੈਦਾ ਹੋਣਾ ਚਾਹੀਦਾ ਹੈ। ਬਹੁਗਿਣਤੀ ਬੱਚੇ ਬੈਠ ਕੇ ਸਿਰਫ ਟੈਲੀਵੀਜਨ ਵੇਖਦੇ ਰਹਿੰਦੇ ਹਨ। ਜਦ ਅਧਿਆਪਕ ਪੜ੍ਹਾ ਹਟਦਾ ਹੈ ਤਾਂ ਉਨ੍ਹਾਂ ਨੂੰ ਕੁੱਝ ਯਾਦ ਨਹੀਂ ਰਹਿੰਦਾ। ਵਿਦਿਆਰਥੀਆਂ ਨੂੰ ਚਾਹੀਦਾ ਹੈ ਕਿ ਆਨਲਾਈਨ ਜਮਾਤ ਦੌਰਾਨ ਵੀ ਬਕਾਇਦਾ ਪੈੱਨ ਅਤੇ ਕਾਪੀ ਕੋਲ ਰੱਖਕੇ ਨੋਟ ਕਰਨ ਦੀ ਕੋਸ਼ਿਸ਼ ਕੀਤੀ ਜਾਵੇ।

ਆਨਲਾਈਨ ਜਮਾਤ ਦਾ ਪੂਰਾ ਲਾਹਾ ਲੈਣ ਲਈ ਵਿਦਿਆਰਥੀਆਂ ਦਾ ਫਰਜ਼ ਬਣਦਾ ਹੈ ਕਿ ਆਨਲਾਈਨ ਜਮਾਤ ਦੀ ਸਮਾਪਤੀ ਉਪਰੰਤ ਪੁਸਤਕ ਤੋਂ ਖੂਦ ਜਰੂਰ ਪੜ੍ਹਿਆ ਜਾਵੇ। ਆਨਲਾਈਨ ਜਮਾਤ ਦੌਰਾਨ ਪੜ੍ਹਾਏ ਗਏ ਪਾਠ ਦੇ ਪੁਸਤਕ ਅਭਿਆਸ ਲਾਜ਼ਮੀ ਤੌਰ 'ਤੇ ਹੱਲ ਕਰਨ ਦੀ ਕੋਸ਼ਿਸ਼ ਕੀਤੀ ਜਾਵੇ। ਅਭਿਆਸ ਹੱਲ ਕਰਨ ਨਾਲ ਹੀ ਤੁਹਾਨੂੰ ਪਤਾ ਲੱਗ ਸਕੇਗਾ ਕਿ ਆਨਲਾਈਨ ਜਮਾਤ ਦੌਰਾਨ ਪੜ੍ਹਾਏ ਪਾਠ ਦੀ ਤੁਹਾਨੂੰ ਕਿੰਨ੍ਹੀ ਕੁ ਸਮਝ ਲੱਗੀ ਹੈ? ਪੜ੍ਹਾਈ 'ਚ ਸਫਲਤਾ ਲਈ ਆਪਣੇ ਆਪ 'ਚ ਵਿਦਿਆਰਥੀਪਨ ਦਾ ਅਹਿਸਾਸ ਜਗਾ ਕੇ ਰੱਖਣਾ ਬਹੁਤ ਹੀ ਜਰੂਰੀ ਹੈ।ਇਸ ਅਹਿਸਾਸ ਲਈ ਸਕੂਲ ਮੁੱਖ ਭੂਮਿਕਾ ਨਿਭਾਉਂਦਾ ਹੈ ਪਰ ਹੁਣ ਸਕੂਲਾਂ ਦੀ ਤਾਲਾਬੰਦੀ ਦੌਰਾਨ ਆਨਲਾਈਨ ਜਮਾਤਾਂ ਸਮੇਂ ਵੀ ਇਸ ਅਹਿਸਾਸ ਦਾ ਹੋਣਾ ਬਹੁਤ ਜਰੂਰੀ ਹੈ।ਬੱਚਿਆਂ ਦਾ ਫਰਜ਼ ਬਣਦਾ ਹੈ ਕਿ ਆਨਲਾਈਨ ਜਮਾਤਾਂ ਦੌਰਾਨ ਪੜ੍ਹਾਏ ਜਾ ਰਹੇ ਟਾਪਿਕਾਂ ਨੂੰ ਸਕੂਲ ਜਾਮਤਾਂ ਵਾਂਗ ਹੀ ਨਾਲੋਂ ਨਾਲ ਕਾਪੀਆਂ 'ਤੇ ਜਰੂਰ ਕੀਤਾ ਜਾਵੇ।

ਸਕੂਲ ਜਮਾਤਾਂ ਦੌਰਾਨ ਅਧਿਆਪਕ ਵਿਦਿਆਰਥੀਆਂ ਵੱਲੋਂ ਗ੍ਰਹਿਣ ਕੀਤੀ ਸਮਝ ਦੀ ਪਰਖ ਲਈ ਸਮੇਂ-ਸਮੇਂ 'ਤੇ ਛੋਟੇ-ਛੋਟੇ ਟੈਸਟਾਂ ਦਾ ਆਯੋਜਨ ਕਰਦੇ ਰਹਿੰਦੇ ਹਨ। ਅਧਿਆਪਕਾਂ ਦੀ ਇਹ ਕੋਸ਼ਿਸ਼ ਆਨਲਾਈਨ ਜਮਾਤਾਂ ਦੌਰਾਨ ਵੀ ਜਾਰੀ ਹੈ। ਅਧਿਆਪਕਾਂ ਵੱਲੋਂ ਗੂਗਲ ਸ਼ੀਟ ਦੀ ਮਦਦ ਨਾਲ ਆਨਲਾਈਨ ਟੈਸਟ ਵਿਦਿਆਰਥੀਆਂ ਲਈ ਭੇਜੇ ਜਾ ਰਹੇ ਹਨ ਪਰ ਵੇਖਣ ਵਿੱਚ ਆਇਆ ਹੈ ਕਿ ਵਿਦਿਆਰਥੀ ਇਨ੍ਹਾਂ ਟੈਸਟਾਂ ਨੂੰ ਬਹੁਤੀ ਤਰਜ਼ੀਹ ਨਹੀਂ ਦਿੰਦੇ। ਇੱਥੇ ਵੀ ਵਿਦਿਆਰਥੀਆਂ ਦੀ ਜ਼ਿੰਮੇਵਾਰੀ ਬਹੁਤ ਵਧ ਜਾਂਦੀ ਹੈ। ਵਿਦਿਆਰਥੀਆਂ ਦਾ ਫਰਜ਼ ਬਣਦਾ ਹੈ ਕਿ ਅਧਿਆਪਕਾਂ ਵੱਲੋਂ ਭੇਜੇ ਜਾ ਰਹੇ ਵਿਸ਼ਾਵਾਰ ਟੈਸਟਾਂ 'ਚ ਜਰੂਰ ਭਾਗ ਲੈਣ ਅਤੇ ਪ੍ਰਾਪਤ ਅੰਕਾਂ ਦੀ ਰਿਪੋਰਟ ਆਪਣੇ ਸੰਬੰਧਿਤ ਅਧਿਆਪਕ ਨੂੰ ਲਾਜ਼ਮੀ ਤੌਰ 'ਤੇ ਕੀਤੀ ਜਾਵੇ। ਸਕੂਲਾਂ ਦੀ ਤਾਲਾਬੰਦੀ ਦੌਰਾਨ ਅਧਿਆਪਕਾਂ ਅਤੇ ਵਿਦਿਆਰਥੀਆਂ ਦਾ ਆਪਸੀ ਸਿੱਧਾ ਸੰਬੰਧ ਸੰਭਵ ਨਹੀਂ ਹੈ।

ਇਸੇ ਲਈ ਆਨਲਾਈਨ ਜਮਾਤਾਂ ਦੀ ਵਿਵਸਥਾ ਕਾਇਮ ਕੀਤੀ ਗਈ ਹੈ।ਪਰ ਇਹ ਹਕੀਕਤ ਹੈ ਕਿ ਆਨਲਾਈਨ ਜਮਾਤ ਸਕੂਲ ਜਮਾਤ ਦਾ ਸਥਾਨ ਨਹੀਂ ਲੈ ਸਕਦੀ।ਇੱਕ ਵਿਦਿਆਰਥੀ ਨੂੰ ਆਪਣੇ ਅਧਿਆਪਕ ਦੀ ਜਰੂਰਤ ਹਮੇਸ਼ਾ ਰਹਿੰਦੀ ਹੈ। ਆਨਲਾਈਨ ਜਮਾਤ ਦੀ ਸਫਲ਼ਤਾ ਲਈ ਵੀ ਅਧਿਆਪਕ ਅਤੇ ਵਿਦਿਆਰਥੀ ਦਾ ਆਨਲਾਈਨ ਸੰਪਰਕ ਬੇਹੱਦ ਜਰੂਰੀ ਹੈ। ਜਿੱਥੇ ਵਿਦਿਆਰਥੀ ਇਸ ਸੰਪਰਕ ਨਾਲ ਆਨਲਾਈਨ ਜਮਾਤ ਦੌਰਾਨ ਰਹਿ ਗਏ ਤੌਖਲਿਆਂ ਨੂੰ ਅਧਿਆਪਕ ਕੋਲੋ ਦੂਰ ਕਰ ਸਕਦੇ ਹਨ ਉੱਥੇ ਅਧਿਆਪਕ ਵਿਦਿਆਰਥੀਆਂ ਨੂੰ ਆਨਲਾਈਨ ਜਮਾਤਾਂ ਲਗਾਉਣ ਦੀ ਤਕਨੀਕ ਤੋਂ ਵੀ ਜਾਣੂ ਕਰਵਾਉਂਦਾ ਰਹਿੰਦਾ ਹੈ।ਅਧਿਆਪਕ ਦੇ ਆਨਲਾਈਨ ਮਾਰਗ ਦਰਸ਼ਨ ਹੇਠ ਆਨਲਾਈਨ ਜਮਾਤਾਂ ਲਗਾਉਣ ਵਾਲੇ ਵਿਦਿਆਰਥੀ ਲਾਜ਼ਮੀ ਤੌਰ 'ਤੇ ਬਿਹਤਰ ਪ੍ਰਾਪਤੀਆਂ ਕਰਦਿਆਂ ਸਕੂਲਾਂ ਦੀ ਤਾਲਾਬੰਦੀ ਬਦੌਲਤ ਹੋਣ ਵਾਲੇ ਪੜ੍ਹਾਈ ਦੇ ਨੁਕਸਾਨ ਤੋਂ ਬਚ ਜਾਣਗੇ।

ਵਿਦਿਆਰਥੀਆਂ ਦੀ ਪੜ੍ਹਾਈ ਦੇ ਹੋਣ ਵਾਲੇ ਨੁਕਸਾਨ ਨੂੰ ਰੋਕਣ ਲਈ ਵਿਭਾਗ ਦਾ ਉਪਰਾਲਾ ਤਾਂ ਹੀ ਸਾਰਥਿਕ ਹੋ ਸਕਦਾ ਹੈ ਜੇਕਰ ਵਿਦਿਆਰਥੀ ਇਨ੍ਹਾਂ ਜਮਾਤਾਂ ਨੂੰ ਸੁਹਿਰਦਤਾ ਨਾਲ ਲਗਾਉਣਗੇ। ਸਕੂਲ ਸਮੇਂ ਵਾਂਗ ਹੀ ਰੋਜ਼ਾਨਾ ਬੈਗ, ਪੁਸਤਕਾਂ ਅਤੇ ਕਾਪੀਆਂ ਦੀ ਸਾਂਭ ਸੰਭਾਲ ਕਰਨੀ ਜਰੂਰੀ ਹੈ। ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

rajwinder kaur

Content Editor rajwinder kaur