ਨੈਲਸਨ ਮੰਡੇਲਾ ਦੀ ਜੀਵਨੀ (ਕਿਸ਼ਤ-11)

05/31/2020 12:54:03 PM

ਲੇਖਕ – ਗੁਰਤੇਜ ਸਿੰਘ ਕੱਟੂ
98155 94197

9 ਜਨਵਰੀ 1957 ਨੂੰ ਅਦਾਲਤ ਵਿਚ ਪੇਸ਼ੀ ਪਈ। ਇਨ੍ਹਾਂ ਸਾਰੇ ਨੇਤਾਵਾਂ ਤੇ ਇਨ੍ਹਾਂ ਦੇ ਵਕੀਲ ਨੇ ਇਹ ਫ਼ੈਸਲਾ ਕੀਤਾ ਕਿ ਇਹ ਹੁਣ ਸਾਬਤ ਕਰ ਦੇਣਗੇ ਕਿ ਅਫ਼ਰੀਕਨ ਨੈਸ਼ਨਲ ਕਾਂਗਰਸ ਦੇ ਫਰੀਡਮ ਚਾਰਟਰ ਦੀਆਂ ਮੰਗਾਂ ਜਾਇਜ਼ ਹਨ। ਇਸ ਪ੍ਰਤੀ ਸਰਕਾਰ ਨੂੰ ਧਿਆਨ ਦੇਣਾ ਚਾਹੀਦਾ ਹੈ।

ਇਸ ਇਕ ਮਹੀਨੇ ਦੇ ਸਮੇਂ ਵਿਚ ਸਰਕਾਰ ਨੇ ਇਨ੍ਹਾਂ ਖ਼ਿਲਾਫ਼ ਬਹੁਤ ਜ਼ਿਆਦਾ ਸਬੂਤ ਇਕੱਠੇ ਕੀਤੇ ਤਾਂ ਕਿ ਉਹ ਇਨ੍ਹਾਂ ਨੂੰ ਦੇਸ਼ ਧ੍ਰੋਹੀ ਸਾਬਤ ਕਰ ਸਕੇ। ਸਰਕਾਰ ਨੇ ਕੁਲ 12000 ਦਸਤਾਵੇਜ਼ ਇਕੱਠੇ ਕੀਤੇ, ਜਿਨ੍ਹਾਂ ਵਿਚ ਸੰਯੁਕਤ ਰਾਸ਼ਟਰ ਸੰਘ ਦੇ ਮਨੁੱਖੀ ਅਧਿਕਾਰ ਘੋਸ਼ਣਾ ਤੋਂ ਲੈ ਕੇ ਰੂਸੀ ਕਹਾਣੀਆਂ ਦੀ ਇਕ ਕਿਤਾਬ ਤੱਕ ਨੂੰ ਸ਼ਾਮਲ ਕੀਤਾ।

ਹਾਸੋਹੀਣੀ ਗੱਲ ਤਾਂ ਇਹ ਸੀ ਕਿ ਕੁਝ ਸਮਾਂ ਪਹਿਲਾਂ ਹੋਈ ਇਕ ਰੈਲੀ ਦੌਰਾਨ ਭੋਜਨ ਵਾਲੇ ਮੇਜ਼ਾਂ ਉੱਪਰ ਸ਼ਾਕਾਹਾਰੀ ਅਤੇ ਮਾਸਾਹਾਰੀ ਭੋਜਨ ਦਰਸਾਉਣ ਵਾਲੇ ਦੋ ਸਾਈਨ ਬੋਰਡ ਵੀ ਸਰਕਾਰ ਨੇ ਸਬੂਤ ਵਜੋਂ ਪੇਸ਼ ਕੀਤੇ। ਪਤਾ ਨੀ ਇਨ੍ਹਾਂ ਸਾਈਨ ਬੋਰਡਾਂ ਨਾਲ ਸਰਕਾਰ ਕੀ ਸਿੱਧ ਕਰਨਾ ਚਾਹੁੰਦੀ ਸੀ।

ਸਰਕਾਰ ਦੀਆਂ ਰਿਪੋਰਟਾਂ ਵਿਚ ਅਕਸਰ ਹੀ ਝੂਠੀਆਂ ਗੱਲਾਂ ਹੁੰਦੀਆਂ। ਸਰਕਾਰ ਨੇ ਇਨ੍ਹਾਂ ’ਤੇ ਇਕ ਖ਼ਾਸ ਇਲਜ਼ਾਮ ਇਹ ਲਾਇਆ ਕਿ ਇਹ ਸਭ ਸਰਕਾਰ ਦਾ ਤਖ਼ਤਾ ਪਲਟ ਕੇ ਸੋਵੀਅਤ ਯੂਨੀਅਨ ਵਰਗੀ ਸਰਕਾਰ ਸਥਾਪਿਤ ਕਰਨਾ ਚਾਹੁੰਦੇ ਸਨ।

ਇਸ ਦੇ ਸਬੂਤ ਵਜੋਂ ਸਰਕਾਰ ਨੇ ਯੂਨੀਵਰਸਿਟੀ ਆਫ ਕੇਪਆਊਨ ਦੇ ਇਕ ਪ੍ਰੋ. ਐਂਡਰਿਊ ਮੱਰੇ ਦਾ ਹਲਫ਼ਨਾਮਾ ਅਦਾਲਤ ’ਚ ਪੇਸ਼ ਕੀਤਾ, ਜਿਸ ਵਿਚ ‘ਫਰੀਡਮ ਚਾਰਟਰ’ ਨੂੰ ਕਮਿਊਨਿਸਟ ਵਿਚਾਰਧਾਰਾ ਵਰਗਾ ਦੱਸਿਆ।

ਵਕੀਲ ਬੀਰੈਂਜ ਬਹੁਤ ਹੀ ਸੰਵੇਦਨਸ਼ੀਲ ਤੇ ਹੁਸ਼ਿਆਰ ਵਿਅਕਤੀ ਸੀ। ਉਸਨੇ ਥੋੜੇ ਸਮੇਂ ’ਚ ਹੀ ਪ੍ਰੋ. ਮੱਰੇ ਨੂੰ ਆਪਣੀ ਗੱਲਬਾਤ ਰਾਹੀਂ ਝੂਠਾ ਪਾ ਦਿੱਤਾ।
ਬੀਰੈਂਜ ਨੇ ਮੱਰੇ ਨੂੰ ਅਦਾਲਤ ਵਿਚ ਇਸ ਦਸਤਾਵੇਜ਼ ਵਿਚੋਂ ਪੈਰੇ ਪੜ੍ਹਨ ਲਈ ਕਿਹਾ ਤਾਂ ਕਿ ਉਹ ਦੱਸੇ ਕਿ ਉਹ ਇਹ ਕਮਿਊਨਿਸਟ ਵਿਚਾਰਧਾਰਾ ਵਾਲੇ ਹਨ ਜਾਂ ਨਹੀਂ।

ਬੀਰੈਂਜ ਨੇ ਇਕ ਪੈਰਾ ਪੜ੍ਹਿਆ, ਜਿਸ ਵਿਚ ਕਾਮਿਆਂ ਨੂੰ ਸਾਧਾਰਨ ਅਪੀਲ ਕੀਤੀ ਗਈ ਸੀ ਕਿ ਉਹ ਇਕ ਦੂਸਰੇ ਨਾਲ ਸਹਿਯੋਗ ਕਰਨ ਅਤੇ ਇਕ ਦੂਸਰੇ ਦਾ ਸ਼ੋਸ਼ਣ ਨਾ ਕਰਨ।

ਪ੍ਰੋ. ਮੱਰੇ ਨੇ ਕਿਹਾ ਕਿ ਇਹ ਕਮਿਊਨਿਸਟ ਵਿਚਾਰਧਾਰਾ ਦਾ ਸਿਧਾਂਤ ਹੈ ਪਰ ਬੀਰੈਂਜ ਨੇ ਅਦਾਲਤ ਨੂੰ ਦੱਸਿਆ ਕਿ ਇਹ ਕਥਨ ਏ.ਐੱਨ.ਸੀ. ਦੇ ਕਿਸੇ ਦਸਤਾਵੇਜ਼ ਵਿਚੋਂ ਨਹੀਂ, ਸਗੋਂ ਦੱਖਣੀ ਅਫ਼ਰੀਕਾ ਦੇ ਪ੍ਰਧਾਨ ਮੰਤਰੀ ਮਾਲਾਨ ਦਾ ਹੀ ਵਿਚਾਰ ਸੀ।

ਇਸ ਤਰ੍ਹਾਂ ਬੀਰੈਂਜ ਨੇ ਅਦਾਲਤ ਸਾਹਮਣੇ ਦੋ ਹੋਰ ਅਜਿਹੇ ਦਸਤਾਵੇਜ਼ ਪੜ੍ਹੇ, ਜਿਨ੍ਹਾਂ ਨੂੰ ਪ੍ਰੋ. ਮੱਰੇ ਨੇ ਕਮਿਊਨਿਸਟ ਵਿਚਾਰਧਾਰਾ ਵਾਲੇ ਐਲਾਨਿਆ ਸੀ ਪਰ ਬੀਰੈਂਜ ਨੇ ਦੱਸਿਆ ਕਿ ਇਹ ਵਿਚਾਰ ਤਾਂ ਰਾਸ਼ਟਰਪਤੀ ਇਬਰਾਹਿਮ ਲਿੰਕਨ ਅਤੇ ਵੰਡਰੋ ਵਿਲਸਨ ਦੇ ਸਨ।

ਸੋ ਇਸ ਤਰ੍ਹਾਂ ਸਰਕਾਰ ਝੂਠੇ ਗਵਾਹਾਂ ਰਾਹੀਂ ਉਨ੍ਹਾਂ ਨੂੰ ਫਸਾਉਣ ਦੀ ਪੂਰੀ ਕੋਸ਼ਿਸ਼ ਕਰ ਰਹੀ ਸੀ ਪਰ ਕਾਮਯਾਬ ਨਾ ਹੋਈ।

ਕਮਾਲ ਤਾਂ ਉਦੋਂ ਹੋਇਆ ਜਦੋਂ ਬੀਰੈਂਜ ਨੇ ਇਕ ਹੋਰ ਪੈਰ੍ਹਾ ਪੜ੍ਹਿਆ ਅਤੇ ਮੱਰੇ ਨੇ ਜਵਾਬ ਦਿੱਤਾ ਕਿ ਇਹ ਕਮਿਊਨਿਸਟ ਵਿਚਾਰ ਹੈ। ਇਸ ਤੇ ਬੀਰੈਂਜ ਨੇ ਦੱਸਿਆ ਕਿ ਇਹ ਕਥਨ ਅਸਲ ’ਚ ਪ੍ਰੋ. ਮੱਰੇ ਦਾ ਖ਼ੁਦ ਦਾ ਆਪਣਾ ਹੀ ਸੀ, ਜੋ ਉਸਨੇ 1936 ਵਿਚ ਲਿਖਿਆ ਸੀ।

ਇਸ ਤਰ੍ਹਾਂ ਸਰਕਾਰ ਦੀ ਝੂਠੀਆਂ ਗਵਾਹੀਆਂ ਦਾ ਬੀਰੈਂਜ ਨੇ ਸੁਚੱਜੇ ਢੰਗ ਨਾਲ ਸਾਹਮਣਾ ਕੀਤਾ।ਮੁਕੱਦਮੇ ਦੇ ਸੱਤਵੇਂ ਮਹੀਨੇ ਸਰਕਾਰ ਨੇ ਅਦਾਲਤ ਵਿਚ ਇਕ ਅਜਿਹਾ ਸਬੂਤ ਪੇਸ਼ ਕਰਨ ਦੀ ਬੇਨਤੀ ਕੀਤੀ, ਜਿਸ ਤੋਂ ਉਨ੍ਹਾਂ ਅਨੁਸਾਰ, ਇਹ ਸਿੱਧ ਹੁੰਦਾ ਸੀ, ਕਿ ਅਵੱਗਿਆ ਅੰਦੋਲਨ ਦੌਰਾਨ ਹੋਈਆਂ ਹਿੰਸਕ ਕਾਰਵਾਈਆਂ ਯੋਜਨਾਬੱਧ ਤਰੀਕੇ ਨਾਲ ਕੀਤੀਆਂ ਗਈਆਂ ਸਨ।

ਸਭ ਤੋਂ ਪਹਿਲਾਂ ਸਰਕਾਰੀ ਗਵਾਹ ਦੇ ਰੂਪ ’ਚ ਉਨ੍ਹਾਂ ਨੇ ਸੋਲੋਮਨ ਨਗੁਬੇਸ ਨੂੰ ਪੇਸ਼ ਕੀਤਾ।

ਉਸਨੇ ਅਦਾਲਤ ਨੂੰ ਦੱਸਿਆ ਕਿ ਉਹ ਏ.ਐੱਨ.ਸੀ. ਦੀ ਪੋਰਟ ਐਲੀਜ਼ਾਬੈੱਥ ਸ਼ਾਖਾ ਦਾ ਜਨਰਲ ਸਕੱਤਰ ਅਤੇ ਰਾਸ਼ਟਰੀ ਕਾਰਜਕਾਰਨੀ ਦਾ ਮੈਂਬਰ ਰਿਹਾ ਸੀ। ਉਸਨੇ ਕਿਹਾ ਕਿ ਉਹ ਉਸ ਰਾਸ਼ਟਰੀ ਕਾਰਜਕਾਰਨੀ ਦੀ ਮੀਟਿੰਗ ’ਚ ਮੌਜੂਦ ਸੀ, ਜਿਸ ਵਿਚ ਵਾਲਟਰ ਸਿਸੁਲੂ ਅਤੇ ਡੇਵਿਡ ਬੋਪਾਟੇ ਨੂੰ ਸੋਵੀਅਤ ਰੂਸ ਭੇਜ ਕੇ ਹਥਿਆਰ ਹਾਸਿਲ ਕਰਨ ਦਾ ਫ਼ੈਸਲਾ ਲਿਆ ਗਿਆ ਸੀ ਤਾਂ ਕਿ ਹਥਿਆਰਾਂ ਨਾਲ ਦੱਖਣੀ ਅਫ਼ਰੀਕਾ ਵਿਚ ਹਥਿਆਰਬੰਦ ਕ੍ਰਾਂਤੀ ਕੀਤੀ ਜਾ ਸਕੇ।

ਉਸਨੇ ਇਹ ਵੀ ਦਾਅਵਾ ਕੀਤਾ ਕਿ ਏ.ਐਨ.ਸੀ. ਦੇ ਇਕ ਹੋਰ ਫ਼ੈਸਲੇ ਦਾ ਵੀ ਗਵਾਹ ਸੀ, ਜਿਸ ਅਨੁਸਾਰ ਕੀਨੀਆਂ ਵਿਚ ਹੋਏ ‘ਮਾਊ ਮਾਊ ਕਤਲੇਆਮ’ ਵਾਂਗ ਹੀ ਟਰਾਂਸਕੇਈ ’ਚ ਗੋਰੇ ਲੋਕਾਂ ਨੂੰ ਕਤਲ ਕਰ ਦੇਣ ਦਾ ਫ਼ੈਸਲਾ ਕੀਤਾ ਗਿਆ ਸੀ।

ਨਗੁਬੇਸ ਦੀ ਇਸ ਨਾਟਕੀ ਗਵਾਹੀ ਨੇ ਅਦਾਲਤ ਅੰਦਰ ਤੇ ਬਾਹਰ ਹੰਗਾਮਾ ਮਚਾ ਦਿੱਤਾ। ਸਰਕਾਰ ਹਰ ਉਹ ਕੋਸ਼ਿਸ਼ ਕਰ ਰਹੀ ਸੀ ਜਿਸ ਸਦਕਾ ਉਹ ਇਨ੍ਹਾਂ ਨੂੰ ਦੋਸ਼ੀ ਠਹਿਰਾ ਸਕਣ ਵਿਚ ਕਾਮਯਾਬ ਹੋ ਜਾਵੇ।

ਪਰ ਨਗੁਬੇਸ, ਬੀਰੈਂਜ ਦੇ ਸਵਾਲ ਤੋਂ ਨਹੀਂ ਬਚ ਸਕਿਆ। ਬੀਰੈਂਜ (ਵਕੀਲ) ਨੇ ਇਹ ਸਾਬਤ ਕਰ ਦਿੱਤਾ ਸੀ ਕਿ ਨਗੁਬੇਸ ਦਾ ਯੂਨੀਵਰਸਿਟੀ ਸਰਟੀਫਿਕੇਟ ਜਾਅਲੀ ਸੀ ਅਤੇ ਨਾ ਹੀ ਉਹ ਕਦੇ ਏ.ਐੱਨ.ਸੀ. ਦਾ ਮੈਂਬਰ ਹੀ ਰਿਹਾ ਸੀ। ਨਗੁਬੇਸ ਦੀ ਸਾਰੀ ਗਵਾਹੀ ਸ਼ਰੇਆਮ ਝੂਠੀ ਸੀ।

ਬੀਰੈਂਜ ਨੇ ਨਗੁਬੇਸ ਨੂੰ ਅੰਤ ਤੇ ਪੁੱਛਿਆ, “ਕੀ ਤੁਸੀਂ ਜਾਣਦੇ ਹੋ ਕਿ ਬਦਮਾਸ਼ ਕਿਸ ਨੂੰ ਕਿਹਾ ਜਾਂਦਾ ਹੈ?”

ਨਗੁਬੇਸ ਨੇ ਨਾਂਹ ਵਿਚ ਜਵਾਬ ਦਿੱਤਾ। ਬੀਰੈਂਜ ਬੋਲਿਆ, “ਸ੍ਰੀਮਾਨ ਜੀ, ਤੁਸੀਂ ਇਕ ਬਦਮਾਸ਼ ਹੀ ਹੋ।”

ਅਖ਼ੀਰ 11 ਦਸੰਬਰ 1957 ’ਚ ਸਰਕਾਰੀ ਵਕੀਲ ਨੇ ਕਿਹਾ ਕਿ ਸਰਕਾਰੀ ਪੱਖ ਦੀ ਕਾਰਵਾਈ ਹੁਣ ਪੂਰੀ ਹੋ ਚੁੱਕੀ ਹੈ। ਸੋ ਅਦਾਲਤ ਨੇ 61 ਦੋਸ਼ੀਆਂ ਦੇ ਖ਼ਿਲਾਫ਼ ਦੋਸ਼ ਸਿੱਧ ਨਾ ਹੋਣ ਤੇ ਉਨ੍ਹਾਂ ਨੂੰ ਬਰੀ ਕਰ ਦਿੱਤਾ। ਬੀਰੈਂਜ ਨੇ ਅਦਾਲਤ ਨੂੰ ਬਾਕੀ ਬਚੇ ਕੈਦੀ ਨੇਤਾਵਾਂ ਨੂੰ ਛੱਡਣ ਲਈ ਵੀ ਅਦਾਲਤ ਨੂੰ ਦਰਖ਼ਾਸਤ ਕੀਤੀ।

ਹੁਣ ਨੈਲਸਨ ਦੀ ਜ਼ਿੰਦਗੀ ਵਿਚ ‘ਨੌਮਜ਼ਾਮੋ ਵਿੰਨੀਫਰੈਡ ਮਾਦੀਕੀਜ਼ੇਲਾ’ ਆਈ। ਨੈਲਸਨ ਉਸਨੂੰ ਵਿੰਨੀ ਹੀ ਕਹਿੰਦਾ। 14 ਜੂਨ 1958 ਨੂੰ ਨੈਲਸਨ ਨੇ ਉਸ ਨਾਲ ਵਿਆਹ ਕਰਵਾ ਲਿਆ।

ਉਸਦੇ ਨਾਮ ‘ਨੌਮਜ਼ਾਮੋ’ ਦਾ ਭਾਵ ਸੀ ‘ਮਿਹਨਤ ਕਰਨ ਵਾਲੀ’ ਜਾਂ ‘ਜ਼ਿੰਦਗੀ ਦੇ ਇਮਤਿਹਾਨ ਦੇਣ ਵਾਲੀ’। ਨੈਲਸਨ ਉਸਦੇ ਨਾਮ ਬਾਰੇ ਲਿਖਦਾ ਹੈ:

“ਸਾਡੀ ਆਉਣ ਵਾਲੀ ਜ਼ਿੰਦਗੀ ਨੇ ਮੇਰੇ ਨਾਮ ਵਾਂਗ ਹੀ ਉਸ ਦੇ ਨਾਮ ਦਾ ਵੀ ਅਰਥ ਸਾਰਥਕ ਕਰ ਦਿੱਤਾ ਸੀ।”

ਸੱਚ ਮੁੱਚ ਹੀ ਨੈਲਸਨ ਵਾਂਗ ਵਿੰਨੀ ’ਚ ਵੀ ਦੇਸ਼ ਭਗਤੀ ਦੀ ਭਾਵਨਾ ਕੁੱਟ-ਕੁੱਟ ਕੇ ਭਰੀ ਹੋਈ ਸੀ। ਉਹ ਬਹੁਤ ਹੀ ਨਿਡਰ, ਸੋਹਣੀ, ਸੰਵੇਦਨਸ਼ੀਲ ਤੇ ਸਵੈ-ਵਿਸ਼ਵਾਸ ਵਾਲੀ ਔਰਤ ਸੀ।

ਨੈਲਸਨ ਲਿਖਦਾ ਹੈ ਕਿ:

“ਇਕ ਤਰ੍ਹਾਂ ਦੇਖਿਆ ਜਾਵੇ ਤਾਂ ਆਜ਼ਾਦੀ ਘੁਲਾਟੀਆਂ ਦੀਆਂ ਪਤਨੀਆਂ ਦਾ ਜੀਵਨ ਵਿਧਵਾਵਾਂ ਵਰਗਾ ਹੀ ਹੁੰਦਾ ਹੈ, ਚਾਹੇ ਉਹ ਜ਼ੇਲ੍ਹ ਵਿਚ ਹੋਵੇ ਜਾਂ ਬਾਹਰ। ਮੇਰੇ ’ਤੇ ਦੇਸ਼ ਧ੍ਰੋਹ ਦਾ ਮੁਕੱਦਮਾ ਚੱਲ ਰਿਹਾ ਸੀ ਪਰ ਵਿੰਨੀ ਮੇਰੇ ਜੀਵਨ ਵਿਚ ਇਕ ਨਵੀਂ ਆਸ ਬਣਕੇ ਆਈ ਸੀ। ਮੈਨੂੰ ਇਉਂ ਮਹਿਸੂਸ ਹੁੰਦਾ ਜਿਵੇਂ ਮੈਨੂੰ ਨਵਾਂ ਜੀਵਨ ਮਿਲਿਆ ਹੋਵੇ। ਉਸ ਪ੍ਰਤੀ ਮੇਰਾ ਪਿਆਰ ਅਗਾਂਹ ਆਉਣ ਵਾਲੇ ਸੰਘਰਸ਼ ਦੇ ਜੀਵਨ ਲਈ ਨਵੀਂ ਸ਼ਕਤੀ ਦਾ ਸ੍ਰੋਤ ਬਣ ਗਿਆ ਸੀ।”

ਜਿਵੇਂ ਕਿ ਪਹਿਲਾਂ ਹੀ ਗੱਲ ਕੀਤੀ ਗਈ ਹੈ ਕਿ ਨੈਲਸਨ ਵਾਂਗ ਵਿੰਨੀ ਅੰਦਰ ਵੀ ਦੇਸ਼ ਭਗਤੀ ਦੀ ਭਾਵਨਾ ਭਰੀ ਹੋਈ ਸੀ। ਦੱਖਣੀ ਅਫ਼ਰੀਕਾ ਵਿਚ ਸਰਕਾਰ ਨੇ ਜੋ ਪਾਸ ਰੱਖਣ ਦਾ ਨਿਯਮ ਬਣਾਇਆ ਸੀ, ਔਰਤਾਂ ਨਾਲ ਕਾਫ਼ੀ ਧੱਕੇਸ਼ਾਹੀ ਵੱਧਦੀ ਜਾ ਰਹੀ ਸੀ। ਇਸ ਲਈ ਔਰਤਾਂ ਨੇ ਇਕ-ਜੁੱਟ ਹੋ ਕੇ ਸਰਕਾਰ ਦੇ ਇਸ ਕਾਨੂੰਨ ਦਾ ਵਿਰੋਧ ਕਰਨਾ ਸ਼ੁਰੂ ਕਰ ਦਿੱਤਾ।

ਹਜ਼ਾਰਾਂ ਦੀ ਗਿਣਤੀ ਵਿਚ ਔਰਤਾਂ ਨੇ ਜੋਹਾਨਸਬਰਗ ਸ਼ਹਿਰ ਵਿਚ ਕੇਂਦਰੀ ਪਾਸ ਦਫ਼ਤਰ ਦੇ ਸਾਹਮਣੇ ਰੋਸ-ਪ੍ਰਦਰਸ਼ਨ ਕੀਤਾ। ਬਹੁਤ ਸਾਰੀਆਂ ਗ੍ਰਿਫਤਾਰੀਆਂ ਹੋਈਆਂ।

ਇਸ ਰੋਸ-ਮੁਜ਼ਾਹਰੇ ਕਈ ਦਿਨ ਚੱਲਣਾ ਸੀ। ਅਗਲੇ ਦਿਨ ਵਿੰਨੀ ਨੇ ਵੀ ਇਸ ਵਿਚ ਸ਼ਾਮਲ ਹੋਣ ਦਾ ਫ਼ੈਸਲਾ ਕੀਤਾ।

ਨੈਲਸਨ ਵਿੰਨੀ ਦਾ ਇਹ ਫ਼ੈਸਲਾ ਸੁਣ ਕੇ ਹਿੱਲ ਜਿਹਾ ਗਿਆ ਸੀ। ਨੈਲਸਨ ਲਿਖਦਾ ਹੈ ਕਿ, “ਪਤਨੀ ਅਤੇ ਨੇਤਾ ਦੇ ਦ੍ਰਿਸ਼ਟੀਕੋਣ ’ਚ ਬਹੁਤ ਫ਼ਰਕ ਹੁੰਦਾ ਹੈ।” ਇਕ ਪਾਸੇ ਉਹ ਖ਼ੁਸ਼ ਵੀ ਸੀ ਪਰ ਦੂਸਰੇ ਪਾਸੇ ਉਸਨੂੰ ਵਿੰਨੀ ਦਾ ਇਸ ਤਰ੍ਹਾਂ ਰੋਸ ’ਚ ਜਾਣਾ ਥੋੜਾ ਅਜੀਬ ਜਿਹਾ ਲੱਗ ਰਿਹਾ ਸੀ। ਸ਼ਾਇਦ ਇਸ ਕਰਕੇ ਕਿ ਉਸਦੀ ਪਹਿਲੀ ਪਤਨੀ ਨੇ ਕਦੇ ਅਜਿਹਾ ਨਹੀਂ ਕੀਤਾ ਸੀ।

ਸੋ ਵਿੰਨੀ ਰੋਸ ਮੁਜ਼ਾਹਰੇ ਵਿਚ ਗਈ ਤੇ ਗ੍ਰਿਫਤਾਰੀ ਦਿੱਤੀ ਪਰ ਕੁਝ ਕੁ ਦਿਨਾਂ ਦੀ ਗ੍ਰਿਫਤਾਰੀ ਬਾਅਦ ਉਨ੍ਹਾਂ ਸਭ ਔਰਤਾਂ ਨੂੰ ਰਿਹਾਅ ਕਰ ਦਿੱਤਾ।

ਅਗਲੇ ਥੋੜ੍ਹੇ ਦਿਨਾਂ ਵਿਚ ਵਿੰਨੀ ਦੀ ਕੁੱਖ ਚੋਂ ਇਕ ਬੱਚੀ ਨੇ ਜਨਮ ਲਿਆ ਜਿਸਦਾ ਨਾਂ ਉਨ੍ਹਾਂ “ਜ਼ੈਨਾਕੀ” ਰੱਖਿਆ।


rajwinder kaur

Content Editor

Related News