LSG vs GT : ਤੇਜ਼ ਗੇਂਦਬਾਜ਼ੀ ਦੀ ਨਵੀਂ ਸਨਸਨੀ ਮਯੰਕ ’ਤੇ ਰਹਿਣਗੀਆਂ ਨਜ਼ਰਾਂ, ਦੇਖੋ ਸੰਭਾਵਿਤ ਪਲੇਇੰਗ 11

04/06/2024 7:11:38 PM

ਲਖਨਊ, (ਭਾਸ਼ਾ)– ਭਾਰਤੀ ਤੇਜ਼ ਗੇਂਦਬਾਜ਼ੀ ਦੀ ਨਵੀਂ ਸਨਸਨੀ ਮਯੰਕ ਯਾਦਵ ਦੇ ਸ਼ਾਨਦਾਰ ਪ੍ਰਦਰਸ਼ਨ ਨਾਲ ਪਿਛਲੇ ਦੋ ਮੈਚਾਂ ਵਿਚ ਜਿੱਤ ਦਰਜ ਕਰਨ ਵਾਲੀ ਲਖਨਊ ਸੁਪਰ ਜਾਇੰਟਸ ਦੀ ਟੀਮ ਐਤਵਾਰ ਨੂੰ ਇੱਥੇ ਗੁਜਰਾਤ ਟਾਈਟਨਸ ਵਿਰੁੱਧ ਹੋਣ ਵਾਲੇ ਇੰਡੀਅਨ ਪ੍ਰੀਮੀਅਰ ਲੀਗ (ਆਈ. ਪੀ. ਐੱਲ.) ਮੈਚ ਵਿਚ ਆਪਣੀ ਜੇਤੂ ਮੁਹਿੰਮ ਜਾਰੀ ਰੱਖ ਕੇ ਜਿੱਤ ਦੀ ਹੈਟ੍ਰਿਕ ਲਗਾਉਣ ਦੀ ਇਰਾਦੇ ਨਾਲ ਮੈਦਾਨ ’ਤੇ ਉਤਰੇਗੀ। ਮਯੰਕ ਨੇ ਆਪਣੀ ਗਤੀ ਨਾਲ ਅਜੇ ਤਕ ਹਰ ਕਿਸੇ ਦਾ ਧਿਆਨ ਆਪਣੇ ਵੱਲ ਖਿੱਚਿਆ ਹੈ। ਪਿਛਲੇ ਦੋਵੇਂ ਮੈਚਾਂ ਵਿਚ ਉਸ ਨੂੰ ਮੈਚ ਦਾ ਸਰਵਸ੍ਰੇਸ਼ਠ ਖਿਡਾਰੀ ਚੁਣਿਆ ਗਿਆ ਸੀ।

ਇਸ 21 ਸਾਲਾ ਤੇਜ਼ ਗੇਂਦਬਾਜ਼ ਨੇ ਪੰਜਾਬ ਕਿੰਗਜ਼ ਵਿਰੁੱਧ 27 ਦੌੜਾਂ ਦੇ ਕੇ 3 ਵਿਕਟਾਂ ਲਈਆਂ ਸਨ ਜਦਕਿ ਇਸ ਤੋਂ ਬਾਅਦ ਰਾਇਲ ਚੈਲੰਜਰਜ਼ ਬੈਂਗਲੁਰੂ ਵਿਰੁੱਧ ਉਸ ਨੇ 14 ਦੌੜਾਂ ਦੇ ਕੇ 3 ਵਿਕਟਾਂ ਹਾਸਲ ਕੀਤੀਆਂ ਸਨ। ਆਪਣੇ ਇਸ ਸ਼ਾਨਦਾਰ ਪ੍ਰਦਰਸ਼ਨ ਦੇ ਕਾਰਨ ਉਸ ਨੂੰ ਜਲਦ ਹੀ ਭਾਰਤੀ ਟੀਮ ਵਿਚ ਸ਼ਾਮਲ ਕਰਨ ਨੂੰ ਲੈ ਕੇ ਚਰਚਾ ਸ਼ੁਰੂ ਹੋ ਗਈ ਹੈ। ਭਾਰਤੀ ਟੀਮ ਵਿਚ ਜਗ੍ਹਾ ਮਿਲਣ ਲਈ ਦੋ ਮੈਚਾਂ ਦਾ ਪ੍ਰਦਰਸ਼ਨ ਮਾਪਦੰਡ ਨਹੀਂ ਹੋ ਸਕਦਾ ਤੇ ਮਯੰਕ ਨੂੰ ਨਿਰੰਤਰਤਾ ਬਰਕਰਾਰ ਰੱਖਣ ਦੀ ਲੋੜ ਹੈ, ਜਿਸ ’ਤੇ ਰਾਸ਼ਟਰੀ ਚੋਣਕਾਰਾਂ ਦੀਆਂ ਨਜ਼ਰਾਂ ਵੀ ਟਿਕੀਆਂ ਹੋਣਗੀਆਂ। ਬੱਲੇਬਾਜ਼ੀ ਵਿਭਾਗ ਵਿਚ ਲਖਨਊ ਕੋਲ ਕਵਿੰਟਨ ਡੀ ਕੌਕ ਤੇ ਕੇ. ਐੱਲ. ਰਾਹੁਲ ਦੇ ਰੂਪ ਵਿਚ ਸ਼ਾਨਦਾਰ ਸਲਾਮੀ ਜੋੜੀ ਹੈ। ਡੀ ਕੌਕ ਨੇ ਪਿਛਲੇ ਦੋ ਮੈਚਾਂ ਵਿਚ ਚੰਗਾ ਪ੍ਰਦਰਸ਼ਨ ਕੀਤਾ ਹੈ ਪਰ ਟੀਮ ਨੂੰ ਰਾਹੁਲ ਤੋਂ ਵੀ ਵੱਡੀ ਪਾਰੀ ਦੀ ਉਮੀਦ ਹੋਵੇਗੀ। ਵੈਸਟਇੰਡੀਜ਼ ਦੇ ਨਿਕੋਲਸ ਪੂਰਨ ਤੇ ਭਾਰਤੀ ਆਲਰਾਊਂਡਰ ਕਰੁਣਾਲ ਪੰਡਯਾ ਵੀ ਆਪਣੀ ਭੂਮਿਕਾ ਚੰਗੀ ਤਰ੍ਹਾਂ ਨਾਲ ਨਿਭਾਅ ਰਹੇ ਹਨ ਪਰ ਲਖਨਊ ਲਈ ਵੱਡੀ ਚਿੰਤਾ ਦੇਵਦੱਤ ਪੱਡੀਕਲ ਤੇ ਆਸਟ੍ਰੇਲੀਅਨ ਆਲਰਾਊਂਡਰ ਮਾਰਕਸ ਸਟੋਇੰਸ ਦੀ ਖਰਾਬ ਫਾਰਮ ਹੈ। ਗੇਂਦਬਾਜ਼ੀ ਵਿਚ ਮਯੰਕ ਨੂੰ ਨਵੀਨ ਉਲ ਹੱਕ, ਯਸ਼ ਠਾਕੁਰ, ਮੋਹਸਿਨ ਖਾਨ, ਸਟੋਇੰਸ ਤੇ ਲੈੱਗ ਸਪਿਨਰ ਰਵੀ ਬਿਸ਼ਨੋਈ ਤੋਂ ਵੱਧ ਸਹਿਯੋਗ ਦੀ ਲੋੜ ਹੈ।

ਲਖਨਊ ਦੀ ਟੀਮ 3 ਮੈਚਾਂ ਵਿਚੋਂ 2 ਜਿੱਤਾਂ ਨਾਲ ਚੌਥੇ ਨੰਬਰ ’ਤੇ ਹੈ ਜਦਕਿ ਸ਼ੁਭਮਨ ਗਿੱਲ ਦੀ ਅਗਵਾਈ ਵਾਲੀ ਗੁਜਰਾਤ ਦੀ ਟੀਮ ਨੇ 2 ਮੈਚ ਜਿੱਤੇ ਹਨ ਤੇ 2 ਮੈਚਾਂ ਵਿਚ ਉਸ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ ਹੈ। ਉਸਦੀ ਟੀਮ ਅੰਕ ਸੂਚੀ ਵਿਚ ਅਜੇ ਵੀ 7ਵੇਂ ਸਥਾਨ ’ਤੇ ਹੈ। ਗਿੱਲ ਨੇ ਪਿਛਲੇ ਮੈਚ ਵਿਚ ਅਜੇਤੂ 89 ਦੌੜਾਂ ਬਣਾਈਆਂ ਸਨ ਤੇ ਉਹ ਆਪਣੇ ਇਸ ਪ੍ਰਦਰਸ਼ਨ ਨੂੰ ਜਾਰੀ ਰੱਖਣ ਦੀ ਕੋਸ਼ਿਸ਼ ਕਰੇਗਾ। ਬੀ. ਸਾਈ ਸੁਦਰਸ਼ਨ ਚੰਗੀ ਲੈਅ ਵਿਚ ਦਿਸ ਰਿਹਾ ਹੈ ਪਰ ਰਿਧੀਮਾਨ ਸਾਹਾ ਤੇ ਵਿਜੇ ਸ਼ੰਕਰ ਵਰਗੇ ਖਿਡਾਰੀਆਂ ਤੋਂ ਟੀਮ ਨੂੰ ਬਿਹਤਰ ਪ੍ਰਦਰਸ਼ਨ ਦੀ ਉਮੀਦ ਹੈ।

ਸੰਭਾਵਿਤ ਪਲੇਇੰਗ 11

ਗੁਜਰਾਤ ਟਾਈਟਨਸ : ਰਿਧੀਮਾਨ ਸਾਹਾ (ਵਿਕਟਕੀਪਰ), ਸ਼ੁਭਮਨ ਗਿੱਲ (ਕਪਤਾਨ), ਸਾਈ ਸੁਦਰਸ਼ਨ, ਕੇਨ ਵਿਲੀਅਮਸਨ, ਵਿਜੇ ਸ਼ੰਕਰ, ਅਜ਼ਮਤੁੱਲਾ ਓਮਰਜ਼ਈ, ਰਾਹੁਲ ਤਿਵਾਤੀਆ, ਰਾਸ਼ਿਦ ਖਾਨ, ਨੂਰ ਅਹਿਮਦ, ਉਮੇਸ਼ ਯਾਦਵ, ਦਰਸ਼ਨ ਨਲਕੰਦੇ, ਮੋਹਿਤ ਸ਼ਰਮਾ।

ਲਖਨਊ ਸੁਪਰ ਜਾਇੰਟਸ : ਕੇਐਲ ਰਾਹੁਲ (ਕਪਤਾਨ ਅਤੇ ਵਿਕਟਕੀਪਰ), ਕਵਿੰਟਨ ਡੀ ਕਾਕ, ਦੇਵਦੱਤ ਪਡਿਕਲ, ਮਾਰਕਸ ਸਟੋਇਨਿਸ, ਨਿਕੋਲਸ ਪੂਰਨ, ਆਯੂਸ਼ ਬਡੋਨੀ, ਕਰੁਣਾਲ ਪੰਡਯਾ, ਰਵੀ ਬਿਸ਼ਨੋਈ, ਯਸ਼ ਠਾਕੁਰ, ਨਵੀਨ-ਉਲ-ਹੱਕ, ਮਯੰਕ ਯਾਦਵ, ਐੱਮ. ਸਿਧਾਰਥ।

ਮੈਚ ਸ਼ੁਰੂ ਹੋਣ ਦਾ ਸਮਾਂ : ਸ਼ਾਮ 7.30 ਵਜੇ 


Tarsem Singh

Content Editor

Related News