ਬਹਿਸ ਤੇ ਜ਼ਿੱਦ ਨੂੰ ਜਿੱਤਣ ਦੇ ਨਜ਼ਰੀਏ ਨਾ ਬਣਾਓ, ਸਗੋਂ ਸਮਝਣ ਦਾ ਉਦੇਸ਼ ਬਣਾਉਣਾ ਚਾਹੀਦੈ!

09/07/2020 10:43:20 AM

ਲਿਖ਼ਤ - ਗੁਰਪ੍ਰੀਤ ਸਿੰਘ ਜਖਵਾਲੀ
ਮੋਬਾਇਲ- 98550 36444 

ਬਹਿਸ ਭਾਵ ਜ਼ਿੱਦ ਭਾਵੇਂ ਦੋ ਸ਼ਬਦ ਹਨ ਪਰ ਇਨਸਾਨ ਤੇ ਇਨਸਾਨੀਅਤ ਲਈ ਇਹ ਕਈ ਵਾਰ ਘਾਤਕ ਸਿੱਧ ਹੁੰਦੇ ਹਨ। ਬਹਿਸ ਜਾਂ ਜ਼ਿੱਦ ਕਰਨਾ ਇੱਕ ਸਾਡੀ ਜ਼ਿੰਦਗੀ ਦਾ ਉਹ ਪਲ ਹੈ, ਜ਼ੋ ਕਈ ਵਾਰੀ ਇਨ੍ਹਾਂ ਵਿੱਚ ਉਲਝਕੇ ਇਨਸਾਨ ਆਪਣਾ ਕਈ ਥਾਵਾਂ ਤੋਂ ਨੁਕਸਾਨ ਕਰਵਾਕੇ ਬੈਠ ਜਾਂਦਾ ਹੈ। ਇੱਕ ਗੀਤ ਵਿੱਚ ਜਨਾਬ ਸਰਦੂਲ ਸਿਕੰਦਰ ਨੇ ਵੀ ਬਹੁਤ ਸੋਹਣਾ ਆਖਿਆ ਹੈ ਕਿ "ਜ਼ਿੱਦ ਨਾਲ਼ ਮਸਲੇ ਵਿਗੜ ਜਾਂਦੇ ਨੇ, ਰਜ਼ਾਂ-ਮੰਦੀ ਕਰਲੋ ਨਿੱਬੜ ਜਾਂਦੇ ਨੇ" ਵਾਕਿਆ ਹੀ ਅੱਜ ਇਨ੍ਹਾਂ ਸਤਰਾਂ ਨੂੰ ਲਿਖਣਾ ਬਹੁਤ ਹੀ ਜ਼ਰੂਰੀ ਹੋ ਗਿਆ ਹੈ। ਜ਼ਿੱਦ ਹੋਏ ਚਾਹੇ ਬਹਿਸ ਇਨਸਾਨ ਲਈ ਦੋਵੇਂ ਘਾਤਕ ਅਤੇ ਖ਼ਤਰਨਾਕ ਹਨ।

ਕਈ ਵਾਰ ਇਹੋ ਸਾਡੀ ਜ਼ਿੱਦ ਤੇ ਬਹਿਸ ਸਾਨੂੰ ਸਾਹਮਣੇ ਵਾਲੇ ਦੀਆਂ ਨਜ਼ਰਾਂ ਵਿੱਚ ਬੁਰਾ ਬਣਾ ਦਿੰਦੀ ਹੈ ਜਾਂ ਸਾਡਾ ਪਿਆਰ ਉਹਦੇ ਦਿਲ ਵਿੱਚੋ ਘਟਾ ਦਿੰਦੀ ਹੈ। ਦੋਸਤੋਂ ਕਦੇ ਵੀ ਆਪਣੇ ਜਾਂ ਕਿਸੇ ਗ਼ੈਰ ਨਾਲ ਬਹਿਸ ਜਾਂ ਜ਼ਿੱਦ ਨਾ ਕਰੋ, ਕਿਉਂਕਿ ਬਹਿਸ ਤੇ ਜ਼ਿੱਦ ਨੂੰ ਅੱਜ ਕੱਲ ਦੀ ਨੌਜਵਾਨ ਪੀੜ੍ਹੀ ਆਪਣੀ ਇੱਕ ਪ੍ਰਾਪਤੀ ਮੰਨਣ ਲੱਗ ਗਈ ਹੈ। ਇਹ ਬਹੁਤ ਹੀ ਬੁਰੀ ਅਤੇ ਘਾਤਕ ਜ਼ਿੱਦ ਇਨਸਾਨੀਅਤ ਤੇ ਇਨਸਾਨ ਲਈ ਠੀਕ ਨਹੀਂ ਹੈ।

ਬਹਿਸ ਤੇ ਜ਼ਿੱਦ ਕਈ ਵਾਰ ਚੰਗੇ ਭਲੇ ਆਦਮੀ ਨੂੰ ਜ਼ੁਰਮ ਵੱਲ ਵੀ ਮੋੜ ਦਿੰਦੇ ਹਨ। ਇਨਸਾਨੀਅਤ ਦੇ ਦੁਸ਼ਮਣ ਬਣ ਜਾਂਦੇ ਹਨ। ਕਈ ਥਾਵੇਂ ਤਾਂ ਜ਼ਿੱਦ ਤੇ ਬਹਿਸ ਤਾਂ ਖ਼ੂਨੀ ਰੂਪ ਵੀ ਧਾਰ ਲੈਂਦੇ ਹਨ। ਸੋ ਇਸ ਬਹਿਸ ’ਤੇ ਜ਼ਿੱਦ ਤੋਂ ਸਮੇਂ ਅਨੁਸਾਰ ਬਚਣਾ ਚਾਹੀਦਾ ਹੈ, ਜਿੱਥੇ ਲੱਗੇ ਕੀ ਸਾਹਮਣੇ ਵਾਲਾ ਸਮਝਣ ਨੂੰ ਤਿਆਰ ਨਹੀਂ ਤਾਂ ਪਾਸਾ ਵੱਟ ਲੈਣਾ ਹੀ ਸਮਝਦਾਰੀ ਹੈ। ਉੱਝ ਬਹਿਸ ਤੇ ਜ਼ਿੱਦ ਕਰਨ ਨਾਲ ਅੱਜ ਤੱਕ ਕੋਈ ਵੀ ਮਹਾਨ ਨਹੀਂ ਬਣਿਆ, ਫ਼ੇਰ ਅਸੀਂ ਤੁਸੀਂ ਬਹਿਸ ਕਿਉਂ ਕਰੀਏ।

ਬਹਿਸ ਤੇ ਜ਼ਿੱਦ ਹੈ ਕੀ ਆਪਣੇ ਆਪ ਨੂੰ ਸਰੇਟ ਜਾਂ ਉੱਤਮ ,ਵੱਡਾ ਵਿਖਾਉਣ ਦੀ ਕਲਾ ਦਾ ਨਾਮ ਜ਼ਿੱਦ ਜਾਂ ਬਹਿਸ ਦਾ ਕਾਰਨ ਬਣ ਜਾਂਦਾ ਹੈ। ਜੇਕਰ ਅਸੀਂ ਇਨਸਾਨ ਦੀ ਹੀ ਗੱਲ ਕਰੀਏ ਤਾਂ ਸਾਰੀਆਂ ਹੀ ਖ਼ੂਬੀਆ ਭਰਪੂਰ ਕੋਈ ਨਹੀਂ ਹੈ ਅਸੀਂ ਸਾਰੇ ਹੀ ਪੈਰ ਪੈਰ ਤੇ ਹਰੇਕ ਕੋਲੋਂ ਕੁੱਝ ਨਾ ਕੁੱਝ ਸਿੱਖਦੇ ਰਹਿੰਦੇ ਹਾਂ, ਤੇ ਸਿੱਖਣਾ ਤੇ ਸਿੱਖਦੇ ਰਹਿਣਾ ਹੀ ਅਸਲੀਅਤ ਵਿੱਚ ਜ਼ਿੰਦਗੀ ਹੈ। ਅਸੀਂ ਆਪਣੇ ਜ਼ਿੱਦ ਜਾਂ ਬਹਿਸ ਵਿੱਚ ਪੈਕੇ ਕਿਸੇ ਦਾ ਵੀ ਦਿਲ ਨਹੀਂ ਜਿੱਤ ਸਕਦੇ, ਸਗੋਂ ਆਪਣੀ ਗੱਲ ਮਨਾਉਣ ਤੋਂ ਪਹਿਲਾਂ ਸਾਹਮਣੇ ਵਾਲੇ ਦੀ ਗੱਲ ਨੂੰ ਵੀ ਅਹਿਮੀਅਤ ਦੇਣੀ ਪਵੇਗੀ।

ਪਰ ਕਈ ਇੱਥੇ ਇਹ ਵੀ ਸੋਚਣਗੇ ਕੀ ਸਾਹਮਣੇ ਵਾਲ਼ਾ ਗ਼ਲਤ ਵੀ ਹੋ ਸਕਦਾ ਹੈ ਤੇ ਅਸੀਂ ਸਹਿਮਤ ਕਿਵੇਂ ਹੋ ਸਕਦੇ ਹਾਂ। ਸਾਨੂੰ ਵੀ ਆਪਣੀ ਹਰੇਕ ਗੱਲ ਸਹੀ ਤੇ ਸੱਚ ਦੇ ਅਧਾਰ ’ਤੇ ਹੀ ਰੱਖਣੀ ਪਵੇਗੀ। ਵਿਸ਼ਵਾਸ਼ ਵਿੱਚ ਲਏ ਬਿਨਾਂ ਅਸੀਂ ਸਾਹਮਣੇ ਵਾਲੇ ਸਮਝਾ ਨਹੀਂ ਪਾਵਾਂਗੇ, ਜੇ ਕਿਸੇ ਨੂੰ ਸਮਝਾ ਨਹੀਂ ਪਾਉਂਦੇ ਉੱਥੋਂ ਹੀ ਸਿਲਸਿਲਾ ਸ਼ੁਰੂ ਹੋ ਜਾਂਦਾ ਹੈ, ਬਹਿਸ ਤੇ ਜ਼ਿੱਦ ਦਾ।

ਬਹਿਸ ਹੋਣੀ ਚਾਹੀਦੀ ਹੈ, ਬੁਰਾਈਆਂ ’ਤੇ, ਇਨਸਾਨੀਅਤ ’ਤੇ, ਚੋਟ ਕਰਨ ਵਾਲੀਆਂ ਗੱਲਾਂ ’ਤੇ, ਸਾਡੇ ਸਮਾਜਿਕ ਰਿਸ਼ਤਿਆਂ ’ਤੇ, ਜੋ ਨਿਘਾਰ ਦਾ ਕਾਰਨ ਬਣਦੇ ਜਾ ਰਹੇ ਹਨ, ਬਹਿਸ ਤੇ ਜ਼ਿੱਦ ਨੂੰ ਕਰਨਾ ਚਾਹੀਦਾ ਹੈ। ਜ਼ਰੂਰੀ ਨੇ ਇਹ ਦੋਵੇਂ ਪਰ ਐਨਾ ਵੀ ਢੀਠ ਨਾ ਬਣੀਏ ਕੀ ਅਸੀਂ ਜ਼ਿੱਦ ਤੇ ਬਹਿਸ ਦਾ ਸਹਾਰਾ ਲੈਕੇ ਆਪਣਿਆਂ ਦੇ ਹੀ ਦੁਸ਼ਮਣ ਬਣ ਜਾਈਏ ਜਾਂ ਆਪਣਿਆਂ ਦੇ ਹੀ ਦਿਲ ਦੁਖਾਉਂਦੇ ਰਈਏ।

ਅੰਤ ਵਿੱਚ ਪਿਆਰੇ ਬੱਚਿਓ ਦੋਸਤੋਂ ਇਹੋ ਕਹਾਂਗਾ ਕੀ ਬਹਿਸ ਤੇ ਜ਼ਿੱਦ ਵਿੱਚ ਪੈਕੇ ਕਦੇ ਵੀ ਆਪਣਾ ਅਤੇ ਦੂਸਰਿਆਂ ਦਾ ਸਮਾਂ ਖ਼ਰਾਬ ਨਾ ਕਰੋ। ਬਹਿਸ ਤੇ ਜ਼ਿੱਦ ਮੂਰਖਤਾ ਵਾਲ਼ੇ ਭਾਵ ਮੂਰਖ ਲੋਕ ਕਰਦੇ ਹਨ ਪਰ ਜੋ ਸਿਆਣੇ ਤੇ ਸਮਝਦਾਰ ਹੁੰਦੇ ਹਨ ਉਹ ਹਮੇਸ਼ਾਂ ਸਮਝੌਤਾ ਤੇ ਮੰਨਣ ਦਾ ਯਤਨ ਕਰਦੇ ਹਨ, ਕਿਉਂਕਿ ਸਮਝ ਤੇ ਸਮਝੌਤਾ ਜ਼ਿੰਦਗੀ ਜਿਉਣ ਦਾ ਸਹੀ ਤੇ ਸਰਲ ਤਰੀਕੇ ਹਨ ਪਰ ਬਹਿਸ ਤੇ ਜ਼ਿੱਦ ਨਹੀਂ।

 


rajwinder kaur

Content Editor

Related News