ਲੋਕ ਚਮਕੀਲਾ ’ਤੇ ਫ਼ਿਲਮ ਬਣਾਉਣਾ ਚਾਹੁੰਦੇ ਸੀ, ਅਸਫਲ ਰਹੇ, ਮੇਰੀ ਕਿਸਮਤ ਸੀ ਕਿ ਮੈਂ ਇਸ ਨੂੰ ਬਣਾਇਆ : ਇਮਤਿਆਜ਼

03/28/2024 1:41:36 PM

ਬਾਲੀਵੁੱਡ ’ਚ ‘ਜਬ ਵੀ ਮੈੱਟ’, ‘ਲਵ ਆਜ ਕਲ’ ਅਤੇ ‘ਰੌਕਸਟਾਰ’ ਵਰਗੀਆਂ ਕਈ ਸ਼ਾਨਦਾਰ ਫਿਲਮਾਂ ਦਾ ਨਿਰਦੇਸ਼ਨ ਕਰ ਚੁੱਕੇ ਨਿਰਦੇਸ਼ਕ ਇਮਤਿਆਜ਼ ਅਲੀ ਹੁਣ ਆਪਣੀ ਅਗਲੀ ਫਿਲਮ ‘ਅਮਰ ਸਿੰਘ ਚਮਕੀਲਾ’ ਨਾਲ ਦਰਸ਼ਕਾਂ ਦਾ ਦਿਲ ਜਿੱਤਣ ਲਈ ਤਿਆਰ ਹਨ। ਫਿਲਮ ’ਚ ਪਰਿਣੀਤੀ ਚੋਪੜਾ ਅਤੇ ਦਿਲਜੀਤ ਦੋਸਾਂਝ ਮੁੱਖ ਭੂਮਿਕਾਵਾਂ ’ਚ ਨਜ਼ਰ ਆਉਣ ਵਾਲੇ ਹਨ। ‘ਅਮਰ ਸਿੰਘ ਚਮਕੀਲਾ’ 12 ਅਪ੍ਰੈਲ ਨੂੰ ਨੈੱਟਫਲਿਕਸ ’ਤੇ ਰਿਲੀਜ਼ ਹੋਣ ਵਾਲੀ ਹੈ। ਇਸ ਸਬੰਧੀ ਡਾਇਰੈਕਟਰ ਇਮਤਿਆਜ਼ ਅਲੀ ਨੇ ਪੰਜਾਬ ਕੇਸਰੀ/ਨਵੋਦਿਆ ਟਾਈਮਜ਼/ਜਗ ਬਾਣੀ/ਹਿੰਦ ਸਮਾਚਾਰ ਨਾਲ ਵਿਸ਼ੇਸ਼ ਗੱਲਬਾਤ ਕੀਤੀ। ਪੇਸ਼ ਹਨ ਮੁੱਖ ਅੰਸ਼ ...

ਕੀ ਤੁਸੀਂ ਕਦੇ ਸੋਚਿਆ ਸੀ ਕਿ ਕੋਈ ਬਾਇਓਪਿਕ ਫਿਲਮ ਵੀ ਬਣਾਓਗੇ?
ਮੈਂ ਕਦੇ ਨਹੀਂ ਸੋਚਿਆ ਸੀ ਕਿ ਮੈਂ ਕਦੇ ਕੋਈ ਬਾਇਓਪਿਕ ਬਣਾਵਾਂਗਾ, ਕਿਉਂਕਿ ਮੈਨੂੰ ਲੱਗਦਾ ਸੀ ਕਿ ਇਸ ਵਿਚ ਕਹਿਣ ਲਈ ਕੀ ਹੈ, ਉਸ ’ਚ ਤਾਂ ਪਹਿਲਾਂ ਤੋਂ ਹੀ ਇਕ ਕਹਾਣੀ ਹੈ। ਕੋਈ ਵੀ ਵਿਅਕਤੀ ਉਸ ਨੂੰ ਜਾਣ ਕੇ ਅਤੇ ਪੜ੍ਹ ਕੇ ਪ੍ਰੇਰਨਾ ਲੈ ਸਕਦਾ ਹੈ ਪਰ ਅਮਰ ਸਿੰਘ ਚਮਕੀਲਾ ਦੀ ਕਹਾਣੀ ਪੰਜਾਬ ਦੀ ਹੈ ਅਤੇ ਉਹ ਵੀ ਅਜਿਹੇ ਸਮੇਂ ਦੀ, ਜਿਸ ਰਾਹੀਂ ਮੈਂ ਬਹੁਤ ਕੁਝ ਕਹਿ ਸਕਦਾ ਹਾਂ। ਮੈਂ ਇਸ ਬਾਇਓਪਿਕ ਨੂੰ ਦਰਸ਼ਕਾਂ ਦੇ ਸਾਹਮਣੇ ਲਿਆਉਣ ਬਾਰੇ ਸੋਚਿਆ।

ਤੁਹਾਨੂੰ ਅਮਰ ਸਿੰਘ ਚਮਕੀਲਾ ਦੀ ਕਹਾਣੀ ਕਿਵੇਂ ਮਿਲੀ ਅਤੇ ਤੁਸੀਂ ਇਸ ਤੋਂ ਕਿਵੇਂ ਪ੍ਰਭਾਵਿਤ ਹੋਏ?
ਸ਼ੂਟਿੰਗ ਲਈ ਅਕਸਰ ਪੰਜਾਬ ਆਉਣਾ-ਜਾਣਾ ਲੱਗਾ ਰਹਿੰਦਾ ਹੈ। ਮੇਰੀ ਯੂਨਿਟ ਵਿਚ ਇਕ ਪ੍ਰੋਡਕਸ਼ਨ ਹੈੱਡ ਸੀ, ਜਿਸ ਨੇ ਮੈਨੂੰ ਇਸ ਕਹਾਣੀ ਬਾਰੇ ਸੁਝਾਅ ਦਿੱਤਾ ਸੀ। ਇਸ ਤੋਂ ਇਲਾਵਾ ਪਿੰਡ ਦੇ ਪੁਰਾਣੇ ਲੋਕ ਹਮੇਸ਼ਾ ਚਮਕੀਲਾ ਬਾਰੇ ਗੱਲਾਂ ਕਰਦੇ ਸਨ, ਜਿਸ ਤੋਂ ਬਾਅਦ ਮੈਂ ਚਮਕੀਲਾ ਬਾਰੇ ਪੜ੍ਹਿਆ ਅਤੇ ਜਾਣਿਆ। ਫਿਰ ਮੈਂ ਮਹਿਸੂਸ ਕੀਤਾ ਕਿ ਉਨ੍ਹਾਂ ਦੀ ਜ਼ਿੰਦਗੀ ਵਿਚ ਬਹੁਤ ਕੁਝ ਕਹਿਣ ਯੋਗ ਹੈ। ਸੰਗੀਤ ਉਨ੍ਹਾਂ ਲਈ ਮੁਹੱਬਤ ਸੀ। ਉਨ੍ਹਾਂ ਦੀ ਇਹੋ ਗੱਲ ਮੈਨੂੰ ਸਭ ਤੋਂ ਵੱਧ ਪਸੰਦ ਆਈ ਸੀ। ਚਮਕੀਲਾ ਦੀ ਜ਼ਿੰਦਗੀ ਇਕ ਤਰ੍ਹਾਂ ਨਾਲ ਚਮਕੀਲਾ ਅਤੇ ਸੰਗੀਤ ਵਿਚਕਾਰ ਇਕ ਪ੍ਰੇਮ ਕਹਾਣੀ ਹੈ। ਬਹੁਤ ਸਾਰੇ ਲੋਕ ਚਮਕੀਲਾ ’ਤੇ ਫਿਲਮ ਬਣਾਉਣਾ ਚਾਹੁੰਦੇ ਸਨ ਪਰ ਅਸਫਲ ਰਹੇ। ਇਹ ਮੇਰੀ ਕਿਸਮਤ ਸੀ ਕਿ ਮੈਂ ਇਹ ਫਿਲਮ ਬਣਾ ਸਕਿਆ।

ਤੁਹਾਡੀਆਂ ਕਈ ਫ਼ਿਲਮਾਂ ਪੰਜਾਬ ਨਾਲ ਜੁੜੀਆਂ ਹੋਈਆਂ ਹਨ। ਅਜਿਹੇ ਵਿਚ ਤੁਹਾਡਾ ਪੰਜਾਬ ਨਾਲ ਕਿੰਨਾ ਕੁ ਲਗਾਅ ਹੈ?
ਮੈਂ ਪਹਿਲਾਂ ਵੀ ਪੰਜਾਬ ਜਾ ਚੁੱਕਿਆ ਹਾਂ। ਫਿਰ ਕਈ ਫ਼ਿਲਮਾਂ ਅਤੇ ਇਸ ਫਿਲਮ ਦੀ ਸ਼ੂਟਿੰਗ ਲਈ ਪੰਜਾਬ ਆਉਣਾ-ਜਾਣਾ ਲੱਗਿਆ ਰਿਹਾ। ਜਦੋਂ ਤੋਂ ਮੈਂ ਸ਼ੂਟਿੰਗ ਲਈ ਪੰਜਾਬ ਜਾਣਾ ਸ਼ੁਰੂ ਕੀਤਾ, ਤਾਂ ਉੱਥੋਂ ਲਈ ਮੇਰੀ ਸਮਝ ਅਤੇ ਸੰਪਰਕ ਵਧਦੇ ਗਏ। ਉੱਥੋਂ ਦਾ ਸੱਭਿਆਚਾਰ, ਵਿਰਸਾ, ਲੋਕ ਅਤੇ ਸੰਗੀਤ, ਕਹਾਣੀਆਂ ਮੈਨੂੰ ਵਾਰ-ਵਾਰ ਬੁਲਾਉਂਦੀਆਂ ਰਹੀਆਂ। ਪੰਜਾਬ ਦੇ ਲੋਕ ਬਹੁਤ ਵੱਖਰੇ ਹਨ। ਸ਼ੂਟਿੰਗ ਦੌਰਾਨ ਕਈ ਕਿੱਸੇ ਅਜਿਹੇ ਹੋਏ ਕਿ ਉਸ ਤੋਂ ਬਾਅਦ ਲਗਾਅ ਵਧਦਾ ਗਿਆ। ਮੇਰੇ ਲਈ ਪੰਜਾਬ ਵਿਲੱਖਣ ਹੈ ਕਿਉਂਕਿ ਭਾਰਤ ਦੀਆਂ ਲਗਭਗ ਸਾਰੀਆਂ ਪ੍ਰੇਮ ਕਹਾਣੀਆਂ ਪੰਜਾਬ ਦੀਆਂ ਪ੍ਰੇਮ ਕਹਾਣੀਆਂ ਹਨ।

ਅਮਰ ਸਿੰਘ ਚਮਕੀਲਾ ਮਹਾਨ ਗਾਇਕ ਸਨ, ਤਾਂ ਕੀ ਦਿਲਜੀਤ ਨੂੰ ਇਸ ਕਿਰਦਾਰ ਲਈ ਚੁਣਨ ਦਾ ਇਹੋ ਕਾਰਨ ਸੀ?
ਹਾਂ, ਕਿਉਂਕਿ ਜਦੋਂ ਤੁਸੀਂ ਚਮਕੀਲਾ ਅਤੇ ਅਮਰਜੋਤ ’ਤੇ ਫਿਲਮ ਬਣਾ ਰਹੇ ਹੋ ਤਾਂ ਉਸ ਲਈ ਅਜਿਹੇ ਕਲਾਕਾਰਾਂ ਦਾ ਹੋਣਾ ਜ਼ਰੂਰੀ ਹੈ, ਜੋ ਗਾ ਸਕਦੇ ਹਨ। ਇਸ ਫ਼ਿਲਮ ਵਿਚ ਪਹਿਲੀ ਵਾਰ ਲਾਈਵ ਸਿੰਗਿੰਗ ਕਰਵਾਈ ਗਈ ਹੈ। ਦਿਲਜੀਤ ਨੇ ਇਸ ਗੀਤ ਨੂੰ ਲਾਈਵ ਗਾ ਕੇ ਰਿਕਾਰਡ ਕੀਤਾ ਹੈ। ਇਸ ਦੇ ਪਿੱਛੇ ਕਾਰਨ ਇਹ ਹੈ ਕਿ ਮੈਂ ਕਦੇ ਵੀ ਗਾਇਕਾਂ ਨੂੰ ਕਿਸੇ ਵੀ ਸ਼ਾਟ ਦੌਰਾਨ ਲਾਈਵ ਗਾਉਂਦੇ ਨਹੀਂ ਦੇਖਿਆ। ਫਿਲਮ ਵਿਚ ਲਾਈਵ ਗਾਉਣਾ ਜ਼ਰੂਰੀ ਸੀ। ਉਸ ਤੋਂ ਬਿਨਾਂ ਇਹ ਫਿਲਮ ਸੰਭਵ ਨਹੀਂ ਸੀ।

ਏ. ਆਰ. ਰਹਿਮਾਨ ਨਾਲ ਲਗਾਤਾਰ ਕੰਮ ਕਰਨ ਦਾ ਤਜ਼ਰਬਾ ਕਿਹੋ ਜਿਹਾ ਰਿਹਾ ਹੈ?
ਏ.ਆਰ. ਰਹਿਮਾਨ ਨਾਲ ਕੰਮ ਕਰਨ ਦਾ ਮੇਰਾ ਹੁਣ ਤਕ ਦਾ ਤਜ਼ਰਬਾ ਸ਼ਾਨਦਾਰ ਰਿਹਾ ਹੈ। ਰਚਨਾਤਮਕਤਾ ਨੂੰ ਲੈ ਕੇ ਮੇਰੇ ਅਤੇ ਰਹਿਮਾਨ ਵਿਚਕਾਰ ਕਦੇ ਕੋਈ ਵਿਵਾਦ ਨਹੀਂ ਹੋਇਆ। ਜਦੋਂ ਵੀ ਮੈਂ ਉਨ੍ਹਾਂ ਨਾਲ ਕੰਮ ਕਰਦਾ ਹਾਂ, ਮੈਂ ਆਪਣੇ ਆਪ ਨੂੰ ਉਨ੍ਹਾਂ ਦੇ ਸਾਹਮਣੇ ਸਰੰਡਰ ਕਰ ਦਿੰਦਾ ਹਾਂ। ਉਹ ਅਕਸਰ ਉਨ੍ਹਾਂ ਚੀਜ਼ਾਂ ਨੂੰ ਸਮਝ ਲੈਂਦੇ ਹਨ, ਜੋ ਕਿਸੇ ਖਾਸ ਸੀਨ ਲਈ ਮੈਂ ਸੋਚਦਾ ਹਾਂ, ਉਸ ਭਾਵਨਾ ਨੂੰ ਦਿਖਾਉਣ ਦੀ ਕੋਸ਼ਿਸ਼ ਕਰਦਾ ਹਾਂ। ਮੈਂ ਆਪਣੇ ਕੰਮ ਲਈ ਉਨ੍ਹਾਂ ’ਤੇ ਪੂਰਾ ਭਰੋਸਾ ਕਰਦਾ ਹਾਂ।

ਇਮਤਿਆਜ਼ ਅਲੀ

ਜਦੋਂ ਤੁਸੀਂ ਪਰਿਣੀਤੀ ਚੋਪੜਾ ਨੂੰ ਅਮਰਜੋਤ ਕੌਰ ਲਈ ਚੁਣਿਆ ਤਾਂ ਉਨ੍ਹਾਂ ਦਾ ਕੀ ਰੀਐਕਸ਼ਨ ਸੀ?
ਪਰਿਣੀਤੀ ਇਸ ਫਿਲਮ ਲਈ ਕਾਫੀ ਉਤਸ਼ਾਹਿਤ ਸੀ, ਕਿਉਂਕਿ ਉਹ ਆਪਣੇ ਕਰੀਅਰ ’ਚ ਇਕ ਅਜਿਹੀ ਫਿਲਮ ਕਰਨਾ ਚਾਹੁੰਦੀ ਸੀ, ਜਿਸ ’ਚ ਉਨ੍ਹਾਂ ਨੂੰ ਗਾਉਣ ਦਾ ਮੌਕਾ ਮਿਲੇ। ਪਰਿਣੀਤੀ ਨੂੰ ਇਸ ਫਿਲਮ ’ਚ ਲਾਈਵ ਗਾਉਣ ਦਾ ਮੌਕਾ ਮਿਲਿਆ। ਇੰਨਾ ਹੀ ਨਹੀਂ ਉਨ੍ਹਾਂ ਨੇ ਫਿਲਮ ਲਈ ਕਾਫੀ ਵਜ਼ਨ ਵੀ ਵਧਾਇਆ ਹੈ। ਉਨ੍ਹਾਂ ਨੇ ਇਸ ਫਿਲਮ ਨੂੰ ਆਪਣਾ 100 ਫੀਸਦੀ ਦਿੱਤਾ ਹੈ।

ਪੰਜਾਬ ਦੇ ਉੱਭਰਦੇ ਨੌਜਵਾਨ ਕਲਾਕਾਰਾਂ ਅਤੇ ਗਾਇਕਾਂ ਨੂੰ ਤੁਸੀਂ ਕੀ ਕਹਿਣਾ ਚਾਹੋਗੇ?
ਮੈਂ ਪੰਜਾਬ ਦੇ ਉੱਭਰਦੇ ਕਲਾਕਾਰਾਂ, ਖਾਸ ਕਰਕੇ ਗਾਇਕਾਂ ਨੂੰ ਇਹੋ ਕਹਿਣਾ ਚਾਹੁੰਦਾ ਹਾਂ ਕਿ ਅੱਗੇ ਅਤੇ ਪਿੱਛੇ ਦੋਵਾਂ ਸਮਿਆਂ ਨੂੰ ਦੇਖ ਕੇ ਚੱਲਣ। ਪੰਜਾਬ ਵਿਚ ਪਹਿਲਾਂ ਵੀ ਬਹੁਤ ਕੁਝ ਹੋਇਆ ਹੈ, ਕਈ ਬੋਲੀਆਂ ਅਜਿਹੀਆਂ ਹਨ, ਜਿਨ੍ਹਾਂ ਨੂੰ ਅਸੀਂ ਅੱਜ ਵੀ ਸੁਣਦੇ ਹਾਂ ਪਰ ਸਾਨੂੰ ਇਹ ਨਹੀਂ ਪਤਾ ਕਿ ਉਹ ਕਿਸ ਨੇ ਲਿਖੀਆਂ ਹਨ। ਪੰਜਾਬ ਦੀਆਂ ਰਵਾਇਤਾਂ ਨੂੰ ਜਾਣਦੇ ਹੋਏ ਅੱਗੇ ਵਧਾਇਆ ਜਾਵੇ। ਆਓ ਪੰਜਾਬ ਦੇ ਵਿਰਸੇ ਨੂੰ ਲੈ ਕੇ ਅੱਗੇ ਵਧੀਏ।


sunita

Content Editor

Related News