ਸਰਾਪੀਆਂ ਤਾਰੀਖ਼ਾਂ ਦੀ ਮਾਫ਼ੀ ਅਤੇ ਉਮੀਦ ਦੇ ਬੰਦੇ

08/14/2020 5:51:19 PM

 #1947Partition #viacinema 

ਹਰਪ੍ਰੀਤ ਸਿੰਘ ਕਾਹਲੋਂ

ਕਿਹੜੀ ਛੋਟੀ ਜਿਹੀ ਘਟਨਾ ਜ਼ਿੰਦਗੀ ‘ਚ ਕੀ ਤਸਦੀਕ ਕਰ ਦੇਵੇ ਕੋਈ ਪਤਾ ਚੱਲਦਾ ਹੈ ਭਲਾ !

ਅਜੇ ਵੀ ਸਾਡੇ ਬੁਜ਼ਰਗਾਂ ਦੀਆਂ ਯਾਦਾਂ ‘ਚ ਲਾਹੌਰ, ਦਿੱਲੀ ਦੀਆਂ ਗਲੀਆਂ ਹਨ। ਸਾਡੀਆਂ ਕਹਾਵਤਾਂ ‘ਚ ਲਾਹੌਰ ਜਿਉਂਦਾ ਹੈ। ਸਾਡੀ ਤੰਦ ਸਖੀ ਸ਼ਾਹਬਾਜ਼ ਕੰਲਧਰ ਦੇ ਸਿੰਧ ਤੋਂ ਵਾਇਆ ਬਾਬਾ ਫਰੀਦ, ਬਾਬਾ ਨਾਨਕ, ਵਾਰਿਸ, ਬੁੱਲ੍ਹਾ, ਹਾਸ਼ਮ ਹੁੰਦੇ ਹੋਏ ਸੁਲਤਾਨ ਬਾਹੂ ਦੀ ‘ਹੂ’ ਤੇ ਦੁੱਲੇ ਭੱਟੀ ਦੀ ਸੁੰਦਰ ਮੁੰਦਰੀਏ ‘ਹੋ’ ਤੱਕ ਹੈ।

ਸਾਨੂੰ ਨੁਸਰਤ ਫਤਿਹ ਅਲੀ ਖ਼ਾਨ ਨਾਲ ਮੁੱਹਬਤ ਹੈ। ਗ਼ੁਲਾਮ ਅਲੀ ਨਾਲ ਸਾਨੂੰ ਇਸ਼ਕ ਹੈ। ਅਸੀ ਇੱਕੋ ਵੇਲੇ ਮਹਾਂਰਾਸ਼ਟਰ ਤੋਂ ਲਤਾ ਮੰਗੇਸ਼ਕਰ, ਅੰਬਰਸਰ ਤੋਂ ਮਹੁੰਮਦ ਰਫੀ, ਪਿੱਛੇ ਛੁੱਟ ਗਈ ਧਰਤੀ ਤੋਂ ਗ਼ੁਲਾਮ ਅਲੀ, ਨੁਸਰਤ ਫਤਿਹ ਅਲੀ ਖ਼ਾਨ ਅਤੇ ਅਲੀ ਸੇਠੀ ਨੂੰ ਸੁਣਦੇ ਹਾਂ। ਇਹ ਮੁਹੱਬਤ ਉਨ੍ਹਾਂ ਨੂੰ ਸਮਝ ਨਹੀਂ ਆਵੇਗੀ ਜੋ ਅਭਿਜੀਤ ਭੱਟਚਾਰੀਆ ਵਾਂਗੂ ਕੌੜ ਰੱਖਦੇ ਹਨ ਅਤੇ ਸੋਨੂ ਨਿਗਮ ਵਾਂਗੂ ਅਜ਼ਾਨ ਦੀ ਅਵਾਜ਼ ਦੀ ਰੂਹਦਾਰੀ ਨੂੰ ਰੌਲਾ ਸਮਝਦੇ ਹਨ।

ਪੀੜ੍ਹੀ ਦਰ ਪੀੜ੍ਹੀ ਅਤੀਤ ਦੀ ਇਸ ਵਿਰਾਸਤ ਨੇ ਕਿੰਨਾ ਕੁਝ ਸਿਰਜ ਦਿੱਤਾ ਹੈ। ਨਨਕਾਣੇ ਸਾਹਿਬ ਦੇ ਖੁੱਲ੍ਹੇ ਦਰਸ਼ਨ ਦੀਦਾਰ ਤੋਂ ਲੈ ਕੇ ਖਾਲਿਦ ਮਹੁਮਦ ਦੀ ਮੰਮੋ ਤੱਕ ਦੇ ਕਿਰਦਾਰ ਉਸ ਦੌਰ ਦੀ ਪੇਸ਼ਕਾਰੀ ਹਨ। ਮੰਮੋ ਵੰਡ ਦੀ ਉਸ ਤਾਰੀਖ਼ ‘ਚ ਆਪ ਪਾਕਿਸਤਾਨ ਦੇ ਹਿੱਸੇ ਆਈ ਅਤੇ ਉਹਦੀ ਭੈਣ ਮੁੰਬਈ ਦੇ ਹਿੱਸੇ ਚਲੀ ਗਈ। ਸ਼ਿਆਮ ਬਨੇਗਲ ਦੀ ਇਹ ਫਿਲਮ ਉਨ੍ਹਾਂ ਬੰਦਿਆਂ ਦੀ ਵਿੱਥਿਆ ਹੈ, ਜੋ ਸਰਹੱਦ ਦੇ ਦੋਵੇਂ ਪਾਸੇ ਆਪਣਿਆਂ ‘ਚ ਵੰਡੇ ਗਏ। ਅਖੀਰ ਮੰਮੋ ਨੂੰ ਸਦਾ ਲਈ ਮੁੰਬਈ ਆਪਣੀ ਭੈਣ ਕੋਲ ਰਹਿਣ ਲਈ ਆਪਣੇ ਆਪ ਨੂੰ ਮਾਰਨਾ ਪੈਂਦਾ ਹੈ ਤਾਂਕਿ ਸਫਾਰਤਖਾਨੇ ਮੌਤ ਦਾ ਸਰਟੀਫਿਕੇਟ ਜਮ੍ਹਾਂ ਕਰਵਾਇਆ ਜਾ ਸਕੇ ਅਤੇ ਮੁੜ ਕੋਈ ਘੁਸਪੈਠੀਆ ਕਹਿ ਫਰੰਟੀਅਰ ਮੇਲ ਤੋਂ ਵਾਇਆ ਅੰਬਰਸਰ ਪਾਕਿਸਤਾਨ ਰਵਾਨਾ ਨਾ ਕਰ ਦੇਵੇ।

ਇਸੇ ਮਾਹੌਲ ‘ਚ ਬਲਰਾਜ ਸਾਹਨੀ ‘ਮੇਰਾ ਪਾਕਿਸਤਾਨੀ ਸਫਰਨਾਮਾ’ ‘ਚ ਜ਼ਿਕਰ ਕਰਦੇ ਹਨ ਕਿ ਆਪਣੀ ਹੀ ਧਰਤੀ ‘ਤੇ ਜਾਣ ਲਈ ਹੁਣ ਇਜਾਜ਼ਤ ਲੈਣੀ ਪੈ ਰਹੀ ਹੈ। ਉਹ ਆਪਣੇ ਘਰ ਰਾਵਲਪਿੰਡੀ ਜਾ ਜਦੋਂ ਰੋਂਦਾ ਹੈ ਤਾਂ ਸਮਝ ਸਕਦੇ ਹਾਂ ਕਿ ਉਨ੍ਹਾਂ ਸੱਜਣਾਂ ਦੇ ਸਿਰਫ ਘਰ ਨਹੀਂ ਖੁੱਸੇ ਸਗੋਂ ਇਹ ਸਾਰੇ ਨੈਸ਼੍ਹ ਤਕਦੀਰਾਂ ਦੇ ਖੇਡ ਦੇ ਸਿਰਫ ਮੋਹਰੇ ਬਣਕੇ ਰਹਿ ਗਏ ਸਨ।

ਇਸੇ ਮਾਹੌਲ ‘ਚ ਬੰਗਾਲ ‘ਚ ਚੋਪੜਾ ਪਰਿਵਾਰ ਨੇ ਆਪਣਾ ਲਾਣੇਦਾਰ ਲਾਲਾ ਵਲਾਇਤੀ ਰਾਜ ਚੋਪੜਾ ਨੂੰ ਸਦਾ ਲਈ ਆਪਣੇ ਤੋਂ ਦੂਰ ਕਰਵਾ ਲਿਆ ਸੀ। ਲਾਹੌਰ ਤੋਂ ਬਲਦੇਵ ਰਾਜ ਚੋਪੜਾ ਬੰਬੇ (ਮੁੰਬਈ) ਪਹੁੰਚ ਗਏ ਅਤੇ ਯਸ਼ ਰਾਜ ਚੋਪੜਾ ਸਾਹਬ ਆਰ.ਐੱਸ.ਐੱਸ ਦੀਆਂ ਸ਼ਾਖਾਵਾਂ ‘ਚ ਹਿੱਸਾ ਲੈਣ ਲੱਗ ਪਏ। ਨਫਰਤ ‘ਚ ਜਿਸ ਹਿੰਦੂ ਫੰਡਾਮੈਂਟਲਿਜ਼ਮ ਦੀ ਸਿੱਖਿਆ ਚੋਪੜਾ ਸਾਹਬ ਗ੍ਰਹਿਣ ਕਰ ਰਹੇ ਸਨ। ਉਸ ਦਾ ਨਤੀਜਾ ਇਹ ਹੋਇਆ ਕਿ ਚੋਪੜਾ ਸਾਹਬ ਦੀ ਭਾਬੀ ਤੰਦੂਰ ਪਕਾਉਂਦੀ ਪਕਾਉਂਦੀ ਮਸਾਂ ਬਚੀ, ਕਿਉਂਕਿ ਤੰਦੂਰ ‘ਚ ਦੰਗਿਆ ਦੌਰਾਨ ਵਰਤੋਂ ‘ਚ ਲਿਆਉਣ ਲਈ ਬੰਬ ਲੁਕੋਕੇ ਰੱਖੇ ਸਨ।

ਉਨ੍ਹਾਂ ਦਿਨਾਂ ‘ਚ ਲੁੱਟ-ਮਾਰ ਕਰਦਿਆਂ ਜਿਹੜਾ ਸਮਾਨ ਕਾਬੂ ਕੀਤਾ ਸੀ, ਉਹ ਵੀ ਮਾਂ ਦੇ ਸਾਹਮਣੇ ਆ ਗਿਆ। ਪਲਛਿਣ ਦੀ ਦੇਰ ਕੀਤੇ ਬਗੈਰ ਚੋਪੜਾ ਸਾਹਿਬ ਨੂੰ ਆਪਣੀ ਭੈਣ ਘਰ ਰੋਹਤਕ ਭੇਜ ਦਿੱਤਾ ਅਤੇ ਉੱਥੋਂ ਆਪਣੇ ਭਰਾ ਕੋਲ ਬੰਬੇ ਪਹੁੰਚ ਗਏ। ਹੁਣ ਬਲਦੇਵ ਰਾਜ ਚੋਪੜਾ ਸਾਹਬ ਦੀ ਸੰਗਤ ‘ਚ ਬਹੁਤ ਕੁਝ ਬਦਲ ਗਿਆ ਸੀ। ਲਾਹੌਰ ਦੇ ਰੰਗ ‘ਚ ਵੰਡ ਦੀ ਟੀਸ ਜੋ ਵੱਡੇ ਭਰਾ ਨੇ ਮਹਿਸੂਸ ਕੀਤੀ ਸੀ ਉਹ ਪੰਜਾਬੀ ਹੁੰਦਿਆ ਉਨ੍ਹਾਂ ਦੇ ਹਿੱਸੇ ਕਿੰਝ ਆਈ, ਇਹ ਅਹਿਸਾਸ ਦਾ ਇਸ਼ਰਾ ਚੰਗੀ ਸਮਝ ‘ਚ ਬਦਲ ਗਿਆ ਸੀ।

ਇਸੇ ਸਮਝ ਤੋਂ 1961 ‘ਚ ਆਈ ਫਿਲਮ ‘ਧਰਮਪੁੱਤਰ’ ਦਾ ਨਿਰਮਾਣ ਹੁੰਦਾ ਹੈ। ਅਚਾਰਿਆ ਚਤੁਰਸੇਨ ਦੇ ‘ਧਰਮਪੁੱਤਰ’ ਤੋਂ ਬਣੀ ਇਸ ਫਿਲਮ ਦੇ ਨਿਰਮਾਤਾ ਸਨ ਬੀ.ਆਰ.ਚੋਪੜਾ ਆਪ ਅਤੇ ਨਿਰਦੇਸ਼ਕ ਯਸ਼ ਚੋਪੜਾ ਬਣੇ। ਯਕੀਨਨ ਇਹ ਕਹਾਣੀ ਨਿਜੀ ਤਜ਼ਰਬੇ ਨੂੰ ਪ੍ਰਭਾਵਿਤ ਕਰ ਰਹੀ ਹੋਵੇਗੀ। ਮੈਨੂੰ ਮਹਿਸੂਸ ਹੁੰਦਾ ਹੈ ਕਿ ਫਿਲਮ ਬਣਾਉਂਦੇ ਹੋਏ ਇਸ ਕਹਾਣੀ ਨਾਲ ਚੋਪੜਾ ਸਾਹਬ ਖੁਦ ਨੂੰ ਰੂਬਰੂ ਵੇਖ ਰਹੇ ਹੋਣਗੇ।

ਭਾਰਤੀ ਸਿਨੇਮਾ ਅੰਦਰ ਵੰਡ 1947 ‘ਤੇ ਇਹ ਪਹਿਲੀ ਫਿਲਮ ਹੈ। ਸਾਡੇ ਦਰਦ, ਅਹਿਸਾਸ, ਜਜ਼ਬਾਤ ਦੀ ਇਸ ਕੜੀ ‘ਚ ਬਹੁਤ ਸਾਰੀਆਂ ਫਿਲਮਾਂ ਸਮੇਂ ਸਮੇਂ ਆਉਂਦੀਆਂ ਰਹੀਆਂ। ਪਰ ਫਿਲਮ ਧਰਮਪੁੱਤਰ ਵੰਡ, ਸਿਆਸਤ, ਧਰਮ ਅਤੇ ਹਿੰਦੂ ਫੰਡਾਮੈਂਟਲਿਜ਼ਮ ਨੂੰ ਲੈਕੇ ਜਿੰਨੀ ਬੇਬਾਕ ਵਿਖਦੀ ਹੈ। ਇਸ ਬਰਾਬਰ ਹੋਰ ਕੋਈ ਫਿਲਮ ਦੁਬਾਰਾ ਨਹੀਂ ਵਿਖਦੀ।

ਇਸ ਲੜੀ ‘ਚ ਮੈਂ ਹੋਰ ਫਿਲਮਾਂ ਨੂੰ ਜ਼ਰਾ ਜਿੰਨਾ ਵੀ ਅਣਗੋਲਿਆ ਨਹੀਂ ਕਰ ਸਕਦਾ, ਜੋ 1947 ਵੰਡ ਤੋਂ ਪ੍ਰਭਾਵਿਤ ਹਨ। ਗਰਮ ਹਵਾ ਤੋਂ ਲੈਕੇ ਪਿੰਜਰ,ਕਿਆ ਦਿੱਲੀ ਕਿਆ ਲਾਹੌਰ ਤੱਕ ਹੁੰਦੇ ਹੋਏ ਖਾਮੋਸ਼ ਪਾਣੀ, ਸ਼ਹੀਦ-ਏ-ਮੁਹੱਬਤ, ਕਿੱਸਾ ਨੂੰ ਵੱਖ ਕਰਕੇ ਨਹੀਂ ਵੇਖਿਆ ਜਾ ਸਕਦਾ। ਪਰ ਧਰਮਪੁੱਤਰ ਫਿਲਮ ਦੀ ਗੱਲ ਹੋਰ ਹੈ।

1961 ‘ਚ ਬਲੈਕ ਐਂਡ ਵਾੲ੍ਹੀਟ ਦੇ ਸਿਨੇਮਾ ਦੌਰ ਅੰਦਰ ਬੇਬਾਕ ਟਿੱਪਣੀ ਕਰਦੀ ਇਹ ਫਿਲਮ ਵਿੱਤੀ ਤੌਰ ‘ਤੇ ਅਸਫਲ ਸੀ। ਇਸ ਦੌਰਾਨ ਉਨ੍ਹਾਂ ਨੂੰ ਕੁਝ ਜਥੇਬੰਦੀਆਂ ਵੱਲੋਂ ਵਿਰੋਧ ਵੀ ਸਹਿਣਾ ਪਿਆ ਸੀ। ਇਸ ਤੋਂ ਬਾਅਦ ਯਸ਼ ਚੋਪੜਾ ਸਾਹਬ ਨੇ ਦੁਬਾਰਾ ਇਸ ਰੂਪ ਦੀ ਫਿਲਮ ਬਣਾਉਣ ਦਾ ਜ਼ੋਖਿਮ ਨਹੀਂ ਲਿਆ ਅਤੇ ਅਖੀਰ ਉਨ੍ਹਾਂ ਦੀ ਇਸੇ ਵਿਸ਼ੇ ਨਾਲ ਮਿਲਦੀ ਫਿਲਮ ਵੀਰ-ਜ਼ਾਰਾ ਹੀ ਆਉਂਦੀ ਹੈ।

ਧਰਮਪੁੱਤਰ ‘ਚ ਜਿਸ ਸਾਂਝ ਨਾਲ ਅਸੀ ਰੂਬਰੂ ਹੁੰਦੇ ਹਾਂ ਉਹ ਇਸ ਦੌਰ ਦੀ ਅਸਹਿਣਸ਼ੀਲਤਾ ‘ਚ ਸਾਡਾ ਚਾਨਣ ਮੁਨਾਰਾ ਬਣ ਸਕਦੀ ਹੈ। ਹੁਸਨ ਬਾਨੋ (ਮਾਲਾ ਸਿਨ੍ਹਾ) ਦਾ ਨਜਾਇਜ਼ ਮੁੰਡਾ (ਵਿਆਹ ਤੋਂ ਪਹਿਲਾਂ ਦਾ) ਹੁਸਨ ਬਾਨੋ ਦਾ ਧਰਮ ਭਰਾ ਬਣਿਆ ਹਿੰਦੂ ਡਾ.ਅੰਮ੍ਰਿਤ ਰਾਏ (ਮਨਮੋਹਨ ਕ੍ਰਿਸ਼ਨ) ਪਾਲਦਾ ਹੈ। ਇਹ ਉਹੀ ਡਾਕਟਰ ਹੈ ਜਿਹਨੂੰ ਉਹਦੇ ਪਿਓ ਦੇ ਮਰਨ ਤੋਂ ਬਾਅਦ ਉਹਦੇ ਪਿਓ ਦੇ ਧਰਮ ਭਰਾ ਬਣੇ ਨਵਾਬ ਬਦਰੂਦੀਨ (ਅਸ਼ੋਕ ਕੁਮਾਰ) ਨੇ ਵਿਦੇਸ਼ ‘ਚ ਆਪਣੇ ਖਰਚੇ ‘ਤੇ ਪੜਾਇਆ ਹੈ। ਯਾਨਿ ਕਿ ਧਰਮ ਆਪੋ ਆਪਣੇ ਨਿਜੀ ਅਹਿਸਾਸ ਅਤੇ ਰਿਸ਼ਤਿਆਂ ਅੰਦਰਲਾ ਪਿਆਰ ਬੇਜੋੜ ਖੂਬਸੂਰਤ ਉਦਾਹਰਨ ਸੀ।ਘੱਟੋ ਘੱਟ ਧਰਮਪੁੱਤਰ ਫਿਲਮ ਦੇ ਸੰਵਾਦ ਵਿਸਥਾਰ ਨਾਲ ਬਾਰ ਬਾਰ ਸੁਣੀਏ ਅਤੇ ਇਹ ਫਿਲਮ ਅੱਜ ਦੇ ਉਸ ਮਾਹੌਲ ਨੂੰ ਬੇਨਕਾਬ ਤਾਂ ਕਰਦੀ ਹੈ ਜੋ ਦੋ ਦੇਸ਼ਾਂ ਵਿੱਚ ਰੁਲੀ ਹੋਈ ਸਾਂਝੀ ਧਰਤੀ ਦੀ ਮੁਹੱਬਤ ਨੂੰ ਪੁੰਗਰਨ ਤੱਕ ਨਹੀਂ ਦੇ ਰਹੀ।

ਵਾਹਗਾ ਬਾਰਡਰ ਦੀ ਪਰੇਡਾਂ ਅਤੇ ਮਾਰਚ (ਭਾਰਤ ਅਤੇ ਪਾਕਿਸਤਾਨ ਦੋਵੇਂ ਪਾਸੇ) ਸਾਂਝੇ ਪੰਜਾਬ ਦੇ ਦਰਦ ਨੂੰ ਕਿੱਥੇ ਜਗ੍ਹਾ ਦਿੰਦੀਆਂ ਹਨ? ਜਦੋਂ ਮੈਂ ਲਾਹੌਰੀਏ ਫਿਲਮ ਵੇਖਦਾਂ ਹਾਂ ਤਾਂ ਉਹਨੂੰ ਵਡਿਆਉਣ ਦਾ ਇੱਕ ਕਾਰਣ ਇਹ ਵੀ ਹੈ ਕਿ ਜਦੋਂ ਚੈਨਲ ਬਿਨਾਂ ਇਜਾਜ਼ਤ ਅਤੇ ਬਿਨਾਂ ਤਸਦੀਕ ਕੀਤੇ ਖਬਰਾਂ ਫੈਲਾ ਦਿੰਦੇ ਹਨ ਅਤੇ ਨਫਰਤ ਦੀ ਪੂਰੀ ਖੇਡ ਚੱਲਦੀ ਹੈ। ਅਜਿਹੇ ‘ਚ ਉਹ ਫਿਲਮਾਂ ਜੋ ਏਜੰਟ ਵਿਨੋਦ, ਫੈਂਟਮ ਜਿਹੀਆਂ ਰਾਸ਼ਟਰ ਭਗਤੀ ਦੀ ਭਾਵਨਾ ਦਾ ਦਾਅਵਾ ਤਾਂ ਕਰਦੀਆਂ ਹਨ ਪਰ ਉਸ ਭਾਵਨਾ ਦੇ ਉਹਲੇ ਸਿਵਾਏ ਨਫਰਤ ਤੋਂ ਹੋਰ ਕੁਝ ਨਹੀਂ ਪੇਸ਼ ਕਰ ਰਹੀਆਂ। ਅਜਿਹੇ ‘ਚ ਲਾਹੌਰੀਏ ਸਰਹੱਦਾਂ ਤੋਂ ਪਾਰ ਪੰਜਾਬ ਨੂੰ ਸਾਝਾਂ ਕਰਦੀ ਹੈ।ਜੇ ਇਹ ਫਿਲਮ ਹਿੰਦੀ ‘ਚ ਬਣਦੀ ਤਾਂ ਹੋ ਸਕਦਾ ਹੈ ਪੰਜਾਬ ਤੋਂ ਬਾਹਰ ਅਸਫਲ ਵੀ ਹੋ ਜਾਵੇ। ਕਿਉਂਕਿ ਭਾਰਤ ਅਤੇ ਪਾਕਿਸਤਾਨ ਨੂੰ ਇੱਕ ਹੋਰ ਮੁਹੱਬਤ ਭਰੇ ਨਜ਼ਰੀਏ ਨਾਲ ਵੇਖਣ ਵਾਲੇ ਲੋਕਾਂ ਦੀ ਗੱਲ ਅਜੀਬੋ ਗਰੀਬ ਫੈਲਿਆ ਰਾਸ਼ਟਰਵਾਦ ਨਹੀਂ ਸਮਝ ਸਕਦਾ।

ਦੀ ਰਿਲੱਕਟੈਂਟ ਫੰਡਾਮੈਂਟਲਿਸਟ, ਐਗਜ਼ਿਟ ਏਸ਼ੀਆ ਵਰਗੀਆਂ ਕਿਤਾਬਾਂ ਦਾ ਲੇਖਕ ਮੋਹਸਿਨ ਹਾਮਿਦ ਨੇ ਪਿੱਛੇ ਜੇ ਇੱਕ ਅਖਬਾਰ ਨੂੰ ਦਿੱਤੀ ਇੰਟਰਵਿਊ ‘ਚ ਕਿਹਾ ਸੀ ਕਿ ਜਿਹੜੇ ਰਾਹ ‘ਤੇ ਤੁਰਕੇ ਪਾਕਿਸਤਾਨ ਨੇ ਆਪਣਾ ਭੱਵਿਖ ਕੱਟੜਤਾ ‘ਚ ਸੁੱਟਿਆ ਹੈ। ਉਸੇ ਰਾਹ ‘ਤੇ ਹੁਣ ਭਾਰਤ ਤੁਰ ਰਿਹਾ ਹੈ ਅਤੇ ਭਾਰਤ ਨੂੰ ਸਮਾਂ ਰਹਿੰਦਿਆ ਸੰਭਲਣਾ ਚਾਹੀਦਾ ਹੈ।

ਅਜਿਹੇ ‘ਚ ਫਿਲਮ ਧਰਮਪੁੱਤਰ ਨੂੰ ਵੇਖਦਿਆਂ ਇਹ ਖੁਸ਼ੀ ਹੁੰਦੀ ਹੈ ਕਿ ਜਦੋਂ ਧਰਮਪੁੱਤਰ ਅੰਦਰ ਜਿਸ ਪਿਆਰ ਭਰੇ ਮਾਹੌਲ ਦੇ ਇਨਸਾਨ ਹਨ ਉਸ ਦੀ ਇੱਕ ਉਦਾਹਰਨ ਅੱਜ ਵੀ ਅੰਡਮਾਨ ਨਿਕੋਬਾਰ ਵਿਖੇ ਮਿਲਦੀ ਹੈ। ਪਿਛਲੇ ਦਿਨਾਂ ਅੰਦਰ ਪੰਜਾਬੀ ਯੂਨੀਵਰਸਿਟੀ ਦੇ ਇਨਸਾਈਕਲੋਪੀਡੀਆ ਆਫ ਸਿੱਖਇਜ਼ਮ ਵਾਲੇ ਵਿਭਾਗ ਦੇ ਡਾ.ਪਰਮਵੀਰ ਸਿੰਘ ਹੁਣਾਂ ਨਾਲ ਮੁਲਾਕਾਤ ਹੋਏ ਸੀ। ਉਨ੍ਹਾਂ ਮੁਤਾਬਕ ਅੰਡਮਾਨ ‘ਚ ਤੁਹਾਨੂੰ ਬਹੁਤ ਸਾਰੇ ਅਜਿਹੇ ਪਰਿਵਾਰ ਮਿਲ ਜਾਣਗੇ ਜਿੰਨ੍ਹਾ ‘ਚ ਮੁਸਲਮਾਨ, ਹਿੰਦੂ, ਸਿੱਖ ਭਾਵ ਕਿ ਵੱਖੋ ਵੱਖਰੇ ਧਰਮ ਦੇ ਬੰਦੇ ਇੱਕੋ ਪਰਿਵਾਰ ‘ਚ ਮਿਲ ਜਾਣਗੇ। ਇਹ ਪਿਆਰਾ ਵੀ ਹੈ ਤੇ ਕਮਾਲ ਵੀ ਹੈ। ਜੇ ਅਜਿਹਾ ਹੈ ਤਾਂ ਰਾਸ਼ਟਰਵਾਦ ਨੂੰ ਅੰਡਮਾਨ ਕਾਲੇ ਪਾਣੀ ਦੀ ਸਜ਼ਾ ਹੋਣੀ ਚਾਹੀਦੀ ਹੈ ਅਤੇ ਅੰਡਮਾਨ ਤੋਂ ਅਜਿਹੀ ਹਵਾ ਇੱਧਰ ਨੂੰ ਵਹਿਣੀ ਚਾਹੀਦੀ ਹੈ। ਨਹੀਂ ਤਾਂ ਧਰਮਪੁੱਤਰ ਦਾ ਸਾਹਿਰ ਲੁਧਿਆਣਵੀ ਦਾ ਲਿਖਿਆ ਗੀਤ ਸਦੀਵੀ ਸਵਾਲ ਹੈ-

ਯੇ ਕਿਸਕਾ ਲਹੂ ਹੈ ਕੋਣ ਮਰਾ ?

ਵੰਡ ਨੂੰ ਲੈਕੇ ਜਿਹੜੇ ਸਵਾਲਾਂ ਦੇ ਅਸੀ ਰੂਬਰੂ ਹੁੰਦੇ ਹਾਂ ਉਨ੍ਹਾਂ ‘ਚੋਂ ਅਸੀ ਉਨ੍ਹਾਂ ਵੇਲਿਆਂ ‘ਚ ਹੋਈ ਵੱਡ-ਟੁੱਕ ਨੂੰ ਲੈਕੇ, ਆਪਣੀਆਂ ਕੁੜੀਆਂ, ਧੀਆਂ ਭੈਣਾਂ ਦੇ ਉਧਾਲਣ ਅਤੇ ਉਨ੍ਹਾਂ ਦੀ ਬੇਆਬਰੂ ਹੁੰਦੀ ਪੱਤ, 10 ਲੱਖ ਤੋਂ ਵੱਧ ਹੋਏ ਕਤਲਾਂ ਦਾ ਕਾਰਨ ਅੰਗਰੇਜ਼ ਮੰਨਦੇ ਹਾਂ। ਲਾਹੌਰ ਤੋਂ ਡਾ.ਇਸ਼ਤਿਆਕ ਅਹਿਮਦ ਆਪਣੀ ਕਿਤਾਬ ‘ਪੰਜਾਬ:ਬਲੱਡੀਡ, ਪਾਰਟੀਸ਼ਨਡ ਐਂਡ ਕਲੈਨਸਡ’ ‘ਚ ਅਜ਼ਾਦੀ ਦੇ ਓਹਲੇ ਇਸ ਖੂਨੀ ਵੰਡ ਨੂੰ ਸੱਭਿਅਤਾਵਾਂ ਦੇ ਇਤਿਹਾਸ ‘ਚ ਜ਼ਬਰਦਸਤੀ ਦਾ ਪਰਵਾਸ, ਇੱਕ ਕੌਮ ਦਾ ਉਜਾੜਾ ਅਤੇ ਸੋਚਿਆ ਸਮਝਿਆ ਕਤਲੇਆਮ ਕਰਾਰ ਦਿੰਦੇ ਹਨ। ਇਸ਼ਤਿਆਕ ਅਹਿਮਦ ਮੁਤਾਬਕ ਇਹ ਯਹੂਦੀਆਂ ਦੇ ਕਤਲੇਆਮ, ਯੋਗੋਸਲਾਵੀਆ ਦੀ ਤ੍ਰਾਸਦੀ, ਰਵਾਂਡਾ ਅਤੇ ਸੁਡਾਨ ਦੇ ਪੱਛਮ ‘ਚ ਸਥਿਤ ਖੇਤਰ ਦਾਫੁਰ ਦੇ ਕਤਲੇਆਮ ਵਰਗਾ ਹੈ।

ਆਖਰ ਹੈ ਤਾਂ ਇਹ ਅਜਿਹਾ ਉਜਾੜਾ ਹੈ ਜਿਹਦੀ ਟੀਸ ਲਈ ਇਹਦੀ ਜੱਦ ‘ਚ ਆਏ ਦਿਲ ਸਦਾ ਮਰਸੀਆ ਹੀ ਗਾਉਂਦੇ ਰਹੇ ਹਨ। 6.5 ਮਿਲੀਅਨ ਮੁਸਲਮਾਨ ਇੱਧਰੋਂ ਪੱਛਮ ਪੰਜਾਬ ਵੱਲ ਕਾਫਲੇ ਲੈ ਤੁਰਿਆ ਅਤੇ 6 ਮਿਲੀਅਨ ਲਹਿੰਦੇ ਪੰਜਾਬ ਵੱਲੋਂ ਹਿੰਦੂ ਸਿੱਖ ਪਰਵਾਸ ਕਰਦਾ ਪੂਰਬੀ ਪੰਜਾਬ ‘ਚ ਦਾਖਲ ਹੋਇਆ। ਇਸ ਦੌਰਾਨ 10 ਲੱਖ ਤੋਂ ਵੱਧ ਵੰਡ ਵੇਲੇ ਕਤਲੇਆਮ ਦਾ ਸ਼ਿਕਾਰ ਹੋਏ।

ਰਾਜਮੋਹਨ ਗਾਂਧੀ ਨੇ ਆਪਣੀ ਕਿਤਾਬ ਪੰਜਾਬ:ਔਰੰਗਜ਼ੇਬ ਤੋਂ ਮਾਉਂਟਬੇਟਨ ਤੱਕ ਦਾ ਇਤਿਹਾਸ ‘ਚ ਜ਼ਿਕਰ ਕਰਦੇ ਹਨ-
“ਕੁਝ ਔਰਤਾਂ ਨੇ ਇੱਜ਼ਤਾਂ ਬਚਾਉਣ ਲਈ ਖੂਹਾਂ ਜਾਂ ਦਰਿਆਵਾਂ ਵਿੱਚ ਛਾਲਾਂ ਮਾਰ ਦਿੱਤੀਆਂ। ਕਈਆਂ ਨੇ ਖ਼ੁਦ ਪਰਿਵਾਰ ਦੀਆਂ ਨੂੰਹਾਂ ਧੀਆਂ ਮਾਰ ਦਿੱਤੀਆਂ ਤਾਂ ਕਿ ਵੈਰੀ ਦੇ ਹੱਥ ਨਾ ਆ ਸਕਣ। ਕਈ ਔਰਤਾਂ ਗਲਤੀ ਨਾਲ ਮਾਰ ਦਿੱਤੀਆਂ, ਪਿੱਛੋਂ ਪਤਾ ਲੱਗਾ ਕਿ ਨਹੀਂ ਇਹ ਤਾਂ ਹਿੰਦੂ ਰਫਿਊਜ਼ੀਆਂ ਦਾ ਕਾਫਲਾ ਆ ਰਿਹਾ ਸੀ,ਖ਼ਬਰ ਆ ਗਈ ਸੀ ਕਿ ਬਲੋਚ ਰਜਮੈਂਟ ਆ ਪੁੱਜੀ ਹੈ।
ਰਫਿਊਜ਼ੀਆਂ ਦੇ ਕਾਫ਼ਲੇ ਵਿੱਚ ਆਉਂਦੀਆਂ ਔਰਤਾਂ ਲਾਚਾਰ ਖਾਵੰਦ, ਪਿਤਾ ਜਾਂ ਭਰਾਵਾਂ ਕੋਲੋਂ ਖੋਹ ਲਈਆਂ ਜਾਂਦੀਆਂ। ਹਮਲਾਵਰ ਆਪੋ ਵਿੱਚ ਵੰਡ ਲੈਂਦੇ, ਪੁਲਸ ਵਾਲੇ ਪਹਿਲਾਂ ਆਪਣੇ ਹਿੱਸੇ ਦਾ ਮਾਲ ਛਾਂਟਦੇ। ਬਲਾਤਕਾਰ ਪਿੱਛੋਂ ਅਕਸਰ ਕਤਲ।”

ਰਾਮਚੰਦਰ ਗੁਹਾ ਆਪਣੀ ਕਿਤਾਬ ‘ਇੰਡੀਆ ਆਫਟਰ ਗਾਂਧੀ’ ‘ਚ ਵੀ ਜ਼ਿਕਰ ਕਰਦੇ ਹਨ ਕਿ ਲਾਰਡ ਮਾਉਂਟਬੇਟਨ ਦੀ ਜੀਵਣੀ ਲਿਖਣ ਵਾਲਾ ਜੀਗਲਰ ਵੀ ਮਰਨ ਵਾਲਿਆਂ ਦੀ ਗਿਣਤੀ 10 ਲੱਖ ਲਿਖ ਰਿਹਾ ਸੀ। ਬਾਅਦ ‘ਚ ਕੁਝ ਵਿਦਵਾਨਾਂ ਨੇ ਜ਼ਿਕਰ ਕੀਤਾ ਹੈ ਕਿ ਮਰਨ ਵਾਲਿਆਂ ਦੀ ਗਿਣਤੀ 20 ਲੱਖ ਸੀ।ਗੁਹਾ ਮੁਤਾਬਕ ਪਲਾਇਨ ਦੀ ਇਸ ਸਮੱਸਿਆ ‘ਚ ਜ਼ਮੀਨੀ ਬਟਵਾਰਾ ਵੀ ਵੱਡੀ ਸਮੱਸਿਆ ਸੀ। ਕਿਉਂਕਿ ਹਿੰਦੂ ਸਿੱਖ ਮੁਹਾਜਿਰ ਪੱਛਮੀ ਪੰਜਾਬ ਤੋਂ 29 ਲੱਖ ਹੈਕਟੇਅਰ ਦੀ ਜ਼ਮੀਨਾਂ ਛੱਡਕੇ ਪੂਰਬੀ ਪੰਜਾਬ ‘ਚ ਆਏ ਸਨ ਪਰ ਪੂਰਬੀ ਪੰਜਾਬ ‘ਚੋਂ ਮੁਸਲਮਾਨਾਂ ਵੱਲੋਂ ਛੱਡੀ ਗਈ ਜ਼ਮੀਨ ਸਿਰਫ 19 ਲੱਖ ਹੈਕਟੇਅਰ ਸੀ।ਸੋ ਇਸ ਸਾਰੇ ਵਰਤਾਰੇ ‘ਚ ਵੱਡਾ ਘਾਤ ਇਹ ਹੈ ਕਿ ਅਸੀ ਸਰਕਾਰਾਂ ਨੂੰ ਵੀ ਦੋਸ਼ ਦਿੰਦੇ ਹਾਂ।ਬੇਸ਼ੱਕ ਉਹ ਜ਼ਿੰਮੇਵਾਰ ਵੀ ਹਨ। ਪਰ ਸਾਡੇ ‘ਚ ਘਾਟ ਕਿੱਥੇ ਸੀ ? 

ਕੱਲ੍ਹ ਤੱਕ ਤਾਂ ਅਸੀ ਸਾਂਝੇ ਖ਼ਵਾਜ਼ੇ ਦੇ ਮੱਥੇ ਵੀ ਟੇਕਦੇ ਸਾਂ ਅਤੇ ਪਹਿਲੇ ਪਹਿਰ ਤਾਰਿਆਂ ਦੀ ਲੋਅ ‘ਚ ਖੇਤ ਵੀ ਸਾਂਝੇ ਹੋ ਜੋਤਦੇ ਸਾਂ।ਸਾਡਾ ਤਾਇਆ ਬਸ਼ੀਰਾ ਵੀ ਸੀ ਤੇ ਪਿੰਡ ਦਾ ਚੌਧਰੀ ਜਗਤ ਸਿੰਘ ਰਾਹ ‘ਚ ਪਿੰਡ ਦੇ ਜਵਾਈ ਅਮਾਨਤ ਅਲੀ ਨੂੰ ਆਉਂਦਿਆ ਵੇਖ ਆਪਣੀ ਘੋੜੀ ਤੋਂ ਉੱਤਰ ਉਹਨੂੰ ਘੋੜੀ ‘ਤੇ ਬਿਠਾ ਪਿੰਡ ਉਹਦੇ ਸੁਹਰੇ ਘਰ ਛੱਡਦਾ ਸੀ, ਕਿਉਂਕਿ ਉਹ ਪਿੰਡ ਦਾ ਜਵਾਈ ਸੀ। ਇੰਝ ਧਰਮਾਂ ਤੋਂ ਉੱਪਰ ਪੰਜਾਬੀਅਤ ਦੀ ਗੁੜਤੀ ‘ਚ ਰਿਸ਼ਤੇ ਨਿਭਦੇ ਸਨ। ਬਸੰਤ ਕੌਰ, ਕਮਲਾ ਅਤੇ ਫੌਜ਼ੀਆ ਆਪਸ ‘ਚ ਸਹੇਲੀਆਂ ਸਨ। ਕਦੀ ਚਿੱਤ ਚੇਤਿਆਂ ‘ਚ ਵੀ ਨਹੀਂ ਸੀ ਕਿ ਅਸੀ ਇੰਝ ਇੱਕ ਦੂਜੇ ਦੀ ਪੱਤ ਰੋਲਾਂਗੇ ਅਤੇ ਵੱਡ-ਟੁੱਕ ਕਰਾਂਗੇ।

ਇਹ ਮਰਨ ਵਾਲੇ ਵੀ ਸਾਡੇ ਸੀ ਅਤੇ ਮਾਰਨ ਵਾਲੇ ਵੀ ਸਾਡੇ ਸੀ।ਇਹ ਤਾਰੀਖ਼ ‘ਚ ਦਰਜ ਹੈ ਕਿ ਅਗਸਤ 1947 ਨੂੰ ਪੰਜਾਬੀ ਆਪਣੇ ਸਾਂਝੀਵਾਲਤਾ ਦੇ ਫਲਸਫੇ ਤੋਂ ਪਹਿਲੀ ਵਾਰ ਮੁਣਕਰ ਹੋਏ ਸੀ। ਹੁਣ 73 ਸਾਲ ਬਾਅਦ ਅਸੀ ਆਪਣੇ ਆਪ ਨੂੰ ਕਿੱਥੇ ਵੇਖਦੇ ਹਾਂ ?

ਅੰਮ੍ਰਿਤਾ ਪ੍ਰੀਤਮ ਦੇ ਨਾਵਲ ਪਿੰਜਰ ਦੇ ਪਾਤਰ ਰਸ਼ੀਦ ਕੋਲ ਪੂਰੋ ਨਾਲ ਕੀਤੀ ਵਧੀਕੀ ਦੀ ਸ਼ਰਮ ਹੈ। ਉਹ ਆਪਣੇ ਗੁਨਹਾਗਾਰ ਹੋਣ ਨੂੰ ਲੈਕੇ ਪਛਤਾਵੇ ‘ਚ ਹੈ। ਅਸਲ ‘ਚ ਅਸੀ ਕੀ ਆਪਣਾ ਅਜਿਹਾ ਗੁਨਾਹ ਕਬੂਲ ਕਰਾਂਗੇ ? ਸ਼ਾਇਦ ਪਹਿਲੀ ਵਾਰ ਇਹ ਕੌਸ਼ਿਸ਼ 3 ਸਿੰਤਬਰ 2017 ਨੂੰ ਸਵੇਰੇ ਦੱਸ ਵਜੇ ਪੰਜਾਬੀ ਭਵਨ ਲੁਧਿਆਣਾ ‘ਚ ਹੋ ਰਹੀ ਸੀ। ਜਿੱਥੇ ਵੰਡ ਵੇਲੇ ਹੋਏ ਕਤਲਾਂ ਦੀ ਮੁਆਫੀ ਸਮੂਹਿਕ ਜ਼ਿੰਮੇਵਾਰੀ ਮੰਨਦਿਆਂ ਮੰਗੀ ਜਾ ਰਹੀ ਸੀ। 71 ਸਾਲ ਬਾਅਦ ਅਸੀ ਇਹ ਗੁਨਾਹ ਕਬੂਲ ਕਰਨ ਦੀ ਗੱਲ ਕਰ ਰਹੇ ਸਾਂ। ਸਰਕਾਰਾਂ ਨੇ ਜੋ ਕੀਤੀ ਸੋ ਕੀਤਾ ਪਰ ਅਸੀ ਖੁਦ ਵੀ ਇਸ ਲਈ ਜ਼ਿੰਮੇਵਾਰ ਸੀ।

ਮੇਰੀ ਚੇਤਨਾ ‘ਚ ਇਹ ਪਹਿਲਾਂ ਮੌਕਾ ਸੀ ਜਦੋਂ ਪੰਜਾਬੀਆਂ ਨੇ ਆਪਣੀ ਅਜਿਹੀ ਹੋਣੀ ਲਈ ਇੱਕਠ ‘ਚ ਆਪਣੇ ਮੋਏ ਮਿੱਤਰਾਂ ਤੋਂ ਪੰਜਾਬੀਅਤ ਦੀ ਰੂਹਦਾਰੀ ‘ਚ ਮਾਫੀ ਮੰਗੀ ਹੋਵੇ। ਇਨਸਾਨੀਅਤ ਇੰਝ ਹੀ ਮੁੜ ਸੁਰਜੀਤ ਹੋਵੇਗੀ।ਅਜਿਹੀਆਂ ਕੌਸ਼ਿਸ਼ਾਂ ਨੂੰ ਸਿਜਦਾ ਹੋਣ ਨੂੰ ਜੀ ਕਰਦਾ ਹੈ।ਇਹ ਬਹੁਤ ਵੱਡਾ ਵਰਤਾਰਾ ਹੈ।

1947 ਨੂੰ ਵੰਡ ਵੇਲੇ ਉਹ ਹਿੰਦੂ, ਸਿੱਖਣੀਆਂ,ਮੁਸਲਮਾਨਣੀਆਂ ਸਾਡੀਆਂ ਆਪਣੀਆਂ ਹੀ ਸਨ। ਉਨ੍ਹਾਂ ਦੀ ਲੁੱਟੀ ਪੱਤ ਲਈ ਸਾਨੂੰ ਹੀ ਮਾਫੀ ਮੰਗਣੀ ਪਵੇਗੀ। ਸਾਨੂੰ ਹੀ ਸ਼ਰਮਸਾਰ ਹੋਣਾ ਪਵੇਗਾ ਅਤੇ ਅਹਿਦ ਲੈਣਾ ਪਵੇਗਾ ਕਿ ਅਸੀ ਮਨੁੱਖਤਾ ਨੂੰ ਇੰਝ ਮੁੜ ਸ਼ਰਮਸਾਰ ਨਹੀਂ ਹੋਣ ਦਿਆਂਗੇ। ਇਸ ਅਰਦਾਸ ‘ਚ ਮੈਂ ਖੁਦ ਸ਼ਾਮਲ ਸੀ । ‘ਆਲਮੀ ਪੰਜਾਬੀ ਅਦਬੀ ਸੰਗਤ’ ਪੰਜਾਬੀ ਭਵਨ ਲੁਧਿਆਣਾ ‘ਚ ਇਹ ਇੱਕਠ ‘ਉਮੀਦ ਦੇ ਬੰਦੇ’ ਹੀ ਕਰ ਸਕਦੇ ਸਨ।

ਇਸ ਤੋਂ ਪਹਿਲਾਂ ਅਜਿਹਾ ਹੰਭਲਾ ‘ਪੰਜਾਬੀ ਸੱਥ’ ਵਾਲਿਆਂ ਕੀਤਾ ਸੀ। ਅਜਿਹੇ ਵਰਤਾਰੇ ਮੁੜ ਮੁੜ ਵਾਪਰਣੇ ਚਾਹੀਦੇ ਹਨ ਜੋ ਮਨੁੱਖਤਾ ਲਈ ਉਮੀਦ ਬਣਦੇ ਹਨ। ਉਮੀਦ ਦੇ ਅਜਿਹੇ ਬੰਦਿਆਂ ਦੇ ਨਾਲ ਮੁੜ ਮੁੜ ਕਾਫਲਾ ਬਣਾਉਣਾ ਚਾਹੀਦਾ ਹੈ। ਪੰਜਾਬੀ ਸੱਥ ‘ਚ ਮੋਤਾ ਸਿੰਘ ਸਰਾਏ, ਡਾ.ਨਿਰਮਲ ਸਿੰਘ ਲਾਂਬੜਾ ਹੁਣਾਂ ਨੇ ਪਾਕਿਸਤਾਨ ਤੋਂ ਆਈ ਅਫ਼ਜ਼ਲ ਤੌਸੀਫ਼ ਤੋਂ ਮੁਆਫੀ ਮੰਗੀ ਸੀ। ਇਸ ਬਹਾਨੇ ਉਨ੍ਹਾਂ ਪੂਰੀ ਪੰਜਾਬੀ ਕੌਮ ਤੋਂ ਮਾਫੀ ਮੰਗੀ ਸੀ।

ਅਫ਼ਜ਼ਲ ਤੌਸੀਫ ਵੰਡ ਵੇਲੇ ਇੱਧਰੋਂ ਲਹਿੰਦੇ ਪੰਜਾਬ ‘ਚ ਗਈ ਸੀ।ਇਸ ਮੌਕੇ ਉਹਦੀਆਂ ਭੈਣਾਂ ਇੱਧਰ ਰਹਿ ਗਈਆਂ ਸਨ। ਅਫ਼ਜ਼ਲ ਤੌਸੀਫ ਸਾਰੀ ਜ਼ਿੰਦਗੀ ਉਨ੍ਹਾਂ ਨੂੰ ਲੱਭਦੀ ਰਹੀ। ਕਈਆਂ ਦਾ ਕਹਿਣਾ ਸੀ ਕਿ ਉਹ ਹੱਲਿਆਂ ‘ਚ ਮਾਰੀਆਂ ਗਈਆਂ। ਕਈਆਂ ਦਾ ਕਹਿਣਾ ਸੀ ਕਿ ਉਨ੍ਹਾਂ ‘ਚੋਂ ਇੱਕ ਭੈਣ ਬੱਚ ਗਈ ਸੀ ਅਤੇ ਇੱਧਰ ਹੀ ਕਿਸੇ ਨਾਲ ਵਿਆਹੀ ਗਈ ਸੀ। ਪਰ ਪੂਰਾ ਸੱਚ ਕਦੀ ਪਤਾ ਨਹੀਂ ਲੱਗਾ। ਅਫ਼ਜ਼ਲ ਤੌਸੀਫ ਆਪਣੇ ਵਿਛੜਿਆਂ ਨੂੰ ਉਡੀਕਦੀ ਇਸ ਫਾਨੀ ਸੰਸਾਰ ਨੂੰ ਅਲਵਿਦਾ ਕਹਿ ਗਈ ਹੈ। ਉਹਦੀ ਪੀੜ ਉਹਦੀ ਕਹਾਣੀਆਂ ‘ਚ ਜ਼ਿੰਦਾ ਹੈ। ਉਹਦੀ ਕਿਤਾਬ ‘ਬੇਲੇ ਦੇ ਪਿੱਛੇ ਪਿੱਛੇ’ ਪੜ੍ਹਣ ਵਾਲੀ ਹੈ।

ਅਖ਼ੀਰ ‘ਚ ਇਸ ਮੌਕੇ ਅਮਰਜੀਤ ਚੰਦਨ ਦੀ ਕਵਿਤਾ ਦਾ ਜ਼ਿਕਰ ਕਰਨਾ ਬਣਦਾ ਹੈ-
ਸਿੱਖਣੀ ਫ਼ਾਤਿਮਾ ਬੀਬੀ ਉਰਫ਼ ਜਿੰਦਾਂ
ਪਿੰਡ ਚੀਚੋਕੀ ਮੱਲ੍ਹੀਆਂ ਨਜ਼ਦੀਕ ਲਹੌਰ
ਜਦ ਸ਼ੇਖ਼ੂਪੁਰ ਦੇ ਹੀਰਾ ਸਿੰਘ ਦੀ ਧੀ ਜਿੰਦਾਂ ਨੂੰ ਸੀ ਸਾਲ ਸੋਲ੍ਹਵਾਂ ਲੱਗਾ
ਇਹ ਗੱਲ ਉਦੋਂ ਦੀ ਹੈ
ਜਦ ਨਾਨਕ ਦੇ ਮੱਥੇ ਦੇ ਉੱਤੇ
ਕਿਸੇ ਮੁਜਾਹਿਦ ਚੰਨ ਤੇ ਤਾਰਾ ਖੁਣਿਆ
ਪੰਜ ਨਦੀਆਂ ਰੱਤ ਉੱਛਲ਼ੀ
ਹੱਥ ਦੀਆਂ ਪੰਜੇ ਉਂਗਲਾਂ ਇੱਕੋ ਜਿਹੀਆਂ ਹੋਈਆਂ
ਲੋਕੀ ਘਰ ਬੈਠੇ ਪਰਦੇਸੀ ਹੋਏ
ਗੁਰੁ ਦੇ ਘਰ ਤੋਂ ਗੁਰੁ ਕੀ ਨਗਰੀ
ਜਾਂਦੀ ਰੇਲ ਦੀ ਗੱਡੀ ਰਸਤੇ ਰੋਕੀ ਚੀਚੋ ਮੱਲ੍ਹੀਆਂ
ਇਸਮਤ ਰੋਲ਼ੀ ਕੱਖ ਨਾ ਛੱਡਿਆ
ਬੁੜ੍ਹੀਆਂ ਬੱਚੇ ਬੰਦੇ ਡੱਕਰੇ ਕਰ ਕਰ ਸੁੱਟੇ
ਕੰਜਕਾਂ ਕੁੜੀਆਂ ਹੱਥੋਂ ਹੱਥੀਂ ਵਿਕੀਆਂ
ਪਿੰਡ ਦਾ ਮੁੱਲਾਂ ਰੱਬ ਦਾ ਬੰਦਾ
ਰਾਜ ਵਿੱਚ ਰੁਲ਼ਦੀ ਜਿੰਦਾ ਨੂੰ ਘਰ ਲੈ ਆਇਆ
ਉਸਨੇ ਉਸਨੂੰ ਕਰ ਲੀਤਾ
ਜਿੰਦਾਂ ਤੋਂ ਉਹ ਹੋਈ ਫ਼ਾਤਿਮਾ
ਸਿੱਖਣੀ ਨੇ ਫਿਰ ਸੁੱਲੇ ਜੰਮੇ
ਚਾਰ ਪੁੱਤਰ ਪੰਜ ਧੀਆਂ
ਹੌਲ਼ੀ ਹੌਲ਼ੀ ਹਉਕੇ ਮੁੱਕੇ ਹੰਝੂ ਸੁੱਕੇ
ਲੋਕੀਂ ਹੁਣ ਵੀ ਉਹਨੂੰ ਸਿੱਖਣੀ ਆਖ ਸੱਦਾਂਦੇ
ਰੀਲ ਯਾਦਾਂ ਦੀ ਟੁੱਟਦੀ ਜੁੜਦੀ ਚਲਦੀ ਰਹਿੰਦੀ
ਚੀਕਾਂ ਦੀ ਅਵਾਜ਼ ਨਾ ਸੁਣਦੀ
ਅੱਖੀਆਂ ਰੋਵਣ ਪਰ ਅੱਥਰੂ ਨਹੀਂ ਹਨ
ਬੁੜ੍ਹੀ ਫ਼ਾਤਿਮਾ ਆਂਹਦੀ :
ਨਾ ਰੋ ਬਾਊ
ਹੰਝ ਵਹਾਵਣ ਦਾ ਕੀ ਫ਼ਾਇਦਾ ਹੈ ?
ਨਿਤ ਉਡੀਖਾਂ ਆਹ ਦਿਨ ਆਇਆ
ਸਾਹ ਆਖ਼ਰੀ ਕਦ ਆਉਣਾ ਹੈ
ਜਦ ਵੀ ਆਇਆ ਬੜਾ ਹੀ ਮਿੱਠਾ ਹੋਣਾ…


rajwinder kaur

Content Editor

Related News