ਚੋਰੀ ਕਰਨ ਵਾਲੇ ਚੋਰ ਨੂੰ ਰੰਗੇ ਹੱਥੀਂ ਕੀਤਾ ਕਾਬੂ, ਸੋਸ਼ਲ ਮੀਡੀਆ ''ਤੇ ਵਾਇਰਲ ਹੋਈ ਛਿੱਤਰ ਪਰੇਡ ਦੀ ਵੀਡੀਓ

02/28/2021 5:15:42 PM

ਤਰਨਤਾਰਨ (ਰਮਨ)-  ਚੋਰੀ ਕਰਨ ਵਾਲੇ ਚੋਰ ਨੂੰ ਜਦੋਂ ਲੋਕਾਂ ਨੇ ਰੰਗੇ ਹੱਥੀਂ ਕਾਬੂ ਕਰਕੇ ਗੋਇੰਦਵਾਲ ਪੁਲਸ ਹਵਾਲੇ ਕੀਤਾ ਤਾਂ ਚੋਰ ਕੁਝ ਮਿੰਟਾਂ ’ਚ ਹੀ ਪੁਲਸ ਗ੍ਰਿਫ਼ਤ ਤੋਂ ਬਾਹਰ ਹੋ ਗਿਆ, ਜਿਸ ਤੋਂ ਬਾਅਦ ਇਸ ਸਾਰੇ ਮਾਮਲੇ ਨੂੰ ਸੋਸ਼ਲ ਮੀਡੀਆ ’ਤੇ ਪੀੜਤ ਵਲੋਂ ਵੀਡੀਓ ਰਾਹੀਂ ਵਾਇਰਲ ਕਰਦੇ ਹੋਏ ਪੁਲਸ ਪ੍ਰਸ਼ਾਸਨ ਦੀ ਕਾਰਗੁਜ਼ਰੀ ਦੀ ਪੋਲ ਖੋਲ੍ਹ ਦਿੱਤੀ। ਮਾਮਲਾ ਕਸਬਾ ਗੋਇੰਦਵਾਲ ਸਾਹਿਬ ਦੇ ਫੇਸ-1 ਦੀ ਕੋਠੀ ਦਾ ਹੈ, ਜਿੱਥੇ ਇਕ ਨੌਜਵਾਨ ਵਲੋਂ ਕੋਠੀ ਅੰਦਰ ਦਾਖ਼ਲ ਹੋ ਕੇ ਜ਼ਿਆਦਾਤਰ ਸਾਮਾਨ ਚੋਰੀ ਕਰ ਲਿਆ ਗਿਆ। ਜਦੋਂ ਆਸ ਪਾਸ ਦੇ ਲੋਕਾਂ ਵਲੋਂ ਇਸ ਚੋਰ ਨੂੰ ਰੰਗੇ ਹੱਥੀਂ ਕਾਬੂ ਕਰ ਲਿਆ ਗਿਆ ਤਾਂ ਉਨ੍ਹਾਂ ਵਲੋਂ ਚੋਰ ਨੂੰ ਰੁੱਖ ਨਾਲ ਬੰਨ੍ਹ ਲਿਆ ਗਿਆ। ਜਿੱਥੇ ਚੋਰੀ ਕਰਨ ਵਾਲੇ ਨੌਜਵਾਨ ਨੇ ਆਪਣੀ ਗਲਤੀ ਦੀ ਮੁਆਫੀ ਮੰਗਦੇ ਹੋਏ ਰਿਹਾਅ ਕਰਨ ਦੇ ਤਰਲੇ ਕੀਤੇ।

ਇਸ ਸਬੰਧੀ ਗੋਇੰਦਵਾਲ ਸਾਹਿਬ ਦੇ ਨਿਵਾਸੀ ਤਰਮਨਜੀਤ ਸਿੰਘ ਗਿੱਲ ਨੇ ਫੇਸਬੁੱਕ ’ਤੇ ਲਾਈਵ ਹੋ ਕੇ ਦੱਸਿਆ ਕਿ ਇਸ ਨੌਜਵਾਨ ਨੂੰ ਚੋਰੀ ਕਰਨ ਤੋਂ ਬਾਅਦ ਰੰਗੇ ਹੱਥੀਂ ਫੜ ਕੇ ਥਾਣਾ ਗੋਇੰਦਵਾਲ ਦੀ ਪੁਲਸ ਨੂੰ ਸੌਂਪ ਦਿੱਤਾ ਸੀ ਜੋ ਕੁਝ ਮਿੰਟਾਂ ਬਾਅਦ ਹੀ ਪੁਲਸ ਵਲੋਂ ਛੱਡ ਦਿੱਤਾ ਗਿਆ। ਉਨ੍ਹਾਂ ਦੱਸਿਆ ਕਿ ਚੋਰ ਵਲੋਂ ਚੋਰੀ ਕੀਤਾ ਗਿਆ ਮੋਟਰਸਾਈਕਲ ਥਾਣੇ ਦੀ ਕੁੱਝ ਦੂਰੀ ’ਤੇ ਹੀ ਪੁਰਜਾ-ਪੁਰਜਾ ਕਰਕੇ ਸੁੱਟ ਦਿੱਤਾ ਗਿਆ। ਉਨ੍ਹਾਂ ਪੁਲਸ ਪ੍ਰਸ਼ਾਸਨ ਦੀ ਮਾੜੀ ਕਾਰਗੁਜਾਰੀ ਖ਼ਿਲਾਫ਼ ਕਈ ਸਵਾਲ ਖੜੇ ਕੀਤੇ। ਇਸ ਸਬੰਧੀ ਜਦੋਂ ਐੱਸ.ਐੱਸ.ਪੀ ਧਰੁਮਨ ਐੱਚ ਨਿੰਬਾਲੇ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਇਸ ਸਬੰਧੀ ਉਹ ਡੀ.ਐੱਸ.ਪੀ ਗੋਇੰਦਵਾਲ ਪਾਸੋਂ ਰਿਪੋਰਟ ਲੈਣਗੇ।


Gurminder Singh

Content Editor

Related News