ਪੰਚਾਇਤੀ ਚੋਣਾਂ ਦੀ ਰੰਜਿਸ਼ ਨੂੰ ਲੈ ਘਰ ਉਪਰ ਕੀਤਾ ਗੋਲੀਆਂ ਨਾਲ ਹਮਲਾ

Monday, Oct 07, 2024 - 05:58 PM (IST)

ਤਰਨਤਾਰਨ (ਰਮਨ) : ਪੰਚਾਇਤੀ ਚੋਣਾਂ ਦੌਰਾਨ ਆਪਣੇ ਧੜੇ ਦੀ ਮਦਦ ਕਰਨ ਦੀ ਰੰਜਿਸ਼ ਨੂੰ ਲੈ ਕੇ ਘਰ ਦੇ ਬਾਹਰ ਕਰੀਬ ਇਕ ਦਰਜਨ ਰੋਂਦ ਗੋਲੀਆਂ ਚਲਾਉਣ ਦਾ ਮਾਮਲਾ ਸਾਹਮਣੇ ਆਇਆ ਹੈ, ਜਿਸ ਦੌਰਾਨ ਪਰਿਵਾਰ ਨੇ ਆਪਣੀ ਜਾਨ ਬੜੀ ਮੁਸ਼ਕਿਲ ਨਾਲ ਬਚਾਈ। ਫਿਲਹਾਲ ਥਾਣਾ ਝਬਾਲ ਦੀ ਪੁਲਸ ਨੇ ਇਸ ਮਾਮਲੇ ਵਿਚ ਚਾਰ ਅਣਪਛਾਤੇ ਵਿਅਕਤੀਆਂ ਖਿਲਾਫ ਪਰਚਾ ਦਰਜ ਕਰ ਅਗਲੇਰੀ ਜਾਂਚ ਸ਼ੁਰੂ ਕਰ ਦਿੱਤੀ ਹੈ। ਸਰਵਨ ਸਿੰਘ ਪੁੱਤਰ ਬਲਜੀਤ ਸਿੰਘ ਵਾਸੀ ਸੋਹਲ ਨੇ ਪੁਲਸ ਨੂੰ ਦਿੱਤੇ ਬਿਆਨਾਂ ਵਿਚ ਦੱਸਿਆ ਕਿ ਬੀਤੀ 5 ਅਕਤੂਬਰ ਦੀ ਦਰਮਿਆਨੀ ਰਾਤ ਨੂੰ ਜਦੋਂ ਉਹ ਆਪਣੇ ਪਰਿਵਾਰ ਸਮੇਤ ਘਰ ਵਿਚ ਸੋ ਰਿਹਾ ਸੀ ਤਾਂ ਰਾਤ ਕਰੀਬ ਡੇਢ ਵਜੇ ਉਸ ਨੂੰ ਆਪਣੇ ਘਰ ਦੇ ਬਾਹਰ ਫਾਇਰ ਹੋਣ ਦੀ ਆਵਾਜ਼ ਸੁਣਾਈ ਦਿੱਤੀ ਤਾਂ ਜਦੋਂ ਉਸਨੇ ਪਰਿਵਾਰ ਸਮੇਤ ਘਰ ਦੇ ਉਪਰ ਵਾਲੇ ਪੋਰਸ਼ਨ ’ਤੇ ਜਾ ਕੇ ਵੇਖਿਆ ਤਾਂ ਬਾਹਰ ਤਿੰਨ ਚਾਰ ਅਣਪਛਾਤੇ ਵਿਅਕਤੀ ਉਸਦੇ ਘਰ ਵੱਲ ਨੂੰ ਫਾਇਰ ਕਰ ਰਹੇ ਸਨ, ਜੋ ਕੁਝ ਸਮਾਂ ਬਾਅਦ ਭੁੱਚਰ ਵਾਲੀ ਸਾਈਡ ਨੂੰ ਚਲੇ ਗਏ।

ਉਨ੍ਹਾਂ ਦੱਸਿਆ ਕਿ ਉਸ ਦੇ ਘਰ ਉਪਰ ਕਰੀਬ ਇਕ ਦਰਜਨ ਰੋਂਦ ਗੋਲੀਆਂ ਚਲਾਈਆਂ ਗਈਆਂ ਹਨ ਜੋ ਘਰ ਦੇ ਵੱਖ-ਵੱਖ ਹਿੱਸੇ ਜਿਵੇਂ ਰਸੋਈ ਦੀ ਕੰਧ , ਦਰਵਾਜ਼ੇ ਅਤੇ ਬਾਰੀ ਵਿਚੋਂ ਨਿਕਲ ਕੇ ਅੱਗੇ ਜਾ ਵੱਜੀਆਂ ਹਨ। ਸਰਵਨ ਸਿੰਘ ਨੇ ਦੱਸਿਆ ਕਿ ਇਸ ਫਾਇਰਿੰਗ ਦੀ ਵਜ੍ਹਾ ਰੰਜਿਸ਼ ਇਹ ਹੈ ਕਿ ਉਹ ਆਪਣੇ ਧੜੇ ਦੀ ਮਦਦ ਕਰਦਾ ਹੈ ਅਤੇ ਉਸਨੂੰ ਅਤੇ ਉਸਦੇ ਬੰਦਿਆਂ ਨੂੰ ਡਰਾਉਣ ਖਾਤਰ ਅਣਪਛਾਤੇ ਵਿਅਕਤੀਆਂ ਨੇ ਇਹ ਫਾਇਰ ਕੀਤੇ ਹਨ ਤਾਂ ਜੋ ਡਰਦੇ ਮਾਰੇ ਉਹ ਕਾਗਜ਼ ਵਾਪਸ ਲੈ ਲੈਣ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਏ.ਐੱਸ.ਆਈ ਜਤਿੰਦਰ ਸਿੰਘ ਨੇ ਦੱਸਿਆ ਕਿ ਇਸ ਮਾਮਲੇ ਵਿਚ 4 ਅਣਪਛਾਤੇ ਵਿਅਕਤੀਆਂ ਖਿਲਾਫ ਪਰਚਾ ਦਰਜ ਕਰ 5 ਖੋਲ ਬਰਾਮਦ ਕਰ ਅਗਲੇਰੀ ਜਾਂਚ ਸ਼ੁਰੂ ਕੀਤੀ ਗਈ ਹੈ।


Gurminder Singh

Content Editor

Related News