ਹੱਡ ਚੀਰਵੀਂ ਠੰਡ ਨੇ ਬੱਚਿਆਂ ਤੇ ਬਜ਼ੁਰਗਾਂ ਦਾ ਕੀਤਾ ਬੁਰਾ ਹਾਲ, ਆਵਾਜਾਈ ਹੋਈ ਪ੍ਰਭਾਵਿਤ
Sunday, Dec 21, 2025 - 11:27 AM (IST)
ਤਰਨਤਾਰਨ(ਰਮਨ ਚਾਵਲਾ)- ਤਾਪਮਾਨ ’ਚ ਰੋਜ਼ਾਨਾ ਹੋ ਰਹੀ ਗਿਰਾਵਟ ਕਾਰਨ ਜਿੱਥੇ ਜ਼ਿਲੇ ਵਿਚ ਬੀਤੇ ਕੱਲ ਤੋਂ ਸ਼ੁਰੂ ਹੋਈ ਸੰਘਣੀ ਧੁੰਦ ਨੇ ਆਮ ਜਨ ਜੀਵਨ ਪ੍ਰਭਾਵਿਤ ਕਰ ਕੇ ਰੱਖ ਦਿੱਤਾ ਹੈ ਉਥੇ ਹੀ ਬੱਚਿਆਂ ਅਤੇ ਬਜ਼ੁਰਗਾਂ ਨੂੰ ਹੱਢ ਚੀਰਵੀਂ ਠੰਡ ਨੇ ਆਪਣਾ ਸ਼ਿਕਾਰ ਬਣਾਉਂਦੇ ਹੋਏ ਬਿਮਾਰ ਕਰਨਾ ਸ਼ੁਰੂ ਕਰ ਦਿੱਤਾ ਹੈ। ਇਸ ਵਧ ਰਹੀ ਠੰਡ ਨਾਲ ਜਿੱਥੇ ਬਜ਼ੁਰਗਾਂ ਨੂੰ ਹਾਰਟ ਦੀਆਂ ਬਿਮਾਰੀਆਂ ਨੇ ਘੇਰਾ ਪਾ ਲਿਆ ਹੈ ਉਥੇ ਹੀ ਇਹ ਠੰਢ ਨਵ ਜਨਮੇ ਅਤੇ ਛੋਟੀ ਉਮਰ ਦੇ ਬੱਚਿਆਂ ਲਈ ਕਾਫੀ ਜ਼ਿਆਦਾ ਨੁਕਸਾਨਦੇਹ ਸਾਬਤ ਹੋ ਰਹੀ ਹੈ, ਜਿਸ ਨਾਲ ਮਰੀਜ਼ ਨਿਮੋਨੀਆ, ਅਸਥਮਾ, ਬੁਖਾਰ, ਛਾਤੀ ਰੋਗ, ਡਾਇਰੀਆ ਆਦਿ ਨਿਮੋਨੀਆ ਬਿਮਾਰੀ ਦੇ ਸ਼ਿਕਾਰ ਹੋ ਰਹੇ ਹਨ। ਜ਼ਿਕਰਯੋਗ ਹੈ ਕਿ ਵੱਖ-ਵੱਖ ਸਿਹਤ ਮਾਹਿਰਾਂ ਵੱਲੋਂ ਬੱਚਿਆਂ ਦਾ ਖਾਸ ਖਿਆਲ ਰੱਖਣ ਸਬੰਧੀ ਅਪੀਲ ਕੀਤੀ ਜਾ ਰਹੀ ਹੈ ਤਾਂ ਜੋ ਉਨ੍ਹਾਂ ਨੂੰ ਕੋਈ ਜ਼ਿਆਦਾ ਨੁਕਸਾਨ ਨਾ ਪਹੁੰਚ ਸਕੇ।
ਇਹ ਵੀ ਪੜ੍ਹੋ- ਪੰਜਾਬ ਦੇ ਅੱਜ ਇਨ੍ਹਾਂ ਇਲਾਕਿਆਂ 'ਚ ਲੱਗੇਗਾ ਲੰਬਾ Powercut ! ਇੰਨੀ ਦੇਰ ਰਹੇਗੀ ਬੱਤੀ ਗੁੱਲ
ਸਾਲ ਦੇ ਆਖਰੀ ਦਸੰਬਰ ਮਹੀਨੇ ਵਿਚ ਤਾਪਮਾਨ ਦੀ ਗਿਰਾਵਟ ਹੋਣ ਕਾਰਨ ਠੰਡ ਨੇ ਆਪਣਾ ਪੂਰੀ ਤਰ੍ਹਾਂ ਜ਼ੋਰ ਫੜ ਲਿਆ ਹੈ। ਮੌਸਮ ਵਿਗਿਆਨੀਆਂ ਵੱਲੋਂ ਕੀਤੀ ਗਈ ਭਵਿੱਖਵਾਣੀ ਅਨੁਸਾਰ ਆਉਣ ਵਾਲੇ ਦਿਨਾਂ ਵਿਚ ਮੀਹ ਪੈਣ ਦੇ ਪੂਰੇ ਅਸਾਰ ਬਣ ਚੁੱਕੇ ਹਨ, ਜਿਸ ਕਾਰਨ ਸ਼ਨੀਵਾਰ ਸਾਰਾ ਦਿਨ ਸੂਰਜ ਦੇ ਦਰਸ਼ਨ ਲੋਕਾਂ ਨੂੰ ਨਹੀਂ ਹੋ ਪਾਏ। ਇਸ ਦੌਰਾਨ ਹਵਾ ਨੇ ਆਪਣੀ ਰਫਤਾਰ ਠੰਡ ਨਾਲ ਫੜ ਲਈ ਹੈ, ਜਿਸ ਦੇ ਚਲਦਿਆਂ ਹੱਡ ਚੀਰਵੀਂ ਠੰਡ ਲੋਕਾਂ ਨੂੰ ਮੁਸ਼ਕਿਲਾਂ ਵਿੱਚ ਪਾ ਰਹੀ ਹੈ। ਜਿਸ ਦੇ ਚਲਦਿਆਂ ਲੋਕ ਜਿੱਥੇ ਘਰਾਂ ਵਿੱਚ ਰੂਮ ਹੀਟਰਾਂ ਦੇ ਵਰਤੋਂ ਕਰ ਰਹੇ ਹਨ ਉਥੇ ਹੀ ਲੋਕ ਅੱਗ ਦਾ ਸਹਾਰਾ ਲੈਂਦੇ ਵੇਖੇ ਜਾ ਸਕਦੇ ਹਨ।
ਇਹ ਵੀ ਪੜ੍ਹੋ- ਪੰਜਾਬ 'ਚ 20, 21, 22 ਤਾਰੀਖ਼ ਲਈ ਵੱਡੀ ਭਵਿੱਖਬਾਣੀ, ਮੌਸਮ ਵਿਭਾਗ ਦੀ ਵੱਡੀ ਅਪਡੇਟ
ਇਸ ਵੱਧ ਰਹੀ ਹੱਢ ਚੀਰਵੀਂ ਠੰਡ ਦੇ ਨਾਲ-ਨਾਲ ਸੰਘਣੀ ਧੁੰਦ ਨੇ ਵੀ ਆਪਣਾ ਅਸਰ ਵਿਖਾਉਣਾ ਸ਼ੁਰੂ ਕਰ ਦਿੱਤਾ ਹੈ, ਜਿਸ ਦੌਰਾਨ ਸੜਕਾਂ ਉੱਪਰ ਵਾਹਨ ਕੀੜੀ ਦੀ ਚਾਲ ਚਲਦੇ ਨਜ਼ਰ ਆ ਰਹੇ ਹਨ ਅਤੇ ਕਈ ਵਾਹਨ ਹਾਦਸਿਆਂ ਦਾ ਸ਼ਿਕਾਰ ਵੀ ਹੋ ਰਹੇ ਹਨ। ਉਧਰ ਠੰਢ ਦੇ ਜਿਆਦਾ ਵਧਣ ਕਰਕੇ ਛੋਟੇ ਬੱਚਿਆਂ ਵਿਚ ਨਿਮੋਨੀਆ ਬਿਮਾਰੀ ਦਾ ਅਸਰ ਵੇਖਿਆ ਜਾ ਰਿਹਾ ਹੈ, ਜਿਸ ਦੌਰਾਨ ਹਸਪਤਾਲਾਂ ਵਿਚ ਬੱਚਿਆਂ ਦੇ ਇਲਾਜ ਸਬੰਧੀ ਗਿਣਤੀ ਵਿਚ ਵਾਧਾ ਹੋ ਰਿਹਾ ਹੈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਸਿਵਲ ਹਸਪਤਾਲ ਤਰਨ ਤਾਰਨ ਵਿਖੇ ਬੱਚਿਆਂ ਦੇ ਮਾਹਿਰ ਡਾਕਟਰ ਨੀਰਜ ਲਤਾ ਨੇ ਦੱਸਿਆ ਕਿ ਠੰਢ ਦੌਰਾਨ ਬੱਚਿਆਂ ਵਿਚ ਨਿਮੋਨੀਆ, ਛਾਤੀ ਦੀ ਇਨਫੈਕਸ਼ਨ, ਟਾਈਫਾਈਡ, ਅਸਥਮਾ, ਡਾਇਰੀਆ ਤੋਂ ਇਲਾਵਾ ਹੋਰ ਇਨਫੈਕਸ਼ਨ ਸਬੰਧੀ ਗਿਣਤੀ ਵਿਚ ਵਾਧਾ ਹੁੰਦਾ ਵੇਖਿਆ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਇਸ ਠੰਡ ਦੇ ਮੌਸਮ ਵਿਚ ਕਈ ਮਾਵਾਂ ਆਪਣੇ ਬੱਚਿਆਂ ਨੂੰ ਕੰਬਲ ਵਿਚ ਇਸ ਤਰ੍ਹਾਂ ਲਪੇਟ ਦਿੰਦੀਆਂ ਹਨ ਕਿ ਉਨ੍ਹਾਂ ਨੂੰ ਸਾਹ ਨਹੀਂ ਆਉਂਦਾ ਹੈ ਜਿਸ ਕਰਕੇ ਬੱਚੇ ਦੀ ਮੌਤ ਵੀ ਹੋ ਸਕਦੀ ਹੈ। ਉਨ੍ਹਾਂ ਅਪੀਲ ਕੀਤੀ ਕਿ ਬੱਚਿਆਂ ਦਾ ਠੰਡ ਵਿਚ ਖਾਸ ਖਿਆਲ ਰੱਖਦੇ ਹੋਏ ਘਰਾਂ ਤੋਂ ਬਾਹਰ ਨਾ ਲਿਜਾਣ ਅਤੇ ਬਜ਼ਾਰੀ ਖਾਣ ਪੀਣ ਵਾਲੀਆਂ ਵਸਤੂਆਂ ਦੀ ਵਰਤੋਂ ਘੱਟ ਕੀਤੀ ਜਾਵੇ। ਇਨਫੈਕਸ਼ਨ ਅਤੇ ਬੁਖਾਰ ਹੋਣ ਦੇ ਚਲਦਿਆਂ ਬੱਚਿਆਂ ਦੇ ਮਾਹਿਰ ਡਾਕਟਰ ਨਾਲ ਸੰਪਰਕ ਜਰੂਰ ਕੀਤਾ ਜਾਵੇ। ਉਧਰ ਦਿਲ ਰੋਗਾਂ ਦੇ ਮਾਹਿਰ ਅਤੇ ਮੈਡੀਕੇਅਰ ਹਸਪਤਾਲ ਸਰਹਾਲੀ ਰੋਡ ਤਰਨ ਤਰਨ ਦੇ ਮਾਲਕ ਡਾਕਟਰ ਰਜਨੀਸ਼ ਸ਼ਰਮਾ ਨੇ ਦੱਸਿਆ ਕਿ ਜ਼ਿਆਦਾ ਠੰਡ ’ਚ ਦਿਲ ਰੋਗਾਂ ਦੇ ਮਰੀਜ਼ਾਂ ਨੂੰ ਸੈਰ ਤੋਂ ਪ੍ਰਹੇਜ਼ ਕਰਨਾ ਚਾਹੀਦਾ ਹੈ। ਇਸ ਦੇ ਨਾਲ ਹੀ ਉਨ੍ਹਾਂ ਨੂੰ ਸਮੇਂ ਸਮੇਂ ਸਿਰ ਮਾਹਿਰ ਡਾਕਟਰ ਪਾਸੋਂ ਆਪਣੀ ਜਾਂਚ ਕਰਵਾਉਂਦੇ ਰਹਿਣਾ ਚਾਹੀਦਾ ਹੈ।
ਇਹ ਵੀ ਪੜ੍ਹੋ- ਕਹਿਰ ਓ ਰੱਬਾ: ਪਰਿਵਾਰ 'ਤੇ ਟੁੱਟਿਆ ਦੁਖਾਂ ਦਾ ਪਹਾੜ, ਘਰ ਦੀ ਛੱਤ ਡਿੱਗਣ ਕਾਰਨ ਵਿਅਕਤੀ ਦੀ ਮੌਤ
