ਘਰ ਦੇ ਬਾਹਰ ਬੈਠੇ ਨੌਜਵਾਨ ਦਾ ਨਾਂ ਪੁੱਛ ਕੇ ਮਾਰੀਆਂ ਗੋਲੀਆਂ, ਤਰਨਤਾਰਨ ''ਚ ਸਨਸਨੀਖੇਜ਼ ਵਾਰਦਾਤ
Tuesday, Dec 30, 2025 - 10:31 PM (IST)
ਪੱਟੀ, (ਸੰਦੀਪ)- ਤਰਨਤਾਰਨ ਦੇ ਪਿੰਡ ਸਭਰਾ ਵਿੱਚ ਉਸ ਸਮੇਂ ਦਹਿਸ਼ਤ ਦਾ ਮਾਹੌਲ ਬਣ ਗਿਆ ਜਦੋਂ ਤਿੰਨ ਅਣਪਛਾਤੇ ਹਮਲਾਵਰਾਂ ਨੇ ਇੱਕ ਨੌਜਵਾਨ ਦਾ ਗੋਲੀਆਂ ਮਾਰ ਕੇ ਬੇਰਹਿਮੀ ਨਾਲ ਕਤਲ ਕਰ ਦਿੱਤਾ। ਮ੍ਰਿਤਕ ਦੀ ਪਛਾਣ ਹਰਪ੍ਰੀਤ ਸਿੰਘ (23-24 ਸਾਲ) ਵਜੋਂ ਹੋਈ ਹੈ, ਜਿਸ ਦੀ ਮੌਕੇ 'ਤੇ ਹੀ ਮੌਤ ਹੋ ਗਈ।
ਨਾਮ ਪੁੱਛ ਕੇ ਚਲਾਈਆਂ ਤਾਬੜਤੋੜ ਗੋਲੀਆਂ
ਮਿਲੀ ਜਾਣਕਾਰੀ ਅਨੁਸਾਰ, ਇਹ ਵਾਰਦਾਤ ਸ਼ਾਮ ਕਰੀਬ 6 ਵਜੇ ਵਾਪਰੀ। ਹਰਪ੍ਰੀਤ ਸਿੰਘ ਆਪਣੇ ਘਰ ਦੇ ਬਾਹਰ ਸੜਕ ਉੱਪਰ ਆਪਣੇ ਦੋਸਤਾਂ ਨਾਲ ਬੈਠਾ ਹੋਇਆ ਸੀ। ਇਸੇ ਦੌਰਾਨ ਤਿੰਨ ਹਮਲਾਵਰ ਉੱਥੇ ਪਹੁੰਚੇ ਅਤੇ ਉਨ੍ਹਾਂ ਨੇ ਹਰਪ੍ਰੀਤ ਸਿੰਘ ਨੂੰ ਆਵਾਜ਼ ਮਾਰੀ। ਹਮਲਾਵਰਾਂ ਨੇ ਪਹਿਲਾਂ ਉਸ ਦਾ ਨਾਮ ਪੁੱਛ ਕੇ ਪਛਾਣ ਕੀਤੀ ਅਤੇ ਫਿਰ ਉਸ ਉੱਪਰ ਅੰਨ੍ਹੇਵਾਹ ਫਾਇਰਿੰਗ ਸ਼ੁਰੂ ਕਰ ਦਿੱਤੀ। ਦੱਸਿਆ ਜਾ ਰਿਹਾ ਹੈ ਕਿ ਤਿੰਨਾਂ ਵਿੱਚੋਂ ਦੋ ਹਮਲਾਵਰਾਂ ਕੋਲ ਪਿਸਤੌਲ ਸਨ, ਜਿਨ੍ਹਾਂ ਨੇ ਹਰਪ੍ਰੀਤ ਸਿੰਘ ਨੂੰ ਨਿਸ਼ਾਨਾ ਬਣਾ ਕੇ ਕਈ ਗੋਲੀਆਂ ਚਲਾਈਆਂ।
ਘਰ ਦਾ ਇਕਲੌਤਾ ਸਹਾਰਾ ਸੀ ਹਰਪ੍ਰੀਤ
ਹਰਪ੍ਰੀਤ ਸਿੰਘ ਦੇ ਕਤਲ ਨਾਲ ਪਰਿਵਾਰ 'ਤੇ ਦੁੱਖਾਂ ਦਾ ਪਹਾੜ ਟੁੱਟ ਪਿਆ ਹੈ। ਮ੍ਰਿਤਕ ਨੌਜਵਾਨ ਵਿਆਹਿਆ ਹੋਇਆ ਸੀ ਅਤੇ ਉਸ ਦੇ ਪਿਤਾ ਦੀ ਪਹਿਲਾਂ ਹੀ ਮੌਤ ਹੋ ਚੁੱਕੀ ਹੈ। ਹਰਪ੍ਰੀਤ ਆਪਣੇ ਘਰ ਦਾ ਇਕਲੌਤਾ ਕਮਾਉਣ ਵਾਲਾ ਮੈਂਬਰ ਸੀ। ਉਸ ਦਾ ਇੱਕ ਛੋਟਾ ਭਰਾ ਮੰਦਬੁੱਧੀ ਹੈ ਅਤੇ ਇੱਕ ਭੈਣ ਹੈ, ਜਿਨ੍ਹਾਂ ਦੀ ਜ਼ਿੰਮੇਵਾਰੀ ਹਰਪ੍ਰੀਤ ਦੇ ਸਿਰ 'ਤੇ ਹੀ ਸੀ।
ਪੁਲਸ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਤਾਂ ਜੋ ਹਮਲਾਵਰਾਂ ਦੀ ਪਛਾਣ ਕਰਕੇ ਉਨ੍ਹਾਂ ਨੂੰ ਜਲਦ ਗ੍ਰਿਫ਼ਤਾਰ ਕੀਤਾ ਜਾ ਸਕੇ।
