ਫ਼ਟੇ ਹੋਏ ਜੁੱਤੇ ਤੇ ਕੋਈ ਸਪਾਂਸਰ ਨਹੀਂ! Ryan Burl ਨੇ ਸੋਸ਼ਲ ਮੀਡੀਆ ’ਤੇ ਸੁਣਾਈ ਆਪ ਬੀਤੀ

Sunday, May 23, 2021 - 06:02 PM (IST)

ਫ਼ਟੇ ਹੋਏ ਜੁੱਤੇ ਤੇ ਕੋਈ ਸਪਾਂਸਰ ਨਹੀਂ!  Ryan Burl ਨੇ ਸੋਸ਼ਲ ਮੀਡੀਆ ’ਤੇ ਸੁਣਾਈ ਆਪ ਬੀਤੀ

ਸਪੋਰਟਸ ਡੈਸਕ— ਕ੍ਰਿਕਟ ਦੇ ਖੇਡ ’ਚ ਕਈ ਖਿਡਾਰੀ ਦੁਨੀਆ ਦੇ ਸਭ ਤੋਂ ਅਮੀਰ ਖਿਡਾਰੀਆਂ ’ਚ ਸ਼ੁਮਾਰ ਹੁੰਦੇ ਹਨ ਜਿਸ ਕਾਰਨ ਉਹ ਸ਼ਾਹੀ ਜ਼ਿੰਦਗੀ ਜਿਉਂਦੇ ਹਨ। ਜਦਕਿ ਕੁਝ ਖਿਡਾਰੀ ਅਜਿਹੇ ਹੁੰਦੇ ਹਨ ਜੋ ਕਿ ਆਪਣੇ ਦੇਸ਼ ਲਈ ਖੇਡਕੇ ਵੀ ਆਰਥਿਕ ਤੌਰ ’ਤੇ ਮਜ਼ਬੂਤ ਨਹੀਂ ਹੁੰਦੇ। ਅਜਿਹਾ ਹੀ ਇਕ ਮਾਮਲਾ ਉਦੋਂ ਸਾਹਮਣੇ ਆਇਆ ਜਦੋਂ ਜ਼ਿੰਬਾਬਵੇ ਦੇ ਖਿਡਾਰੀ ਨੇ ਸੋਸ਼ਲ ਮੀਡੀਆ ’ਤੇ ਇਕ ਟਵੀਟ ਕੀਤਾ ਕਿ ਉਨ੍ਹਾਂ ਕੋਲ ਖੇਡਣ ਲਈ ਜੁੱਤੇ ਤਕ ਨਹੀਂ ਹਨ।
ਇਹ ਵੀ ਪੜ੍ਹੋ : ਕਤਲ ਦਾ ਮਾਮਲਾ ਪਹਿਲਾ ਨਹੀਂ, ਕਈ ਵਾਰ ਬੁਰੀ ਤਰ੍ਹਾਂ ਵਿਵਾਦਾਂ ’ਚ ਫਸ ਚੁੱਕੇ ਹਨ ਸੁਸ਼ੀਲ ਕੁਮਾਰ

ਦਰਅਸਲ ਜ਼ਿੰਬਾਬਵੇ ਦੇ ਕ੍ਰਿਕਟਰ ਰਯਾਨ ਬਰਲ ਨੇ ਸੋਸ਼ਲ ਮੀਡੀਆ ਪਲੈਟਫ਼ਾਰਮ ਟਵਿੱਟਰ ’ਤੇ ਇਕ ਟਵੀਟ ਕੀਤਾ ਜਿਸ ਤੋਂ ਲੱਖਾਂ ਕ੍ਰਿਕਟ ਪ੍ਰਸ਼ੰਸਕਾਂ ਦੇ ਦਿਲ ਪਿਘਲ ਗਏ। ਰਯਾਨ ਬਰਲ ਨੇ ਟਵੀਟ ਕਰਦੇ ਹੋਏ ਇਕ ਤਸਵੀਰ ਸ਼ੇਅਰ ਕੀਤੀ। ਇਸ ਤਸਵੀਰ ’ਚ ਉਹ ਆਪਣੇ ਫਟੇ ਹੋਏ ਜੁੱਤੇ ਨੂੰ ਜੋੜਦੇ ਹੋਏ ਦਿਖਾਈ ਦੇ ਰਹੇ ਹਨ।

ਰਯਾਨ ਬਰਲ ਨੇ ਟਵੀਟ ਕਰਦੇ ਹੋਏ ਲਿਖਿਆ ਕਿ ਕੋਈ ਮੌਕਾ ਹੈ ਕਿ ਸਾਨੂੰ ਇਕ ਸਪਾਂਸਰ ਮਿਲ ਜਾਵੇ ਕਿਉਂਕਿ ਸਾਡੇ ਕੋਲ ਹਰ ਸੀਰੀਜ਼ ਲਈ ਜੁੱਤੇ ਜੋੜਨ ਲਈ ਗੂੰਦ ਨਹੀਂ ਹੈ। ਉਨ੍ਹਾਂ ਦੀ ਇਸ ਪੋਸਟ ਦੇ ਬਾਅਦ ਸੋਸ਼ਲ ਮੀਡੀਆ ’ਤੇ ਫ਼ੈਂਸ ਨੇ ਮਦਦ ਦੀ ਗੁਹਾਰ ਲਾਈ ਹੈ। ਜ਼ਿੰਬਾਬਵੇ ਕ੍ਰਿਕਟ ਬੋਰਡ ਇਸ ਸਮੇਂ ਬੇਹੱਦ ਖ਼ਰਾਬ ਸਥਿਤੀ ਤੋਂ ਗੁਜ਼ਰ ਰਿਹਾ ਹੈ। ਇਹੋ ਕਾਰਨ ਹੈ ਕਿ ਟੀਮ ਦੇ ਖਿਡਾਰੀ ਵੱਲੋਂ ਨਵੇਂ ਜੁੱਤੇ ਲੈਣ ਲਈ ਸੋਸ਼ਲ ਮੀਡੀਆ ’ਤੇ ਮਦਦ ਮੰਗਣੀ ਪੈ ਰਹੀ ਹੈ।
ਇਹ ਵੀ ਪੜ੍ਹੋ : UAE ’ਚ ਹੋ ਸਕਦੇ ਨੇ IPL ਦੇ ਬਾਕੀ ਬਚੇ ਹੋਏ 31 ਮੈਚ, ਜਾਣੋ ਕਦੋਂ ਸ਼ੁਰੂ ਹੋ ਸਕਦੈ ਟੂਰਨਾਮੈਂਟ

ਰਯਾਨ ਬਰਲ ਸਾਲ 2017 ਦੇ ਬਾਅਦ ਤੋਂ ਹੀ ਜ਼ਿੰਬਾਬਵੇ ਦੀ ਟੀਮ ਵੱਲੋਂ ਖੇਡਦੇ ਆ ਰਹੇ ਹਨ। ਉਨ੍ਹਾਂ ਨੇ ਜ਼ਿੰਬਾਬਵੇ ਟੀਮ ਲਈ 3 ਟੈਸਟ, 18 ਵਨ-ਡੇ ਤੇ 25 ਟੀ-20 ਮੁਕਾਬਲੇ ਖੇਡੇ ਹਨ। ਟੈਸਟ ਕ੍ਰਿਕਟ ’ਚ ਬਰਲ ਨੇ 24 ਦੌੜਾਂ ’ਤੇ 3 ਵਿਕਟਾਂ ਲਈਆਂ ਹਨ ਜਦਕਿ ਵਨ-ਡੇ ਮੈਚਾਂ ’ਚ 243 ਦੌੜਾਂ ਤੇ 7 ਵਿਕਟਾਂ ਲਈਆਂ ਹਨ। ਟੀ-20 ਮੈਚਾਂ ’ਚ 393 ਦੌੜਾਂ ਦੇ ਨਾਲ 15 ਵਿਕਟਾਂ ਲਈਆਂ ਹਨ।

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।


author

Tarsem Singh

Content Editor

Related News