YFC ਰੁੜਕਾ ਕਲਾਂ ਵਿਖੇ ਐਜੁ. ਲੀਗ ਦੇ ਸਮਾਪਤੀ ਸਮਾਰੋਹ ਦੀਆਂ ਤਿਆਰੀਆਂ ਮੁਕੰਮਲ

02/13/2020 5:26:37 PM

ਸਪੋਰਟਸ ਡੈਸਕ— ਪੰਜਾਬ ਦਾ ਨਾਮਵਰ ਯੂਥ ਫੁੱਟਬਾਲ ਕਲੱਬ ਰੁੜਕਾਂ ਕਲਾਂ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਜਗਬਾਣੀ, ਨਗਰ ਪੰਚਾਇਤ, ਪ੍ਰਵਾਸੀ ਭਾਰਤੀਆਂ, ਖੇਡਾਂ ਨੂੰ ਉਤਸ਼ਾਹਤ ਕਰਨ ਵਾਲੀਆਂ ਸੰਸਥਾਵਾਂ ਅਤੇ ਨਗਰ ਵਾਸੀਆਂ ਦੇ ਸਹਿਯੋਗ ਦੁਆਰਾ 9ਵੀਂ ਐਜੁਕੇਸ਼ਨਲ ਫੁੱਟਬਾਲ ਅਤੇ ਕਬੱਡੀ ਲੀਗ ਕਰਵਾ ਰਿਹਾ ਹੈ ਜਿਸ ਦਾ ਸਮਾਪਤੀ ਸਮਾਰੋਹ 16 ਫਰਵਰੀ 2020 ਦਿਨ ਐਤਵਾਰ ਨੂੰ ਵਾਈ. ਐੱਫ. ਸੀ. ਰੁੜਕਾ ਕਲਾਂ ਦੇ ਖੇਡ ਸਟੇਡੀਅਮ ਵਿਖੇ ਕਰਵਾਇਆ ਜਾ ਰਿਹਾ ਹੈ। ਜ਼ਿਕਰਯੋਗ ਹੈ ਕਿ ਇਹ ਲੀਗ ਲਗਭਗ 90 ਦਿਨਾਂ ਤਕ ਚਲਾਈ ਗਈ ਹੈ। ਕਲੱਬ ਵੱਲੋਂ ਚਲਾਏ ਜਾ ਰਹੇ ਵੱਖ-ਵੱਖ ਸੈਂਟਰਾਂ 'ਤੇ ਕਰੀਬ 10 ਪੜਾਅ 'ਚ ਫੁੱਟਬਾਲ ਦੇ ਮੁਕਾਬਲੇ ਕਰਾਏ ਗਏ।

16 ਫਰਵਰੀ, 2020 ਦਿਨ ਐਤਵਾਰ ਨੂੰ ਹੋਣ ਵਾਲੇ ਲੀਗ ਦੇ ਸਮਾਪਤੀ ਸਮਾਰੋਹ ਦੀਆਂ ਤਿਆਰੀਆਂ ਸਬੰਧੀ ਵਾਈ. ਐੱਫ. ਸੀ. ਰੁੜਕਾ ਕਲਾਂ ਵਿਖੇ ਮੀਟਿੰਗ ਕੀਤੀ ਗਈ ਜਿਸ 'ਚ ਵਲੰਟੀਅਰ ਤੋਂ ਇਲਾਵਾ ਖਾਸ ਤੌਰ 'ਤੇ ਇਸ ਸਮਾਪਤੀ ਸਮਾਰੋਹ ਦਾ ਹਿੱਸਾ ਬਣਨ ਆਏ ਵੱਖ-ਵੱਖ ਦੇਸ਼ਾਂ ਐੱਨ. ਆਰ. ਆਈ. ਭਰਾਵਾਂ ਨੇ ਵੀ ਹਿੱਸਾ ਲਿਆ ਜਿਸ 'ਚ 16 ਫਰਵਰੀ ਦੇ ਸਮਾਰੋਹ ਮੌਕੇ ਹੋਣ ਵਾਲੇ ਮੇਜਰ ਕਬੱਡੀ ਲੀਗ ਦੇ ਲੱਖਾਂ ਦੇ ਇਨਾਮਾਂ ਵਾਲੇ ਕੱਪ ਦੀ ਰੂਪ ਰੇਖਾ ਤਿਆਰ ਕੀਤੀ ਗਈ। ਇਸ ਸਬੰਧੀ ਸਾਰੇ ਵਲੰਟੀਅਰਾਂ ਦੀਆਂ ਡਿਊਟੀਆਂ ਲਾਈਆਂ ਗਈਆਂ ਅਤੇ ਵਲੰਟੀਅਰਾਂ ਅਤੇ ਐੱਨ. ਆਰ. ਆਈ. ਭਰਾਵਾਂ ਦੇ ਪ੍ਰੋਗਰਾਮ ਦੀ ਸਫਲਤਾ ਲਈ ਸਾਂਝਾ ਪ੍ਰੋਗਰਾਮ ਉਲੀਕੀਆ। ਇਸ ਮੌਕੇ ਸਮਾਪਤੀ ਸਮਾਰੋਹ ਦੀਆਂ ਤਿਆਰੀਆਂ ਦਾ ਜਾਇਜ਼ਾ ਲੈਂਦੇ ਹੋਏ ਕਲੱਬ ਦੇ ਪ੍ਰਧਾਨ ਗੁਰਮੰਡਲ ਦਾਸ ਅਤੇ ਵਾਈ. ਐੱਫ. ਸੀ. ਕਲੱਬ ਦੇ ਮੈਂਬਰਾਂ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਸਮਾਪਤੀ ਸਮਾਰੋਹ 'ਚ ਵਾਈ. ਐੱਫ. ਸੀ. ਵੱਲੋਂ ਚਲਾਏ ਜਾ ਰਹੇ 40 ਦੇ ਕਰੀਬ ਸੈਂਟਰਾਂ ਦੇ ਤਕਰੀਬਨ 1500 ਬੱਚਿਆਂ ਅਤੇ ਬੱਚੀਆਂ ਵੱਲੋਂ ਮਾਰਚ ਪਾਸਟ ਕੀਤਾ ਜਾਵੇਗਾ ਜੋ ਕਿ ਦੇਖਣ ਯੋਗ ਹੋਵੇਗਾ ਜਿਸ ਦਾ ਪਹਿਲਾ ਇਨਾਮ 2 ਲੱਖ 50 ਹਜ਼ਾਰ ਅਤੇ ਦੂਜਾ ਇਨਾਮ 2 ਲੱਖ ਰੁਪਏ ਦਾ ਹੋਵੇਗਾ ਅਤੇ ਬੈਸਟ ਰੇਡਰ ਅਤੇ ਜਾਫੀ ਨੂੰ ਬੂਲਟ ਮੋਟਰਸਾਈਕਲ ਦੇ ਕੇ ਸਨਮਾਨਤ ਕੀਤਾ ਜਾਵੇਗਾ ਅਤੇ ਨਾਲ ਹੀ ਕੱਪ ਦੀਆਂ ਰੇਡਾਂ ਅਤੇ ਜੱਫਿਆ 'ਤੇ ਚਾਰ ਮੋਟਰਸਾਈਕਲ ਲਾਏ ਜਾਣਗੇ। ਜ਼ਿਕਰਯੋਗ ਹੈ ਕਿ ਪੰਜਾਬ ਦੇ ਇਸ ਪ੍ਰਸਿੱਧ ਖੇਡ ਸਮਾਰੋਹ 'ਚ ਲੱਖਾਂ ਦੇ ਇਨਾਮ ਤਕਸੀਮ ਕੀਤੇ ਜਾਣਗੇ।

ਇਸ ਦੇ ਨਾਲ ਹੀ ਭਾਰਤੀ ਫੁੱਟਬਾਲ ਫੈਡਰੇਸ਼ਨ ਅਤੇ ਪੰਜਾਬ ਫੁੱਟਬਾਲ ਐਸੋਸੀਏਸ਼ਨ ਦੇ ਸਹਿਯੋਗ ਨਾਲ ਬੇਬੀ ਲੀਗ ਵੀ ਕਰਵਾਈ ਗਈ ਜਿਸ 'ਚ ਵੱਖ-ਵੱਖ ਸਕੂਲਾਂ ਦੇ ਅੰਡਰ-6, ਅੰਡਰ-8, ਅੰਡਰ-10 ਅਤੇ ਅੰਡਰ-12 ਦੇ ਬੱਚਿਆਂ ਦੇ ਮੈਚ ਕਰਵਾਏ ਗਏ ਜਿਨ੍ਹਾਂ ਦਾ ਇਨਾਮ ਵੰਡ ਸਮਾਰੋਹ ਵੀ ਹੋਵੇਗਾ।

ਸਮਾਪਤੀ ਸਮਾਰੋਹ ਦੇ ਅੰਤ 'ਚ ਪੰਜਾਬ ਦੇ ਮਸ਼ਹੂਰ ਗਾਇਕ ਕਰਨ ਔਜਲਾ ਵੱਲੋਂ ਖੁੱਲ੍ਹਾ ਅਖਾੜਾ ਲਾਇਆ ਜਾਵੇਗਾ ਜਿਸ ਦੀ ਮੇਜ਼ਬਾਨੀ ਗੈਰੀ ਸੰਧੂ, ਬਲਰਾਜ ਬਿਗਲਾ ਅਤੇ ਜੀ ਖਾਨ ਕਰਨਗੇ।

ਸਮਾਪਤੀ ਸਮਾਰੋਹ 'ਚ ਬੀਬੀਆਂ ਦੇ ਬੈਠਣ ਲਈ ਖਾਸ ਪ੍ਰਬੰਧ ਕੀਤੇ ਗਏ ਹਨ ਅਤੇ ਉਨ੍ਹਾਂ ਲਈ ਲੱਕੀ ਕੂਪਨਾਂ ਰਾਹੀਂ ਤਿੰਨ LED, ਗਿਆਰਾਂ ਪ੍ਰੈਸਾਂ, ਤਿੰਨ ਵਾਟਰ ਫਿਲਟਰ ਕੱਢੇ ਜਾਣਗੇ। ਸੋ ਇਸ ਤਰ੍ਹਾਂ ਇੰਨੀਆਂ ਉਪਲਬਧੀਆਂ ਕਾਰਨ ਇਸ ਖੇਡ ਮੇਲੇ ਦਾ ਨਾਂ ਪੰਜਾਬ ਦੇ ਚੋਟੀ ਦੇ ਕਬੱਡੀ ਕੱਪਾਂ 'ਚ ਆਉਂਦਾ ਹੈ।


Tarsem Singh

Content Editor

Related News