ਨੌਜਵਾਨ ਜਾਦੂਮਣੀ ਨੇ ਪੰਘਾਲ ਨੂੰ ਹਰਾਇਆ, ਨਿਕਹਤ ਤੇ ਲਵਲੀਨਾ ਅੱਗੇ ਵਧੀਆਂ

Saturday, Jan 10, 2026 - 10:45 AM (IST)

ਨੌਜਵਾਨ ਜਾਦੂਮਣੀ ਨੇ ਪੰਘਾਲ ਨੂੰ ਹਰਾਇਆ, ਨਿਕਹਤ ਤੇ ਲਵਲੀਨਾ ਅੱਗੇ ਵਧੀਆਂ

ਗ੍ਰੇਟਰ ਨੋਇਡਾ– ਉੱਭਰਦੇ ਹੋਏ ਨੌਜਵਾਨ ਮੁੱਕੇਬਾਜ਼ ਜਾਦੂਮਣੀ ਸਿੰਘ ਨੇ ਸ਼ੁੱਕਰਵਾਰ ਨੂੰ ਇੱਥੇ ਰਾਸ਼ਟਰੀ ਮੁੱਕੇਬਾਜ਼ੀ ਚੈਂਪੀਅਨਸ਼ਿਪ ਵਿਚ ਤਜਰਬੇਕਾਰ ਖਿਡਾਰੀ ਅਮਿਤ ਪੰਘਾਲ ਨੂੰ ਹਰਾਉਂਦੇ ਹੋਏ ਫਾਈਨਲ ਵਿਚ ਜਗ੍ਹਾ ਬਣਾਈ ਜਦਕਿ ਸਟਾਰ ਮੁੱਕੇਬਾਜ਼ ਨਿਕਹਤ ਜ਼ਰੀਨ ਤੇ ਲਵਲੀਨਾ ਬੋਰਗੋਹੇਨ ਨੇ ਸੈਮੀਫਾਈਨਲ ਵਿਚ ਜਿੱਤ ਦੇ ਨਾਲ ਸੋਨ ਤਮਗੇ ਵੱਲ ਕਦਮ ਵਧਾ ਦਿੱਤਾ।

21 ਸਾਲਾ ਜਾਦੂਮਣੀ (55 ਕਿ. ਗ੍ਰਾ.) ਨੇ ਨਿਰੰਤਰ ਹਮਲਾਵਰਤਾ, ਤੇਜ਼ੀ ਤੇ ਲਗਾਤਾਰ ਪੰਚਾਂ ਦੀ ਬਦੌਲਤ 2 ਵਾਰ ਦੇ ਓਲੰਪੀਅਨ ਤੇ ਵਿਸ਼ਵ ਚੈਂਪੀਅਨਸ਼ਿਪ ਦੇ ਚਾਂਦੀ ਤਮਗਾ ਜੇਤੂ ਪੰਘਾਲ ਵਿਰੁੱਧ ਸਰਬਸੰਮਤੀ ਵਾਲਾ 5-0 ਦਾ ਫੈਸਲਾ ਆਪਣੇ ਨਾਂ ਕੀਤਾ। ਸੈਨਾ ਖੇਡ ਕੰਟਰੋਲ ਬੋਰਡ (ਐੱਸ. ਐੱਸ. ਸੀ. ਬੀ.) ਦੀ ਪ੍ਰਤੀਨਿਧਤਾ ਕਰ ਰਹੇ ਦੋਵੇਂ ਮੁੱਕੇਬਾਜ਼ ਗੈਰ-ਓਲੰਪਿਕ 50 ਕਿ. ਗ੍ਰਾ. ਭਾਰ ਵਰਗ ਤੋਂ ਉੱਪਰ ਉੱਠ ਕੇ ਇਸ ਮੁਕਾਬਲੇ ਵਿਚ ਉਤਰੇ ਸਨ ਤੇ ਉਨ੍ਹਾਂ ਵਿਚਾਲੇ ਬੇਹੱਦ ਤੇਜ਼ ਰਫਤਾਰ ਤੇ ਸਖਤ ਸੰਘਰਸ਼ ਦੇਖਣ ਨੂੰ ਮਿਲਿਆ।

ਪੁਰਸ਼ਾਂ ਦੇ ਹੋਰ ਸੈਮੀਫਾਈਨਲ ਮੁਕਾਬਲਿਆਂ ਵਿਚ ਵਿਸ਼ਵ ਚੈਂਪੀਅਨਸ਼ਿਪ ਦੇ ਕਾਂਸੀ ਤਮਗਾ ਜੇਤੂ ਮੁਹੰਮਦ ਹੁਸਾਮੂਉੱਦੀਨ (60 ਕਿ. ਗ੍ਰਾ.) ਤੇ ਮੌਜੂਦਾ ਚੈਂਪੀਅਨ ਅਵਿਨਾਸ਼ ਜਾਮਵਾਲ (65 ਕਿ. ਗ੍ਰਾ.) ਨੇ ਸਖਤ ਮਿਹਨਤ ਤੋਂ ਬਾਅਦ ਕ੍ਰਮਵਾਰ 4-1 ਨਾਲ ਜਿੱਤ ਹਾਸਲ ਕੀਤੀ।

ਮਹਿਲਾ ਵਰਗ ਵਿਚ ਦੋ ਵਾਰ ਦੀ ਵਿਸ਼ਵ ਚੈਂਪੀਅਨ ਨਿਕਹਤ (51 ਕਿ. ਗ੍ਰਾ.) ਨੇ ਦਬਦਬਾ ਬਣਾਈ ਰੱਖਦੇ ਹੋਏ ਉੱਤਰ ਪ੍ਰਦੇਸ਼ ਦੀ ਕੁਸੁਮਾ ਭਗੇਲ ਨੂੰ 4-1 ਨਾਲ ਹਰਾਇਆ ਜਦਕਿ 2023 ਦੀ ਵਿਸ਼ਵ ਚੈਂਪੀਅਨ ਨੀਤੂ ਘੰਘਾਸ ਨੇ ਰੇਲਵੇ ਦੀ ਜਯੋਤੀ ਨੂੰ 4-0 ਨਾਲ ਹਰਾਇਆ । ਮੌਜੂਦਾ ਵਿਸ਼ਵ ਚੈਂਪੀਅਨ ਮੀਨਾਕਸ਼ੀ ਹੁੱਡਾ (48 ਕਿ. ਗ੍ਰਾ.) ਨੇ ਆਸਾਨੀ ਨਾਲ ਜਿੱਤ ਹਾਸਲ ਕਰਦੇ ਹੋਏ ਮਲਿਕਾ ਮੋਰ ਨੂੰ ਹਰਾ ਕੇ ਫਾਈਨਲ ਵਚ ਜਗ੍ਹਾ ਬਣਾਈ।


author

Tarsem Singh

Content Editor

Related News