ਇੰਡੀਅਨ ਗੋਲਫ ਪ੍ਰੀਮੀਅਰ ਲੀਗ 2026 : ਗਗਨਜੀਤ ਭੁੱਲਰ ''ਤੇ ਰਹਿਣਗੀਆਂ ਸਭ ਦੀਆਂ ਨਜ਼ਰਾਂ
Tuesday, Mar 10, 2026 - 02:29 PM (IST)
ਚੰਡੀਗੜ੍ਹ : ਕ੍ਰਿਕਟ ਵਿੱਚ ਭਾਰਤ ਦੀ ਵਿਸ਼ਵ ਕੱਪ ਜਿੱਤ ਦੇ ਜਸ਼ਨਾਂ ਵਿਚਾਲੇ ਹੁਣ ਖੇਡ ਪ੍ਰੇਮੀਆਂ ਦੀਆਂ ਨਜ਼ਰਾਂ ਗੋਲਫ ਦੇ ਮੈਦਾਨ ਵੱਲ ਮੁੜ ਗਈਆਂ ਹਨ। ਇੰਡੀਅਨ ਗੋਲਫ ਪ੍ਰੀਮੀਅਰ ਲੀਗ (IGPL) 2026 ਦਾ ਪਹਿਲਾ ਪੜਾਅ ਬੁੱਧਵਾਰ, 11 ਮਾਰਚ ਤੋਂ 13 ਮਾਰਚ ਤੱਕ ਚੰਡੀਗੜ੍ਹ ਵਿਖੇ ਖੇਡਿਆ ਜਾਵੇਗਾ। ਇਸ ਵੱਕਾਰੀ ਟੂਰਨਾਮੈਂਟ ਵਿੱਚ ਮੌਜੂਦਾ ਚੈਂਪੀਅਨ ਗਗਨਜੀਤ ਭੁੱਲਰ ਖਿੱਚ ਦਾ ਮੁੱਖ ਕੇਂਦਰ ਰਹਿਣਗੇ।
ਭੁੱਲਰ ਆਪਣਾ ਖ਼ਿਤਾਬ ਬਚਾਉਣ ਲਈ ਉਤਰਨਗੇ
ਮੈਦਾਨ 'ਚ ਏਸ਼ੀਆਈ ਟੂਰ ਵਿੱਚ 11 ਜਿੱਤਾਂ ਦੇ ਨਾਲ ਭਾਰਤ ਦੇ ਸਭ ਤੋਂ ਸਫਲ ਗੋਲਫਰ ਰਹੇ ਗਗਨਜੀਤ ਭੁੱਲਰ ਨੇ 2025 ਵਿੱਚ ਆਈਜੀਪੀਐਲ ਦਾ ਖ਼ਿਤਾਬ ਜਿੱਤਿਆ ਸੀ। ਇਸ ਵਾਰ ਵੀ ਉਹ ਆਪਣੀ ਲੈਅ ਬਰਕਰਾਰ ਰੱਖਣ ਦੀ ਕੋਸ਼ਿਸ਼ ਕਰਨਗੇ। ਭੁੱਲਰ ਤੋਂ ਇਲਾਵਾ, ਪੁਖਰਾਜ ਸਿੰਘ ਗਿੱਲ, ਜਿਨ੍ਹਾਂ ਨੇ 2025 ਵਿੱਚ 'ਆਰਡਰ ਆਫ ਮੈਰਿਟ' ਜਿੱਤਿਆ ਸੀ, ਵੀ ਇਸ ਚੁਣੌਤੀ ਵਿੱਚ ਸ਼ਾਮਲ ਹਨ। ਉਨ੍ਹਾਂ ਦੇ ਨਾਲ ਹੀ ਕਰਨਦੀਪ ਕੋਚਰ ਅਤੇ ਅਮਨ ਰਾਜ ਵਰਗੇ ਸਿਤਾਰੇ ਵੀ ਆਪਣੀ ਦਾਅਵੇਦਾਰੀ ਪੇਸ਼ ਕਰਨਗੇ
ਜੀਵ ਮਿਲਖਾ ਸਿੰਘ ਦਾ ਪੁੱਤਰ ਵੀ ਦਿਖਾਏਗਾ ਜੌਹਰ
ਇਸ ਟੂਰਨਾਮੈਂਟ ਵਿੱਚ ਕੁੱਲ 58 ਖਿਡਾਰੀ ਭਾਗ ਲੈ ਰਹੇ ਹਨ, ਜਿਨ੍ਹਾਂ ਵਿੱਚ 9 ਐਮੇਚਿਓਰ ਖਿਡਾਰੀ ਵੀ ਸ਼ਾਮਲ ਹਨ। ਖ਼ਾਸ ਗੱਲ ਇਹ ਹੈ ਕਿ ਦਿੱਗਜ ਗੋਲਫਰ ਜੀਵ ਮਿਲਖਾ ਸਿੰਘ ਦੇ ਪੁੱਤਰ ਹਰਜਾਈ ਮਿਲਖਾ ਸਿੰਘ ਵੀ ਐਮੇਚਿਓਰ ਖਿਡਾਰੀਆਂ ਵਜੋਂ ਇਸ ਮੁਕਾਬਲੇ ਵਿੱਚ ਨਜ਼ਰ ਆਉਣਗੇ। ਇਸ ਲੀਗ ਵਿੱਚ ਕੋਈ 'ਕੱਟ' ਨਹੀਂ ਹੋਵੇਗਾ, ਜਿਸ ਕਾਰਨ ਖਿਡਾਰੀਆਂ ਕੋਲ ਆਪਣੇ ਹੁਨਰ ਨੂੰ ਦਿਖਾਉਣ ਦਾ ਪੂਰਾ ਮੌਕਾ ਹੋਵੇਗਾ।
