Year Ender 2019: ਇਨ੍ਹਾਂ ਭਾਰਤੀ ਮਹਿਲਾ ਖਿਡਾਰਨਾਂ ਨੇ ਇਸ ਸਾਲ ਬਣਾਈ ਆਪਣੀ ਖਾਸ ਪਛਾਣ
Saturday, Dec 21, 2019 - 03:48 PM (IST)

ਸਪੋਰਸਟ ਡੈਸਕ— ਸਾਲ 2019 ਸਾਡੇ ਤੋਂ ਕੁਝ ਹੀ ਦਿਨਾਂ ਬਾਅਦ ਵਿਦਾ ਹੋ ਜਾਵੇਗਾ। ਨਵੀਆਂ ਉਮੀਦਾਂ ਅਤੇ ਨਵੀਂ ਖੁਸ਼ੀਆਂ ਦੇ ਨਾਲ ਨਵੇਂ ਸਾਲ 2020 ਦੇ ਜਸ਼ਨ ਦੀਆਂ ਤਿਆਰੀਆਂ ਵੀ ਸ਼ੁਰੂ ਹੋ ਗਈਆਂ ਹਨ। ਇਸ ਸਾਲ 2019 'ਚ ਖੇਡ ਜਗਤ 'ਚ ਕੁਝ ਅਜਿਹੀਆਂ ਮਹਿਲਾ ਖਿਡਾਰਨਾਂ ਸਾਹਮਣੇ ਨਿਕਲ ਕੇ ਆਈਆਂ ਹਨ ਜਿਨ੍ਹਾਂ ਨੇ ਆਪਣੀਆਂ ਖੇਡਾਂ ਦੇ ਦੌਰਾਨ ਸ਼ਾਨਦਾਰ ਪ੍ਰਦਰਸ਼ਾਨ, ਮਿਹਨਤ ਦੇ ਜ਼ੋਰ 'ਤੇ ਦੁਨੀਆ 'ਚ ਇਕ ਨਵਾਂ ਮੁਕਾਮ ਹਾਸਲ ਕੀਤਾ। ਅੱਜ ਅਸੀਂ ਅਜਿਹੀਆਂ ਹੀ ਮਹਿਲਾ ਖਿਡਾਰਨਾਂ ਦੇ ਬਾਰੇ ਦੱਸਾਂਗੇ, ਜਿਨ੍ਹਾਂ ਨੇ ਖੇਡ ਦੇ ਹਰ ਖੇਤਰ 'ਚ ਦੇਸ਼ ਦਾ ਮਾਣ ਵਧਾਇਆ ਅਤੇ ਆਪਣੀ ਖੇਡ 'ਚ ਉਹ ਪਰਫੈਕਟ ਵੀ ਰਹੀਆਂ।
ਮੈਰੀਕਾਮ ਦੇ ਨਾਂ ਇਸ ਸਾਲ ਜੁੜਿਆ ਵੱਡਾ ਰਿਕਾਰਡ
ਮੈਗਨੀਫਿਸ਼ੇਂਟ ਮੈਰੀ ਦੇ ਨਾਂ ਨਾਲ ਮਸ਼ਹੂਰ ਭਾਰਤੀ ਮਹਿਲਾ ਮੁੱਕੇਬਾਜ਼ ਐੱਮ. ਸੀ. ਮੈਰੀਕਾਮ ਇਸ ਸਾਲ ਸੁਰਖੀਆਂ 'ਚ ਰਹੀ। 36 ਸਾਲਾ ਮੈਰੀਕਾਮ ਵਰਲਡ ਮਹਿਲਾ ਮੁੱਕੇਬਾਜ਼ੀ ਚੈਂਪੀਅਨਸ਼ਿਪ-2019 ਦੇ ਸੈਮੀਫਾਈਨਲ 'ਚ ਹਾਰ ਦੇ ਬਾਵਜੂਦ ਇਸ ਸਾਲ ਇਤਿਹਾਸ ਰਚਣ 'ਚ ਸਫਲ ਰਹੀ। 51 ਕਿੱਲੋਗ੍ਰਾਮ ਭਾਰਵਰਗ ਦੇ ਸੈਮੀਫਾਈਨਲ (12 ਅਕਤੂਬਰ, ਉਲਾਨ ਉਦੇ- ਰੂਸ) 'ਚ ਉਨ੍ਹਾਂ ਨੂੰ ਤੁਰਕੀ ਦੀ ਬੁਸੇਨਾਜ ਕਾਕਿਰੋਗਲੂ ਖਿਲਾਫ ਹਾਰ ਦਾ ਸਾਹਮਣਾ ਪਿਆ। ਇਸ ਹਾਰ ਦੇ ਨਾਲ ਹੀ 6 ਵਾਰ ਦੀ ਵਰਲਡ ਚੈਂਪੀਅਨ ਮੈਰੀਕਾਮ ਨੂੰ ਇਸ ਵਾਰ ਕਾਂਸੀ ਤਮਗੇ ਨਾਲ ਹੀ ਸਬਰ ਕਰਨਾ ਪਿਆ। ਮਹਿਲਾ ਵਰਲਡ ਮੁੱਕੇਬਾਜ਼ੀ ਚੈਂਪੀਅਨਸ਼ਿਪ 'ਚ ਮੈਰੀਕਾਮ ਦਾ ਇਹ 8ਵਾਂ ਤਮਗਾ ਰਿਹਾ। ਪੁਰਸ਼ ਅਤੇ ਮਹਿਲਾ ਦੋਵਾਂ ਵਰਲਡ ਚੈਂਪੀਅਨਸ਼ਿਪ ਦੀ ਗੱਲ ਕਰੀਏ ਤਾਂ ਮੈਰੀਕਾਮ ਨੇ ਸਭ ਤੋਂ ਜ਼ਿਆਦਾ 8 ਤਮਗੇ ਆਪਣੇ ਨਾਂ ਕਰ ਲਏ। ਮਤਲਬ ਕਿ ਮਹਿਲਾ ਜਾਂ ਪੁਰਸ਼ਾਂ ਦੋਵਾਂ ਵਰਗਾਂ 'ਚ ਸਭ ਤੋਂ ਵੱਧ ਵਰਲਡ ਚੈਂਪੀਅਨਸ਼ਿਪ ਤਮਗੇ ਹੁਣ ਤਕ ਮੈਰੀਕਾਮ ਦੇ ਨਾਂ ਹਨ। ਉਨ੍ਹਾਂ ਨੇ ਪੁਰਸ਼ ਮੁੱਕੇਬਾਜ਼ ਕਿਊਬਾ ਦੇ ਫੇਲਿਕਸ ਸੇਵਾਨ (1986-1999) ਨੂੰ ਪਿੱਛੇ ਛੱਡਿਆ, ਜਿਨ੍ਹਾਂ ਦੇ ਨਾਂ ਵਰਲਡ ਚੈਂਪੀਅਨਸ਼ਿਪ 'ਚ 7 ਤਮਗੇ ਸਨ।
ਸਿਮਰਤੀ ਮੰਧਾਨਾ
ਸਾਲ ਦੇ ਅਖੀਰ 'ਚ ਭਾਰਤ ਦੀ ਸਲਾਮੀ ਬੱਲੇਬਾਜ਼ ਸਿਮਰਤੀ ਮੰਧਾਨਾ ਨੂੰ ਅੰਤਰਰਾਸ਼ਟਰੀ ਕ੍ਰਿਕਟ ਪਰਿਸ਼ਦ (ICC) ਨੇ ਵੱਡਾ ਸਨਮਾਨ ਦਿੱਤਾ। ਉਨ੍ਹਾਂ ਨੂੰ ਆਈ. ਸੀ. ਸੀ. ਦੀ ਸਾਲ-2019 ਦੀ ਵਨ-ਡੇ ਅਤੇ ਟੀ-20 ਦੋਵਾਂ ਟੀਮਾਂ 'ਚ ਸਥਾਨ ਮਿਲਿਆ। ਮੰਧਾਨਾ ਦੇ ਨਾਲ ਸਾਲ ਦੀ ਵਨ-ਡੇ ਟੀਮ 'ਚ ਝੂਲਨ ਗੋਸਵਾਮੀ, ਪੂਨਮ ਯਾਦਵ ਅਤੇ ਸ਼ਿਖਾ ਪੰਡਿਤ ਹਨ ਅਤੇ ਟੀ-20 'ਚ ਆਲਰਾਊਂਡਰ ਦੀਪਤੀ ਸ਼ਰਮਾ ਹੈ ਅਤੇ ਖੱਬੇ ਹੱਥ ਦੀ ਸਪਿਨਰ ਰਾਧਾ ਯਾਦਵ ਹੈ।
ਹਰਮਨਪ੍ਰੀਤ ਕੌਰ
ਭਾਰਤੀ ਮਹਿਲਾ ਟੀ-20 ਦੀ ਕਪਤਾਨ ਹਰਮਨਪ੍ਰੀਤ ਕੌਰ 100 ਟੀ-20 ਅੰਤਰਰਾਸ਼ਟਰੀ ਮੈਚ ਖੇਡਣ ਵਾਲੀ ਪਹਿਲੀ ਭਾਰਤੀ ਬੱਲੇਬਾਜ਼ ਬਣ ਗਈ। ਖਾਸ ਗੱਲ ਇਹ ਹੈ ਕਿ ਹਰਮਨਪ੍ਰੀਤ ਕੌਰ ਮਹਿਲਾ ਅਤੇ ਪੁਰਸ਼ ਦੋਵਾਂ ਵਰਗਾਂ 'ਚ ਇਹ ਉਪਲਬੱਧੀ ਹਾਸਲ ਕਰਨ ਵਾਲੀ ਪਹਿਲੀ ਭਾਰਤੀ ਖਿਡਾਰਨ ਹੈ। ਹਰਮਨਪ੍ਰੀਤ ਕੌਰ ਤੋਂ ਬਾਅਦ ਰੋਹਿਤ ਸ਼ਰਮਾ ਨੇ ਆਪਣਾ 100ਵਾਂ ਟੀ-20 ਅੰਤਰਰਾਸ਼ਟਰੀ ਮੈਚ ਖੇਡਿਆ।
ਪੀ. ਵੀ. ਸਿੰਧੂ
ਓਲੰਪਿਕ ਚਾਂਦੀ ਤਮਗਾ ਜੇਤੂ ਪੀ. ਵੀ. ਸਿੰਧੂ ਨੇ ਸਵਿਟਜ਼ਰਲੈਂਡ 'ਚ ਬੀ. ਡਬਲਿਊ. ਐੱਫ. ਬੈਡਮਿੰਟਨ ਵਰਲਡ ਚੈਂਪੀਅਨਸ਼ਿਪ-2019 ਦੇ ਫਾਈਨਲ 'ਚ ਜਾਪਾਨ ਦੀ ਨੋਜੋਮੀ ਓਕੁਹਾਰਾ ਨੂੰ ਹਰਾ ਕੇ ਇਤਿਹਾਸ ਰਚ ਦਿੱਤਾ। 25 ਅਗਸਤ ਨੂੰ ਵਰਲਡ ਚੈਂਪੀਅਨਸ਼ਿਪ 2019 ਦੇ ਫਾਈਨਲ 'ਚ ਸਿੰਧੂ ਨੇ ਜਿੱਤ ਦਰਜ ਕਰਦੇ ਹੋਏ ਸੋਨ ਤਮਗਾ ਜਿੱਤਿਆ। ਸਿੰਧੂ ਵਰਲਡ ਚੈਂਪੀਅਨਸ਼ਿਪ 'ਚ ਸੋਨਾ ਤਮਗਾ ਜਿੱਤਣ ਵਾਲੀ ਪਹਿਲੀ ਭਾਰਤੀ ਖਿਡਾਰੀ ਬਣੀ। ਦੱਸ ਦੇਈਏ ਕਿ ਇਸ ਤੋਂ ਪਹਿਲਾਂ ਬੈਡਮਿੰਟਨ ਵਰਲਡ ਚੈਂਪੀਅਨਸ਼ਿਪ 'ਚ ਭਾਰਤ ਲਈ ਮਹਿਲਾ ਅਤੇ ਪੁਰਸ਼ ਵਰਗਾਂ 'ਚੋਂ ਹੁਣ ਤਕ ਕਿਸੇ ਨੇ ਸੋਨ ਤਮਗਾ ਨਹੀਂ ਜਿੱਤਿਆ ਸੀ।
ਹਿਮਾ ਦਾਸ
ਭਾਰਤ ਦੀ ਨੌਜਵਾਨ ਐਥਲੀਟ ਹਿਮਾ ਦਾਸ ਨੇ ਜੁਲਾਈ 'ਚ ਸ਼ਾਨਦਾਰ ਪ੍ਰਦਰਸ਼ਨ ਕੀਤਾ। ਹਿਮਾ ਨੇ ਇਕ ਮਹੀਨੇ (ਜੁਲਾਈ) 'ਚ 5 ਸੋਨ ਤਮਗੇ ਆਪਣੇ ਨਾਂ ਕੀਤੇ। ਹਿਮਾ ਨੇ ਦੋ ਜੁਲਾਈ ਨੂੰ ਪੋਲੈਂਡ 'ਚ, ਸੱਤ ਜੁਲਾਈ ਨੂੰ ਪੋਲੈਂਡ 'ਚ ਹੀ ਕੁੰਟਾਂ ਐਥਲੇਟਿਕਸ ਮੀਟ 'ਚ, ਕਲਾਇਨੋ (ਚੈੱਕ ਗਣਰਾਜ 'ਚ), ਚੈੱਕ ਰਿਪਬਲਿਕ 'ਚ ਟਾਬੋਰ ਗ੍ਰਾਂ. ਪ੍ਰੀ. 'ਚ ਅਤੇ ਚੈੱਕਗਣਰਾਜ 'ਚ ਹੀ ਨੋਵੇ ਮੇਸਟੋ ਨਾਡ ਮੇਟੁਜੀ ਗ੍ਰਾਂ. ਪ੍ਰੀ. 'ਚ ਸੋਨ ਤਮਗਾ ਜਿੱਤਿਆ।
ਜੀ. ਐੱਸ. ਲਕਸ਼ਮੀ
ਭਾਰਤ ਦੀ ਜੀ. ਐੱਸ. ਲਕਸ਼ਮੀ ਆਈ. ਸੀ. ਸੀ. ਮੈਚ ਰੈਫਰੀ ਦੇ ਅੰਤਰਰਾਸ਼ਟਰੀ ਪੈਨਲ 'ਚ ਸ਼ਾਮਲ ਹੋਣ ਵਾਲੀ ਪਹਿਲੀ ਮਹਿਲਾ ਬਣੀ। 51 ਸਾਲ ਦੀ ਲਕਸ਼ਮੀ ਘਰੇਲੂ ਮਹਿਲਾ ਕ੍ਰਿਕਟ 'ਚ 2008-09 'ਚ ਮੈਚ ਰੈਫਰੀ ਦੀ ਭੂਮਿਕਾ ਨਿਭਾਉਂਦੀ ਨਜ਼ਰ ਆਈ।
ਮਨੂੰ ਭਾਕੇਰ
ਭਾਰਤੀ ਨਿਸ਼ਾਨੇਬਾਜ਼ ਮਨੂੰ ਭਾਕੇਰ ਅਤੇ ਸੌਰਭ ਚੌਧਰੀ ਦੀ ਜੋੜੀ ਨੇ 27 ਮਾਰਚ ਨੂੰ ਵੱਡੀ ਉਪਲਬੱਧੀ ਹਾਸਲ ਕੀਤੀ ਹੈ। ਤਾਇਪੇ ਦੇ ਤਾਓਯੂਆਨ 'ਚ 12ਵੀਂ ਏੇਸ਼ੀਆਈ ਏਅਰਗਨ ਚੈਂਪੀਅਨਸ਼ਿਪ 'ਚ ਇਸ ਜੋੜੀ ਨੇ ਦਸ ਮੀਟਰ ਏਅਰ ਪਿਸਟਲ ਮਿਕਸ ਟੀਮ 'ਚ ਕੁਆਲੀਫਿਕੇਸ਼ਨ 'ਚ ਵਰਲਡ ਰਿਕਾਰਡ ਬਣਾਇਆ ਅਤੇ ਬਾਅਦ 'ਚ ਇਸ ਈਵੈਂਟ ਦਾ ਸੋਨ ਤਮਗਾ ਵੀ ਜਿੱਤਿਆ। ਕੁਆਲੀਫਿਕੇਸ਼ਨ 'ਚ 17 ਸਾਲ ਦੀ ਮਨੂੰ ਅਤੇ 16 ਸਾਲ ਦੇ ਸੌਰਭ ਨੇ ਮਿਲ ਕੇ 784 ਅੰਕ ਬਣਾਏ ਅਤੇ ਰੂਸ ਦੀ ਵਿਤਾਲਿਨਾ ਬਾਤਸਰਾਸਕੀਨਾ ਅਤੇ ਆਰਤਮ ਚੇਰਨੋਸੋਵ ਦੇ 5 ਦਿਨ ਪਹਿਲਾਂ ਹੀ ਯੂਰਪੀ ਚੈਂਪੀਅਨਸ਼ਿਪ 'ਚ ਬਣਾਏ ਗਏ ਰਿਕਾਰਡ ਨੂੰ ਤੋੜਿਆ।
ਵਿਨੇਸ਼ ਫੋਗਾਟ
ਮਹਿਲਾ ਪਹਿਲਵਾਨ ਵਿਨੇਸ਼ ਫੋਗਾਟ 17 ਜਨਵਰੀ 2019 ਨੂੰ ਲਾਰੀਅਸ ਵਰਲਡ ਸਪੋਟਰਸ ਐਵਾਡਰ ਲਈ ਨਾਮਾਂਕਿਤ ਹੋਣ ਵਾਲੀ ਪਹਿਲੀ ਭਾਰਤੀ ਬਣੀ। ਵਿਨੇਸ਼ ਨੂੰ ਮਹਾਨ ਗੋਲਫਰ ਟਾਈਗਰ ਵੁਡਸ ਦੇ ਨਾਲ ਵਰਲਡ ਕਮਬੈਕ ਆਫ ਦਿ ਈਅਰ (ਸਾਲ 'ਚ ਵਾਪਸੀ ਕਰਨ ਵਾਲੀ ਸਭ ਤੋਂ ਸਰਵਸ਼੍ਰੇਸ਼ਠ ਖਿਡਾਰੀ) ਸ਼੍ਰੈਣੀ 'ਚ ਨਾਮਜ਼ਦ ਕੀਤਾ ਗਿਆ ਸੀ।