ਕੁਸ਼ਤੀ ਵਿਵਾਦ:  ਜਾਂਚ ਕਮੇਟੀ ਸਾਹਮਣੇ ਪੇਸ਼ ਹੋਏ ਬ੍ਰਿਜ ਭੂਸ਼ਣ, ਦੋਸ਼ਾਂ ਨੂੰ ਨਕਾਰਿਆ

03/01/2023 2:48:36 PM

ਨਵੀਂ ਦਿੱਲੀ (ਭਾਸ਼ਾ)- ਭਾਰਤੀ ਕੁਸ਼ਤੀ ਮਹਾਸੰਘ (ਡਬਲਊ.ਐੱਫ.ਆਈ.) ਦੇ ਪ੍ਰਧਾਨ ਬ੍ਰਿਜ ਭੂਸ਼ਣ ਸ਼ਰਨ ਸਿੰਘ ਮੰਗਲਵਾਰ ਨੂੰ ਸਰਕਾਰ ਵੱਲੋਂ ਨਿਯੁਕਤ ਨਿਗਰਾਨ ਕਮੇਟੀ ਦੇ ਸਾਹਮਣੇ ਪੇਸ਼ ਹੋਏ ਅਤੇ ਉਨ੍ਹਾਂ ਨੇ ਆਪਣੇ 'ਤੇ ਲਗਾਏ ਗਏ ਸਾਰੇ ਦੋਸ਼ਾਂ ਨੂੰ ਸਪੱਸ਼ਟ ਤੌਰ 'ਤੇ ਨਕਾਰ ਦਿੱਤਾ। ਇਹ ਕਮੇਟੀ ਬ੍ਰਿਜ ਭੂਸ਼ਣ 'ਤੇ ਲਗਾਏ ਗਏ ਜਿਨਸੀ ਸ਼ੋਸ਼ਣ ਦੇ ਦੋਸ਼ਾਂ ਦੀ ਜਾਂਚ ਕਰ ਰਹੀ ਹੈ। ਅਨੁਭਵੀ ਮੁੱਕੇਬਾਜ਼ ਐੱਮ.ਸੀ. ਮੈਰੀਕਾਮ ਦੀ ਅਗਵਾਈ ਵਾਲੀ ਕਮੇਟੀ ਦਾ ਗਠਨ 23 ਜਨਵਰੀ ਨੂੰ ਕੀਤਾ ਗਿਆ ਸੀ।

ਦੇਸ਼ ਦੇ ਚੋਟੀ ਦੇ ਪਹਿਲਵਾਨਾਂ ਨੇ WFI ਦੇ ਮੁਖੀ ਬ੍ਰਿਜ ਭੂਸ਼ਣ 'ਤੇ ਕਈ ਮਹਿਲਾ ਖਿਡਾਰੀਆਂ ਦਾ ਜਿਨਸੀ ਸ਼ੋਸ਼ਣ ਕਰਨ, ਖਿਡਾਰੀਆਂ ਨੂੰ ਧਮਕਾਉਣ ਅਤੇ ਖੇਡ ਸੰਸਥਾ ਨੂੰ ਤਾਨਾਸ਼ਾਹੀ ਤਰੀਕੇ ਨਾਲ ਚਲਾਉਣ ਦੇ ਦੋਸ਼ ਲਾਏ ਹਨ। ਬ੍ਰਿਜ ਭੂਸ਼ਣ ਸੁਣਵਾਈ ਲਈ ਆਪਣੇ 20 ਸਮਰਥਕਾਂ ਨਾਲ ਪਹੁੰਚੇ ਸਨ। ਸੁਣਵਾਈ ਕਰੀਬ ਤਿੰਨ ਘੰਟੇ ਚੱਲੀ। ਖੇਡ ਮੰਤਰਾਲਾ ਦੇ ਸੂਤਰਾਂ ਨੇ ਪੀ.ਟੀ.ਆਈ. ਨੂੰ ਦੱਸਿਆ ਕਿ ਬ੍ਰਿਜ ਭੂਸ਼ਣ ਮੰਗਲਵਾਰ ਨੂੰ ਕਮੇਟੀ ਦੇ ਸਾਹਮਣੇ ਪੇਸ਼ ਹੋਏ। ਉਨ੍ਹਾਂ ਨੇ ਸਾਰੇ ਦੋਸ਼ਾਂ ਨੂੰ ਸਿਰੇ ਤੋਂ ਖਾਰਜ ਕਰ ਦਿੱਤਾ। ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਨੇ ਕਦੇ ਕੁਝ ਗ਼ਲਤ ਨਹੀਂ ਕੀਤਾ। ਬ੍ਰਿਜ ਭੂਸ਼ਣ ਨੇ ਹਾਲਾਂਕਿ ਸਪੋਰਟਸ ਅਥਾਰਟੀ ਆਫ ਇੰਡੀਆ (ਸਾਈ) ਦੇ ਹੈੱਡਕੁਆਰਟਰ ਦੇ ਬਾਹਰ ਉਡੀਕ ਕਰ ਰਹੇ ਮੀਡੀਆ ਤੋਂ ਬਚਦੇ ਰਹੇ। ਉਨ੍ਹਾਂ ਕਿਹਾ ਕਿ ਅਜੇ ਜਾਂਚ ਚੱਲ ਰਹੀ ਹੈ ਅਤੇ ਉਹ ਫਿਲਹਾਲ ਕੋਈ ਟਿੱਪਣੀ ਨਹੀਂ ਕਰਨਾ ਚਾਹੁੰਦੇ ਹਨ। ਉਨ੍ਹਾਂ 'ਤੇ ਇਹ ਦੋਸ਼ ਵਿਨੇਸ਼ ਫੋਗਾਟ, ਬਜਰੰਗ ਪੂਨੀਆ, ਸਾਕਸ਼ੀ ਮਲਿਕ ਅਤੇ ਰਵੀ ਦਹੀਆ ਸਮੇਤ ਦੇਸ਼ ਦੇ ਚੋਟੀ ਦੇ ਪਹਿਲਵਾਨਾਂ ਨੇ ਲਗਾਏ ਹਨ। ਪਹਿਲਵਾਨ ਪਹਿਲਾਂ ਹੀ ਕਮੇਟੀ ਸਾਹਮਣੇ ਪੇਸ਼ ਹੋ ਚੁੱਕੇ ਹਨ।

ਜਨਵਰੀ ਵਿੱਚ, ਦੇਸ਼ ਦੇ ਚੋਟੀ ਦੇ ਪਹਿਲਵਾਨਾਂ ਨੇ ਬ੍ਰਿਜ ਭੂਸ਼ਣ ਨੂੰ ਬਰਖ਼ਾਸਤ ਕਰਨ ਅਤੇ ਡਬਲਯੂ.ਐੱਫ.ਆਈ. ਨੂੰ ਭੰਗ ਕਰਨ ਦੀ ਮੰਗ ਨੂੰ ਲੈ ਕੇ ਜੰਤਰ-ਮੰਤਰ 'ਤੇ ਤਿੰਨ ਦਿਨਾਂ ਦਾ ਧਰਨਾ ਦਿੱਤਾ ਸੀ। ਇਸ ਤੋਂ ਬਾਅਦ ਭਾਜਪਾ ਦੇ ਸੰਸਦ ਮੈਂਬਰ ਬ੍ਰਿਜ ਭੂਸ਼ਣ ਨੂੰ ਜਾਂਚ ਪੂਰੀ ਹੋਣ ਤੱਕ ਡਬਲਯੂ.ਐੱਫ.ਆਈ. ਦਾ ਕੰਮ ਨਾ ਦੇਖਣ ਲਈ ਕਿਹਾ ਗਿਆ ਸੀ। ਮੈਰੀਕਾਮ ਦੀ ਅਗਵਾਈ ਵਾਲੀ ਕਮੇਟੀ ਵਿੱਚ ਸਾਬਕਾ ਪਹਿਲਵਾਨ ਯੋਗੇਸ਼ਵਰ ਦੱਤ, ਸਾਬਕਾ ਬੈਡਮਿੰਟਨ ਖਿਡਾਰਨ ਤ੍ਰਿਪਤੀ ਮੁਰਗੁੰਡੇ, ਸਾਈ ਮੈਂਬਰ ਰਾਧਿਕਾ ਸ਼੍ਰੀਮਾਨ, ਲਕਸ਼ੇ ਓਲੰਪਿਕ ਪੋਡੀਅਮ ਯੋਜਨਾ ਦੇ ਸਾਬਕਾ ਸੀ.ਈ.ਓ. ਰਾਜੇਸ਼ ਰਾਜਗੋਪਾਲਨ ਅਤੇ ਰਾਸ਼ਟਰਮੰਡਲ ਖੇਡਾਂ ਦੀ ਸੋਨ ਤਗ਼ਮਾ ਜੇਤੂ ਬਬੀਤਾ ਫੋਗਾਟ ਸ਼ਾਮਲ ਹਨ।


cherry

Content Editor

Related News