ਅਦਾਲਤ ਨੇ ਸੁਸ਼ੀਲ ਕੁਮਾਰ ਦੀ ਨਿਆਇਕ ਹਿਰਾਸਤ 9 ਜੁਲਾਈ ਤਕ ਵਧਾਈ
Friday, Jun 25, 2021 - 05:03 PM (IST)

ਨਵੀਂ ਦਿੱਲੀ— ਦਿੱਲੀ ਦੀ ਇਕ ਅਦਾਲਤ ਨੇ ਇੱਥੇ ਛੱਤਰਸਾਲ ਸਟੇਡੀਅਮ ’ਚ ਇਕ ਨੌਜਵਾਨ ਪਹਿਲਵਾਨ ਦੇ ਕਥਿਤ ਕਤਲ ਦੇ ਸਬੰਧ ’ਚ ਓਲੰਪਿਕ ਤਮਗ਼ਾ ਜੇਤੂ ਪਹਿਲਵਾਨ ਸੁਸ਼ੀਲ ਕੁਮਾਰ ਦੀ ਨਿਆਇਕ ਹਿਰਾਸਤ 9 ਜੁਲਾਈ ਤਕ ਵਧਾ ਦਿੱਤੀ ਹੈ। ਕੁਮਾਰ ਨੂੰ 14 ਦਿਨ ਦੀ ਨਿਆਇਕ ਹਿਰਾਸਤ ਦੀ ਸਮਾਂ ਮਿਆਦ ਖ਼ਤਮ ਹੋਣ ’ਤੇ ਸ਼ੁੱਕਰਵਾਰ ਨੂੰ ਮੈਟ੍ਰੋਪੋਲੀਟਨ ਮੈਜਿਸਟ੍ਰੇਟ ਮਯੰਕ ਅੱਗਰਵਾਲ ਦੇ ਸਾਹਮਣੇ ਪੇਸ਼ ਕੀਤਾ ਗਿਆ। ਉਹ ਕਤਲ, ਗ਼ੈਰ-ਇਰਾਦਤਨ ਕਤਲ ਤੇ ਅਗਵਾ ਕਰਨ ਦੇ ਦੋਸ਼ਾਂ ਦਾ ਸਾਹਮਣਾ ਕਰ ਰਹੇ ਹਨ। ਦੋਸ਼ੀ ਦੇ ਵਕੀਲ ਮੁਤਾਬਕ ਉਨ੍ਹਾਂ ਨੂੰ ਮੰਡੋਲੀ ਜੇਲ ਤੋਂ ਤਿਹਾੜ ਦੀ ਜੇਲ ਦੇ ਨੰਬਰ ਦੋ ’ਚ ਭੇਜਿਆ ਗਿਆ ਹੈ।
ਕੁਮਾਰ ਨੇ ਕਥਿਤ ਸੰਪਤੀ ਵਿਵਾਦ ਨੂੰ ਲੈ ਕੇ ਆਪਣੇ ਸਾਥੀਆਂ ਦੇ ਨਾਲ ਮਿਲ ਕੇ 4 ਮਈ ਤੇ ਪੰਜ ਮਈ ਦੀ ਦਰਮਿਆਨੀ ਰਾਤ ਨੂੰ ਸਟੇਡੀਅਮ ’ਚ ਸਾਗਰ ਧਨਖੜ ਤੇ ਉਸ ਦੇ ਦੋ ਦੋਸਤਾਂ ਨਾਲ ਕੁੱਟਮਾਰ ਕੀਤੀ ਸੀ। ਬਾਅਦ ’ਚ ਧਨਖੜ (23) ਦੀ ਸੱਟਾਂ ਕਾਰਨ ਮੌਤ ਹੋ ਗਈ ਸੀ। ਪੁਲਸ ਦਾ ਦਾਅਵਾ ਹੈ ਕਿ ਸੁਸ਼ੀਲ ਕੁਮਾਰ ਕਤਲ ਦਾ ‘ਮੁੱਖ ਦੋਸ਼ੀ ਤੇ ਮਾਸਟਰਮਾਈਂਡ’ ਹੈ ਤੇ ਇਲੈਕਟ੍ਰਾਨਿਕ ਸਬੂਤ ਵੀ ਉਪਲਬਧ ਹਨ ਜਿਸ ’ਚ ਕੁਮਾਰ ਤੇ ਉਸ ਦੇ ਸਾਥੀਆਂ ਨੂੰ ਧਨਖੜ ਨਾਲ ਕੁੱਟਮਾਰ ਕਰਦੇ ਹੋਏ ਦੇਖਿਆ ਜਾ ਸਕਦਾ ਹੈ। ਸੁਸ਼ੀਲ ਕੁਮਾਰ ਨੂੰ 23 ਮਈ ਨੂੰ ਉਨ੍ਹਾਂ ਦੇ ਸਾਥੀ ਅਜੇ ਕੁਮਾਰ ਸਹਿਰਾਵਤ ਦੇ ਨਾਲ ਫੜਿਆ ਗਿਆ। ਅਜੇ ਤਕ ਉਹ 10 ਤੇ 23 ਦਿਨਾਂ ਦੀ ਕ੍ਰਮਵਾਰ ਪੁਲਸ ਤੇ ਨਿਆਇਕ ਹਿਰਾਸਤ ’ਚ ਰਹਿ ਚੁੱਕੇ ਹਨ। ਘਟਨਾ ਦੇ ਸਬੰਧ ’ਚ ਸੁਸ਼ੀਲ ਕੁਮਾਰ ਸਮੇਤ ਕੁਲ 10 ਲੋਕਾਂ ਨੂੰ ਅਜੇ ਤਕ ਗਿ੍ਰਫ਼ਤਾਰ ਕੀਤਾ ਗਿਆ ਹੈ।
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।