WPL, MI vs GG : ਮੁੰਬਈ ਨੇ ਗੁਜਰਾਤ ਨੂੰ 143 ਦੌੜਾਂ ਨਾਲ ਹਰਾਇਆ

Saturday, Mar 04, 2023 - 11:15 PM (IST)

WPL, MI vs GG : ਮੁੰਬਈ ਨੇ ਗੁਜਰਾਤ ਨੂੰ 143 ਦੌੜਾਂ ਨਾਲ ਹਰਾਇਆ

ਸਪੋਰਟਸ ਡੈਸਕ :  ਮਹਿਲਾ ਪ੍ਰੀਮੀਅਰ ਲੀਗ (ਡਬਲਿਊ. ਪੀ. ਐੱਲ.) ਦੇ ਸ਼ੁਰੂਆਤੀ ਸੈਸ਼ਨ ਦੇ ਪਹਿਲੇ ਮੈਚ 'ਚ ਮੁੰਬਈ ਇੰਡੀਅਨਜ਼ ਨੇ ਗੁਜਰਾਤ ਜਾਇੰਟਸ ਨੂੰ 143 ਦੌੜਾਂ ਨਾਲ ਹਰਾਇਆ। ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਮੁੰਬਈ ਇੰਡੀਅਨਜ਼ ਨੇ 208 ਦੌੜਾਂ ਦਾ ਟੀਚਾ ਦਿੱਤਾ ਗਿਆ, ਜਿਸ ਦੇ ਜਵਾਬ 'ਚ ਗੁਜਰਾਤ ਜਾਇੰਟਸ ਦੀ ਟੀਮ 15.1 ਓਵਰਾਂ 'ਚ 64 ਦੌੜਾਂ 'ਤੇ ਸਿਮਟ ਗਈ।

ਟੀਚੇ ਦਾ ਪਿੱਛਾ ਕਰਨ ਉਤਰੀ ਗੁਜਰਾਤ ਦੀ ਟੀਮ ਨੇ 7 ਓਵਰਾਂ ਦੇ ਅੰਦਰ ਹੀ ਆਪਣੀਆਂ ਪਹਿਲੀਆਂ 5 ਵਿਕਟਾਂ ਗੁਆ ਦਿੱਤੀਆਂ। ਸਟਾਰ ਖਿਡਾਰਨ ਹਰਲੀਨ ਦਿਓਲ, ਐਸ਼ਲੇ ਗਾਰਡਨਰ ਅਤੇ ਕਪਤਾਨ ਬੇਥ ਮੂਨੀ ਬਿਨਾਂ ਖਾਤਾ ਖੋਲ੍ਹੇ ਵਾਪਸ ਪਰਤ ਗਏ, ਜਦਕਿ ਸਬਹਿਨੇਨੀ ਮੇਘਨਾ 2 ਅਤੇ ਐਨਾਬੇਲ ਸਦਰਲੈਂਡ 6 ਦੌੜਾਂ ਬਣਾ ਕੇ ਆਊਟ ਹੋ ਗਏ। ਇਸ ਤੋਂ ਬਾਅਦ ਆਖਰੀ ਪੰਜ ਬੱਲੇਬਾਜ਼ਾਂ ਦਾ ਪ੍ਰਦਰਸ਼ਨ ਵੀ ਸਾਧਾਰਨ ਰਿਹਾ, ਗੁਜਰਾਤ ਵੱਲੋਂ ਸਭ ਤੋਂ ਵੱਡੀ ਪਾਰੀ ਦਿਆਲਨ ਹੇਮਲਤਾ ਨੇ ਖੇਡੀ, ਜਿਸ ਨੇ ਅਜੇਤੂ 29 ਦੌੜਾਂ ਬਣਾਈਆਂ। ਮੁੰਬਈ ਵੱਲੋਂ ਸਾਈਕਾ ਇਸ਼ਾਕ ਨੇ ਸਭ ਤੋਂ ਵਧੀਆ 4 ਵਿਕਟਾਂ ਲਈਆਂ।

ਇਸ ਤੋਂ ਪਹਿਲਾਂ ਮੁੰਬਈ ਇੰਡੀਅਨਜ਼ ਨੇ 20 ਓਵਰਾਂ 'ਚ ਪੰਜ ਵਿਕਟਾਂ ਦੇ ਨੁਕਸਾਨ 'ਤੇ 207 ਦੌੜਾਂ ਬਣਾਈਆਂ ਸਨ। ਮੁੰਬਈ ਦੀ ਸ਼ੁਰੂਆਤ ਚੰਗੀ ਨਹੀਂ ਰਹੀ। ਸਲਾਮੀ ਬੱਲੇਬਾਜ਼ ਯਸਤਿਕਾ ਭਾਟੀਆ ਸਿਰਫ਼ 1 ਦੌੜ ਬਣਾ ਕੇ ਆਊਟ ਹੋ ਗਈ। ਨੈਟ ਸਾਈਬਰ ਬਰੰਟ ਅਤੇ ਹਾਰਲੇ ਮੈਥਿਊਜ਼ ਨੇ ਫਿਰ ਪਾਰੀ ਨੂੰ ਸੰਭਾਲਿਆ। ਬਰੰਟ ਨੇ 18 ਗੇਂਦਾਂ ਵਿੱਚ 23 ਦੌੜਾਂ ਬਣਾਈਆਂ ਜਦਕਿ ਮੈਥਿਊਜ਼ ਨੇ 31 ਗੇਂਦਾਂ ਵਿੱਚ 47 ਦੌੜਾਂ ਬਣਾਈਆਂ। ਚੌਥੇ ਨੰਬਰ 'ਤੇ ਆਈ ਕਪਤਾਨ ਹਰਮਨਪ੍ਰੀਤ ਨੇ ਧਮਾਕੇਦਾਰ ਪਾਰੀ ਖੇਡ ਕੇ ਟੀਮ ਦੇ ਸਕੋਰ ਨੂੰ 150 ਤੋਂ ਪਾਰ ਪਹੁੰਚਾਇਆ। ਉਸ ਨੇ 30 ਗੇਂਦਾਂ ਵਿੱਚ 14 ਚੌਕਿਆਂ ਦੀ ਮਦਦ ਨਾਲ 65 ਦੌੜਾਂ ਦੀ ਪਾਰੀ ਖੇਡੀ। ਇਸ ਤੋਂ ਬਾਅਦ ਅਮੇਲੀਆ ਕੇਰ ਅਤੇ ਪੂਜਾ ਵਸਤਰਾਕਰ ਨੇ ਪਾਰੀ ਨੂੰ ਅੱਗੇ ਵਧਾਇਆ।

ਇਨ੍ਹਾਂ ਦੋਵਾਂ ਬੱਲੇਬਾਜ਼ਾਂ ਨੇ ਟੀਮ ਦੇ ਸਕੋਰ ਨੂੰ 200 ਤੋਂ ਪਾਰ ਪਹੁੰਚਾਇਆ। ਹਾਲਾਂਕਿ ਪੂਜਾ 8 ਗੇਂਦਾਂ 'ਚ 15 ਦੌੜਾਂ ਬਣਾ ਕੇ ਆਊਟ ਹੋ ਗਈ। ਅਮੇਲੀਆ ਕੇਰ ਨੇ 24 ਗੇਂਦਾਂ 'ਤੇ ਨਾਬਾਦ 45 ਦੌੜਾਂ ਦੀ ਪਾਰੀ ਖੇਡੀ। ਅੰਤ ਵਿੱਚ, ਇਸੀ ਵੋਂਗ ਨੇ ਇੱਕ ਛੱਕਾ ਲਗਾ ਕੇ ਪਾਰੀ ਦਾ ਅੰਤ ਕੀਤਾ। ਗੁਜਰਾਤ ਜਾਇੰਟਸ ਲਈ ਸਨੇਹ ਰਾਣਾ ਨੇ ਦੋ ਵਿਕਟਾਂ ਲਈਆਂ ਜਦਕਿ ਐਸ਼ਲੇ ਗਾਰਡਨਰ, ਤੁੰਜਾ ਕੰਵਰ ਅਤੇ ਜਾਰਜੀਆ ਵਾਰੇਹਮ ਨੇ ਇਕ-ਇਕ ਵਿਕਟ ਲਈ।


author

Mandeep Singh

Content Editor

Related News