WPL: ਯੂਪੀ ਵਾਰੀਅਰਜ਼ ਨੇ ਐਲੀਸਾ ਹੀਲੀ ਨੂੰ ਕਪਤਾਨ ਕੀਤਾ ਨਿਯੁਕਤ
Wednesday, Feb 22, 2023 - 04:29 PM (IST)
ਲਖਨਊ (ਭਾਸ਼ਾ)- ਯੂਪੀ ਵਾਰੀਅਰਜ਼ ਨੇ ਸਟਾਰ ਆਸਟਰੇਲੀਆਈ ਵਿਕਟਕੀਪਰ ਬੱਲੇਬਾਜ਼ ਐਲੀਸਾ ਹੀਲੀ ਨੂੰ ਅਗਲੇ ਮਹੀਨੇ ਮੁੰਬਈ ਵਿਚ ਹੋਣ ਵਾਲੀ ਸ਼ੁਰੂਆਤੀ ਮਹਿਲਾ ਪ੍ਰੀਮੀਅਰ ਲੀਗ (ਡਬਲਯੂ.ਪੀ.ਐੱਲ) ਲਈ ਆਪਣਾ ਕਪਤਾਨ ਨਿਯੁਕਤ ਕੀਤਾ ਹੈ। ਕਾਪਰੀ ਗਲੋਬਲ ਹੋਲਡਿੰਗਜ਼ ਪ੍ਰਾਈਵੇਟ ਲਿਮਟਿਡ ਦੀ ਟੀਮ ਯੂਪੀ ਵਾਰੀਅਰਜ਼ ਨੇ ਫਰੈਂਚਾਈਜ਼ੀ ਆਧਾਰਿਤ ਲੀਗ ਲਈ ਇੱਕ ਸੰਤੁਲਿਤ ਟੀਮ ਤਿਆਰ ਕੀਤੀ ਹੈ। ਹੀਲੀ ਮਹਿਲਾ ਕ੍ਰਿਕਟ ਦਾ ਸਭ ਤੋਂ ਮਸ਼ਹੂਰ ਚਿਹਰਾ ਹੈ ਅਤੇ ਬਹੁਤ ਅਨੁਭਵੀ ਵੀ ਹੈ। ਉਹ ਆਸਟਰੇਲੀਆ ਲਈ 139 ਟੀ-20 ਅੰਤਰਰਾਸ਼ਟਰੀ ਮੈਚਾਂ ਵਿੱਚ ਕਰੀਬ 2,500 ਦੌੜਾਂ ਬਣਾ ਚੁੱਕੀ ਹੈ, ਜਿਸ ਵਿੱਚ ਇੱਕ ਸੈਂਕੜਾ ਅਤੇ 14 ਅਰਧ ਸੈਂਕੜੇ ਸ਼ਾਮਲ ਹਨ। ਉਹ ਖੇਡ ਦੀ ਸਰਵਸ੍ਰੇਸ਼ਠ ਵਿਕਟਕੀਪਰ ਬੱਲੇਬਾਜ਼ਾਂ ਵਿਚ ਵੀ ਸ਼ਾਮਲ ਹੈ, ਟੀ-20 ਅੰਤਰਰਾਸ਼ਟਰੀ ਮੈਚਾਂ ਵਿੱਚ ਉਹ 110 ਖਿਡਾਰੀਆਂ ਨੂੰ ਆਊਟ ਕਰ ਚੁੱਕੀ ਹੈ।
ਹੀਲੀ ਨੇ ਕਿਹਾ, ''ਮੈਂ ਇਤਿਹਾਸਕ ਡਬਲਯੂ.ਪੀ.ਐੱਲ. ਦੇ ਸ਼ੁਰੂਆਤੀ ਪੜਾਅ 'ਚ ਯੂਪੀ ਵਾਰੀਅਰਜ਼ ਦੀ ਕਪਤਾਨੀ ਦੀ ਜ਼ਿੰਮੇਵਾਰੀ ਮਿਲਣ 'ਤੇ ਖੁਸ਼ ਹਾਂ। ਅਸੀਂ ਸਾਰੇ WPL ਦਾ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਸੀ ਅਤੇ ਯੂਪੀ ਵਾਰੀਅਰਜ਼ ਦੀ ਟੀਮ ਸ਼ਾਨਦਾਰ ਹੈ। ਟੂਰਨਾਮੈਂਟ 'ਚ ਖੇਡਣ ਲਈ ਬੇਕਰਾਰ ਹਾਂ। ਸਾਡੀ ਟੀਮ ਵਿੱਚ ਨੌਜਵਾਨ ਅਤੇ ਤਜ਼ਰਬੇਕਾਰ ਖਿਡਾਰੀਆਂ ਦਾ ਵਧੀਆ ਮਿਸ਼ਰਣ ਹੈ।' ਟੀਮ ਦੇ ਕੋਚ ਇੰਗਲੈਂਡ ਦੇ ਜੋਨ ਲੁਈਸ ਅਤੇ ਸਹਾਇਕ ਕੋਚ ਅੰਜੂ ਜੈਨ ਹਨ, ਜਦੋਂ ਕਿ ਆਸਟਰੇਲੀਆ ਦੇ ਐਸ਼ਲੇ ਨੌਫਕੇ ਗੇਂਦਬਾਜ਼ੀ ਕੋਚ ਹੈ ਅਤੇ ਚਾਰ ਵਾਰ ਦੀ ਵਿਸ਼ਵ ਚੈਂਪੀਅਨ ਲੀਜ਼ਾ ਸਥਾਲੇਕਰ ਟੀਮ ਦੀ 'ਮੈਂਟਰ' ਹੈ। ਲੀਗ 4 ਤੋਂ 26 ਮਾਰਚ ਤੱਕ ਮੁੰਬਈ ਵਿੱਚ ਖੇਡੀ ਜਾਵੇਗੀ ਜਿਸ ਵਿੱਚ ਬ੍ਰੇਬੋਰਨ ਸਟੇਡੀਅਮ ਅਤੇ ਡੀਵਾਈ ਪਾਟਿਲ ਸਟੇਡੀਅਮ ਵਿੱਚ ਕੁੱਲ 22 ਮੈਚ ਖੇਡੇ ਜਾਣਗੇ। ਯੂਪੀ ਵਾਰੀਅਰਜ਼ 5 ਮਾਰਚ ਨੂੰ ਡੀਵਾਈ ਪਾਟਿਲ ਸਟੇਡੀਅਮ ਵਿੱਚ ਗੁਜਰਾਤ ਜਾਇੰਟਸ ਦੇ ਖਿਲਾਫ ਆਪਣੀ ਮੁਹਿੰਮ ਦੀ ਸ਼ੁਰੂਆਤ ਕਰੇਗੀ।
ਟੀਮ ਇਸ ਪ੍ਰਕਾਰ ਹੈ:
ਐਲੀਸਾ ਹੀਲੀ (ਕਪਤਾਨ), ਸੋਫੀ ਏਕਲਸਟੋਨ, ਦੀਪਤੀ ਸ਼ਰਮਾ, ਟਾਹਲੀਆ ਮੈਕਗ੍ਰਾਥ, ਸ਼ਬਨੀਮ ਇਸਮਾਈਲ, ਅੰਜਲੀ ਸਰਵਨੀ, ਰਾਜੇਸ਼ਵਰੀ ਗਾਇਕਵਾੜ, ਪਾਰਸ਼ਵੀ ਚੋਪੜਾ, ਸ਼ਵੇਤਾ ਸਹਿਰਾਵਤ, ਐੱਸ ਯਸ਼ਸ਼੍ਰੀ, ਕਿਰਨ ਨਵਗੀਰੇ, ਗ੍ਰੇਸ ਹੈਰਿਸ, ਦੇਵਿਕਾ ਵੈਦ, ਲੌਰੇਨ ਬੇਲ, ਲਕਸ਼ਮੀ ਯਾਦਵ ਅਤੇ ਸਿਮਰਨ ਸ਼ੇਖ।