ਭਾਰਤ ਦਾ ਅਭਿਮਨਯੂ ਬਣਿਆ ਵਿਸ਼ਵ ਜੂਨੀਅਰ ਸ਼ਤਰੰਜ ਉਪ ਜੇਤੂ

09/16/2018 8:11:38 PM

ਗੇਬਜੇ : ਵਿਸ਼ਵ ਜੂਨੀਅਰ ਸ਼ਤਰੰਜ ਚੈਂਪੀਅਨਸ਼ਿਪ ਦੀ ਸਮਾਪਤੀ ਅੰਤ ਭਾਰਤ ਲਈ ਇਕ ਸ਼ਾਨਦਾਰ ਨਤੀਜਾ ਲੈ ਕੇ ਆਈ। ਭਾਰਤ ਦੇ 18 ਸਾਲਾ ਅਭਿਮਨਯੂ ਪੌਰਾਣਿਕ ਨੇ ਕਾਂਟੇ ਦੇ ਮੁਕਾਬਲੇ 'ਚ ਖੇਡ ਦੀ ਚੰਗੀ ਸਮਝ ਤੇ ਸਬਰ ਦੀ ਪਛਾਣ ਦਿੰਦਿਆਂ ਅਰਮੀਨੀਆ ਦੇ ਅਰਾਮ ਹਕੋਬਯਨ ਨੂੰ ਹਰਾ ਕੇ ਵਿਸ਼ਵ ਜੂਨੀਅਰ ਸ਼ਤਰੰਜ ਚੈਂਪੀਅਨਸ਼ਿਪ ਦਾ ਚਾਂਦੀ ਤਮਗਾ ਹਾਸਲ ਕਰ ਲਿਆ।ਅਭਿਮਨਯੂ ਨੇ ਆਪਣੇ ਆਖਰੀ 4 ਮੁਕਾਬਲਿਆਂ ਵਿਚ 3 ਜਿੱਤਾਂ ਤੇ 1 ਡਰਾਅ ਨਾਲ ਕੁਲ 3.5 ਅੰਕ ਬਣਾਏ, ਜਿਹੜੇ ਕਿ ਮਹੱਤਵਪੂਰਨ ਮੁਕਾਬਲਿਆਂ ਵਿਚ ਉਸਦੀ ਨਤੀਜਾ ਦੇਣ ਦੀ ਸਮੱਰਥਾ ਦੇ ਕਾਰਨ ਹੀ ਸੰਭਵ ਹੋ ਸਕਿਆ। ਵੈਸੇ ਕੁਲ 11 ਮੈਚਾਂ ਵਿਚ ਉਸ ਨੇ 2683 ਰੇਟਿੰਗ ਦੇ ਪੱਧਰ ਦਾ ਪ੍ਰਦਰਸ਼ਨ ਕਰਦਿਆਂ 7 ਜਿੱਤਾਂ, 3 ਡਰਾਅ ਤੇ 1 ਹਾਰ ਦੇ ਨਾਲ ਕੁਲ 8.5 ਅੰਕ ਹਾਸਲ ਕੀਤੇ ਤੇ ਬਿਹਤਰ ਟਾਈਬ੍ਰੇਕ ਦੇ ਆਧਾਰ 'ਤੇ ਉਹ ਦੂਜੇ ਸਥਾਨ 'ਤੇ ਰਿਹਾ।

ਈਰਾਨ ਦਾ ਪਰਹਮ ਹਾਰ ਕੇ ਵੀ ਬਣਿਆ ਚੈਂਪੀਅਨ

ਆਖਰੀ ਰਾਊਂਡ ਤੋਂ ਪਹਿਲਾਂ ਹੀ ਅਜੇਤੂ 2 ਅੰਕਾਂ ਦੀ ਬੜ੍ਹਤ ਹਾਸਲ ਕਰ ਚੁੱਕਾ ਈਰਾਨ ਦਾ ਪਰਹਮ ਮਘਸੂਦਲੂ 11ਵੇਂ ਰਾਊਂਡ ਵਿਚ ਰੂਸ ਦੇ ਆਂਦ੍ਰੇ ਐਸੀਪੇਂਕੋ ਤੋਂ ਹਾਰ ਗਿਆ ਪਰ ਫਿਰ ਵੀ ਕੁਲ 9 ਜਿੱਤਾਂ, 1 ਡਰਾਅ ਤੇ 1 ਹਾਰ ਨਾਲ 9.5 ਅੰਕ ਹਾਸਲ ਕਰਦਿਆਂ ਉਹ ਵਿਸ਼ਵ ਜੂਨੀਅਰ ਚੈਂਪੀਅਨ ਬਣ ਗਿਆ। ਉਹ ਇਹ ਖਿਤਾਬ ਹਾਸਲ ਕਰਨ ਵਾਲਾ ਈਰਾਨ ਦਾ ਪਹਿਲਾ ਖਿਡਾਰੀ ਹੈ। ਰੂਸ ਦੇ ਸੇਰਗੀ ਲੋਬਾਨੋਵ ਤੀਜੇ ਸਥਾਨ 'ਤੇ ਰਿਹਾ। ਉਸ ਨੇ ਵੀ 8.5 ਅੰਕ ਬਣਾਏ ਤੇ ਉਸ ਨੇ ਟਾਈਬ੍ਰੇਕ ਵਿਚ ਹਮਵਤਨ ਆਂਦ੍ਰੇ ਐਸੀਪੇਂਕੋ ਨੂੰ ਹਰਾ ਕੇ ਇਹ ਸਥਾਨ ਹਾਸਲ ਕੀਤਾ। ਉਸ ਨੇ ਆਖਰੀ ਰਾਊਂਡ ਵਿਚ ਨਾਰਵੇ ਦੇ ਕ੍ਰਿਸਟੀਅਨ  ਜੋਹਨ ਸੇਬੇਸਟੀਅਨ ਨੂੰ ਹਾਰ ਦਾ ਸਵਾਦ ਚਖਾਇਆ।


Related News