ਨਾਰਵੇ ਸ਼ਤਰੰਜ ਟੂਰਨਾਮੈਂਟ: ਕਾਰੂਆਨਾ ਹੱਥੋਂ ਹਾਰੇ ਪ੍ਰਗਿਆਨੰਦਾ

06/08/2024 4:50:11 PM

ਸਟਾਵੇਂਜਰ (ਨਾਰਵੇ)–ਭਾਰਤੀ ਗ੍ਰੈਂਡਮਾਸਟਰ ਆਰ. ਪ੍ਰਗਿਆਨੰਦਾ ਨੂੰ ਨਾਰਵੇ ਸ਼ਤਰੰਜ ਟੂਰਨਾਮੈਂਟ ਦੇ 9ਵੇਂ ਦੌਰ ਵਿਚ ਅਮਰੀਕਾ ਦੇ ਫੇਬਿਆਨੋ ਕਾਰੂਆਨਾ ਹੱਥੋਂ ਹਾਰ ਦਾ ਸਾਹਮਣਾ ਕਰਨਾ ਪਿਆ ਜਦਕਿ ਵਿਸ਼ਵ ਦੇ ਨੰਬਰ ਇਕ ਖਿਡਾਰੀ ਮੈਗਨਸ ਕਾਰਲਸਨ ਨੇ ਫਰਾਂਸ ਦੇ ਫਿਰੋਜਾ ਅਲੀਰੇਜਾ ਨੂੰ ਆਰਮਾਗੇਡਨ (ਟਾਈਬ੍ਰੇਕਰ) ਵਿਚ ਹਰਾਇਆ। ਕਾਰਲਸਨ ਦੇ ਹੁਣ 16 ਅੰਕ ਹੋ ਗਏ ਹਨ ਤੇ ਉਸ ਨੇ ਆਪਣੇ ਨੇੜਲੇ ਵਿਰੋਧੀ ਹਿਕਾਰੂ ਨਾਕਾਮੁਰਾ ’ਤੇ 1.5 ਅੰਕਾਂ ਦੀ ਬੜ੍ਹਤ ਹਾਸਲ ਕਰ ਲਈ ਹੈ।

ਨਾਕਾਮੁਰਾ ਨੂੰ ਚੀਨ ਦੇ ਵਿਸ਼ਵ ਚੈਂਪੀਅਨ ਡਿੰਗ ਲਿਰੇਨ ਹੱਥੋਂ ਹਾਰ ਦਾ ਸਾਹਮਣਾ ਕਰਨਾ ਪਿਆ। ਕਾਰੂਆਨਾ ਹੱਥੋਂ ਆਰਮਾਗੇਡਨ ਵਿਚ ਹਾਰ ਜਾਣ ਦੇ ਬਾਵਜੂਦ ਪ੍ਰਗਿਆਨੰਦਾ 13 ਅੰਕ ਲੈ ਕੇ ਤੀਜੇ ਸਥਾਨ ’ਤੇ ਬਣਿਆ ਹੋਇਆ ਹੈ। ਉਹ ਚੌਥੇ ਨੰਬਰ ’ਤੇ ਕਾਬਜ਼ ਅਲੀਰੇਜਾ ਤੋਂ ਇਕ ਅੰਕ ਅੱਗੇ ਹੈ। ਕਾਰੂਆਨਾ ਦੇ 10.5 ਅੰਕ ਹਨ ਤੇ ਉਹ ਪੰਜਵੇਂ ਸਥਾਨ ’ਤੇ ਹੈ। ਲਿਰੇਨ ਛੇ ਅੰਕਾਂ ਨਾਲ ਆਖਰੀ ਸਥਾਨ ’ਤੇ ਹੈ।
ਮਹਿਲਾ ਵਰਗ ਵਿਚ ਭਾਰਤ ਵੱਲੋਂ ਆਰ. ਵੈਸ਼ਾਲੀ ਨੂੰ ਚੀਨ ਦੀ ਟਿੰਗਜੀ ਲੇਈ ਹੱਥੋਂ ਇਕ ਹੋਰ ਹਾਰ ਦਾ ਸਾਹਮਣਾ ਕਰਨਾ ਪਿਆ, ਜਿਸ ਨਾਲ ਉਹ ਚੌਥੇ ਸਥਾਨ ’ਤੇ ਖਿਸਕ ਗਈ। ਇਕ ਹੋਰ ਭਾਰਤੀ ਖਿਡਾਰੀ ਕੋਨੇਰੂ ਹੰਪੀ ਵੀ ਚੀਨ ਦੇ ਵੇਨਜੂਨ ਜੂ ਹੱਥੋਂ ਹਾਰ ਗਈ। ਵੇਨਜੂਨ ਜੂ ਹੁਣ 16 ਅੰਕ ਲੈ ਕੇ ਚੋਟੀ ’ਤੇ ਹੈ ਤੇ ਉਸ ਨੇ ਖਿਤਾਬ ਲਈ ਆਪਣਾ ਦਾਅਵਾ ਮਜ਼ਬੂਤ ਕਰ ਦਿੱਤਾ ਹੈ। ਟਿੰਗਜੀ ਲੇਈ ਤੇ ਯੂਕ੍ਰੇਨ ਦੀ ਅਨਾ ਮੁਜੀਚੁਕ ਉਸ ਤੋਂ 1.5 ਅੰਕ ਪਿੱਛੇ ਸਾਂਝੇ ਤੌਰ ’ਤੇ ਦੂਜੇ ਸਥਾਨ ’ਤੇ ਹੈ। ਵੈਸ਼ਾਲੀ 11.5 ਅੰਕਾਂ ਨਾਲ ਚੌਥੇ ਜਦਕਿ ਹੰਪੀ 9 ਅੰਕਾਂ ਨਾਲ ਪੰਜਵੇਂ ਸਥਾਨ ’ਤੇ ਹੈ। ਸਵੀਡਨ ਦੀ ਤਜਰਬੇਕਾਰ ਖਿਡਾਰੀ ਪਿਯਾ ਕ੍ਰੈਮਲਿੰਗ 6.5 ਅੰਕਾਂ ਨਾਲ ਆਖਰੀ ਸਥਾਨ ’ਤੇ ਹੈ। ਵੈਸ਼ਾਲੀ ਕਲਾਸੀਕਲ ਗੇਮ ਵਿਚ ਹਾਰ ਜਾਣ ਵਾਲੀ ਇਕਲੌਤੀ ਖਿਡਾਰਨ ਰਹੀ ਹੈ। ਬਾਕੀ ਸਾਰੀਆਂ ਬਾਜ਼ੀਆਂ ਡਰਾਅ ਰਹੀਆਂ, ਜਿਸ ਤੋਂ ਬਾਅਦ ਨਤੀਜੇ ਲਈ ਆਰਮਾਗੇਡਨ ਦਾ ਸਹਾਰਾ ਲਿਆ ਗਿਆ।


Aarti dhillon

Content Editor

Related News