ਕੁਵੈਤ ਵਿਰੁੱਧ ਵਿਸ਼ਵ ਕੱਪ ਕੁਆਲੀਫਾਇਰ ਮੁਕਾਬਲੇ ’ਚ ਸ਼ੇਤਰੀ ਨੂੰ ਜਿੱਤ ਨਾਲ ਵਿਦਾਈ ਦੇਣਾ ਚਾਹੇਗਾ ਭਾਰਤ
Wednesday, Jun 05, 2024 - 08:01 PM (IST)
ਕੋਲਕਾਤਾ, (ਭਾਸ਼ਾ)– ਚਮਤਕਾਰੀ ਫੁੱਟਬਾਲ ਖਿਡਾਰੀ ਸੁਨੀਲ ਸ਼ੇਤਰੀ ਵੀਰਵਾਰ ਨੂੰ ਇੱਥੇ ਜਦੋਂ ਕੁਵੈਤ ਵਿਰੁੱਧ ਫੀਫਾ ਵਿਸ਼ਵ ਕੱਪ ਕੁਆਲੀਫਾਇੰਗ ਮੈਚ ਵਿਚ ਆਖਰੀ ਵਾਰ ਮੈਦਾਨ ’ਤੇ ਭਾਰਤ ਦੀ ਅਗਵਾਈ ਕਰੇਗਾ ਤਾਂ ਭਾਵਨਾਵਾਂ ਉਫਾਨ ’ਤੇ ਹੋਣਗੀਆਂ ਤੇ ਟੀਮ ਉਸ ਨੂੰ ਜਿੱਤ ਨਾਲ ਵਿਦਾਈ ਦੇਣਾ ਚਾਹੇਗੀ। ਭਾਰਤੀ ਟੀਮ ਲਈ ਇਹ ਮੈਚ ‘ਕਰੋ ਜਾਂ ਮਰੋ’ ਦੀ ਤਰ੍ਹਾਂ ਹੈ। ਟੀਮ ਜੇਕਰ ਇਸ ਮੈਚ ਨੂੰ ਜਿੱਤਦੀ ਹੈ ਤਾਂ ਉਹ ਪਹਿਲੀ ਵਾਰ 18 ਟੀਮਾਂ ਦੇ ਕੁਆਲੀਫਾਇਰ ਦੇ ਆਖਰੀ ਗੇੜ ਲਈ ਕੁਆਲੀਫਾਈ ਕਰਨ ਲਈ ਕਾਫੀ ਬਿਹਤਰ ਸਥਿਤੀ ਵਿਚ ਹੋਵੇਗੀ। ਸ਼ੇਤਰੀ ਪਿਛਲੇ 19 ਸਾਲ ਤੋਂ ਭਾਰਤੀ ਫੁੱਟਬਾਲ ਦਾ ਝੰਡਾਬਰਦਾਰ ਰਿਹਾ ਹੈ ਤੇ 39 ਸਾਲ ਦਾ ਇਹ ਖਿਡਾਰੀ ਖੁਦ ਵੀ ਟੀਮ ਲਈ ਆਪਣਾ ਸਭ ਕੁਝ ਝੋਂਕਣ ਲਈ ਤਿਆਰ ਹੋਵੇਗਾ। ਚਾਰ-ਚਾਰ ਟੀਮਾਂ ਦੇ 9 ਗਰੁਪਾਂ ਵਿਚੋਂ ਟਾਪ-2 ਟੀਮਾਂ ਕੁਆਲੀਫਿਕੇਸ਼ਨ ਦੇ ਤੀਜੇ ਗੇੜ ਵਿਚ ਪਹੁੰਚਣਗੀਆਂ।
ਫੀਫਾ ਨੇ ਵਿਸ਼ਵ ਕੱਪ ਵਿਚ ਏਸ਼ੀਆ ਦੇ ਕੋਟੇ ਵਿਚ 8 ਟੀਮਾਂ ਦਾ ਵਾਧਾ ਕੀਤਾ ਹੈ ਤੇ ਤੀਜੇ ਗੇੜ ਤੋਂ ਬਾਅਦ ਹੀ ਇਸ ਨੂੰ ਹਾਸਲ ਕਰਨ ਵਾਲਿਆਂ ਦਾ ਫੈਸਲਾ ਹੋਵੇਗਾ। ਉੱਤਰੀ ਅਮਰੀਕਾ ਵਿਚ ਹੋਣ ਵਾਲੇ 2026 ਵਿਸ਼ਵ ਕੱਪ ਵਿਚ ਭਾਰਤੀ ਟੀਮ ਦੀ ਕਲਪਨਾ ਕਰਨਾ ਥੋੜ੍ਹਾ ਦੂਰ ਦੇ ਸੁਪਨੇ ਦੀ ਤਰ੍ਹਾਂ ਹੈ। ਕੁਵੈਤ ’ਤੇ ਜਿੱਤ ਨਾਲ ਹਾਲਾਂਕਿ ਟੀਮ ਨੂੰ ਘੱਟ ਤੋਂ ਘੱਟ 10 ਮੈਚਾਂ ਵਿਚ ਏਸ਼ੀਆ ਦੇ ਸਰਵਸ੍ਰੇਸ਼ਠ ਖਿਡਾਰੀਆਂ ਵਿਰੁੱਧ ਖੇਡਣ ਦਾ ਮੌਕਾ ਮਿਲ ਸਕਦਾ ਹੈ। ਟੀਮ ਨੂੰ ਇਸ ਦੇ ਨਾਲ ਬਿਹਤਰ ਟੀਮਾਂ ਵਿਰੁੱਧ ਅਭਿਆਸ ਮੈਚ ਖੇਡਣ ਦਾ ਵੀ ਮੌਕਾ ਮਿਲੇਗਾ।
ਭਾਰਤ ਗਰੁੱਪ-ਏ ਵਿਚ ਚਾਰ ਮੈਚਾਂ ਵਿਚੋਂ ਚਾਰ ਅੰਕਾਂ ਨਾਲ ਕਤਰ (12 ਅੰਕ) ਤੋਂ ਬਾਅਦ ਦੂਜੇ ਸਥਾਨ ’ਤੇ ਕਾਬਜ਼ ਹੈ। ਅਫਗਾਨਿਸਤਾਨ ਗੋਲ ਫਰਕਾਂ ਨਾਲ ਪਿਛੜ ਕੇ ਤੀਜੇ ਸਥਾਨ ’ਤੇ ਹੈ। ਕੁਵੈਤ ਤਿੰਨ ਅੰਕਾਂ ਨਾਲ ਆਖਰੀ ਸਥਾਨ ’ਤੇ ਹੈ। ਭਾਰਤੀ ਟੀਮ ਜੇਕਰ ਕੁਵੈਤ ਨੂੰ ਹਰਾਉਣ ਵਿਚ ਸਫਲ ਰਹਿੰਦੀ ਹੈ ਤਾਂ ਉਹ ਅਫਗਾਨਿਸਤਾਨ ’ਤੇ ਬੜ੍ਹਤ ਬਣਾ ਸਕਦੀ ਹੈ। ਅਫਗਾਨਿਸਤਾਨ ਵੀਰਵਾਰ ਨੂੰ ਹੀ ਕਤਰ ਦਾ ਸਾਹਮਣਾ ਕਰੇਗਾ। ਅਫਗਾਨਿਸਤਾਨ ਗੋਲ ਫਰਕ ਦੇ ਮਾਮਲੇ ਵਿਚ ਭਾਰਤ ਤੋਂ 7 ਗੋਲ ਪਿੱਛੇ ਹੈ ਤੇ ਭਾਰਤੀ ਦੀ ਜਿੱਤ ਤੋਂ ਬਾਅਦ ਉਸਦੇ ਲਈ ਇਸ ਫਰਕ ਨੂੰ ਘੱਟ ਕਰਨਾ ਮੁਸ਼ਕਿਲ ਹੋਵੇਗਾ।
ਭਾਰਤੀ ਟੀਮ ਇਸ ਤੋਂ ਬਾਅਦ ਮੰਗਲਵਾਰ ਨੂੰ ਕਤਰ ਦਾ ਸਾਹਮਣਾ ਕਰੇਗੀ ਜਦਕਿ ਅਫਗਾਨਿਸਤਾਨ ਦੇ ਸਾਹਮਣੇ ਕੁਵੈਤ ਦੀ ਚੁਣੌਤੀ ਹੋਵੇਗੀ। ਸ਼ੇਤਰੀ ਦੇ ਨਾਂ 150 ਮੈਚਾਂ ਵਿਚ 94 ਗੋਲ ਹਨ ਤੇ ਉਹ ਸਰਗਰਮ ਖਿਡਾਰੀਆਂ ਵਿਚ ਕ੍ਰਿਸਟੀਆਨੋ ਰੋਨਾਲਡੋ ਤੇ ਲਿਓਨਿਲ ਮੇਸੀ ਤੋਂ ਬਾਅਦ ਸਭ ਤੋਂ ਵੱਧ ਕੌਮਾਂਤਰੀ ਗੋਲ ਕਰਨ ਵਾਲਿਆਂ ਦੀ ਸੂਚੀ ਵਿਚ ਤੀਜੇ ਸਥਾਨ ’ਤੇ ਹੈ। ਸ਼ੇਤਰੀ ਦਾ ਕਰੀਅਰ ਸਾਲ 2000 ਵਿਚ ਮੋਹਨ ਬਾਗਾਨ ਨਾਲ ਜੁੜਨ ਤੋਂ ਬਾਅਦ ਇਸ ਮੈਦਾਨ ’ਤੇ ਪਰਵਾਨ ਚੜ੍ਹਿਆ ਸੀ, ਅਜਿਹੇ ਵਿਚ ਆਪਣੇ ਚਹੇਤੇ ਖਿਡਾਰੀ ਨੂੰ ਭਾਰਤੀ ਟੀਮ ਦੀ ਜਰਸੀ ਵਿਚ ਆਖਰੀ ਵਾਰ ਦੇਖਣ ਲਈ ਇੱਥੋਂ ਦਾ ਸਾਲਟ ਲੇਕ ਸਟੇਡੀਅਮ ਦਰਸ਼ਕਾਂ ਨਾਲ ਖਚਾਖਚ ਭਰਿਅਆ ਹੋਵੇਗਾ।