18 ਸਾਲਾ ਦਿਵਿਆ ਦੇਸ਼ਮੁਖ ਨੇ ਸ਼ਤਰੰਜ ਦੀ ਖੇਡ ’ਚ ਚਮਕਾਇਆ ਭਾਰਤ ਦਾ ਨਾਂ

06/17/2024 2:45:14 AM

ਅੱਜ ਭਾਰਤੀ ਲੜਕੀਆਂ ਜਿੱਥੇ ਪ੍ਰੀਖਿਆਵਾਂ ’ਚ ਲੜਕਿਆਂ ਨਾਲੋਂ ਵਧੀਆ ਪ੍ਰਦਰਸ਼ਨ ਕਰ ਰਹੀਆਂ ਹਨ ਉਥੇ ਹੀ ਖੇਡ ਜਗਤ ’ਚ ਵੀ ਆਪਣੇ ਦਮ-ਖਮ ਦਾ ਲੋਹਾ ਮੰਨਵਾ ਰਹੀਆਂ ਹਨ। ਇਸੇ ਲੜੀ ਵਿਚ 18 ਸਾਲਾ ਕੌਮਾਂਤਰੀ ਮਾਸਟਰ ਅਤੇ ਮਹਿਲਾ ਗ੍ਰੈਂਡ ਮਾਸਟਰ ਦਿਵਿਆ ਦੇਸ਼ਮੁਖ ਨੇ ਨਾਗਪੁਰ ’ਚ ਆਯੋਜਿਤ ਅੰਡਰ-20 ਵਿਸ਼ਵ ਜੂਨੀਅਰ ਸ਼ਤਰੰਜ ਚੈਂਪੀਅਨਸ਼ਿਪ ’ਚ ਜੇਤੂ ਦਾ ਖਿਤਾਬ ਜਿੱਤਣ ’ਚ ਸਫਲਤਾ ਹਾਸਲ ਕੀਤੀ ਹੈ। ਦਿਵਿਆ ਨੇ 13 ਜੂਨ ਨੂੰ 11ਵੇਂ ਦੌਰ ’ਚ ਬੁਲਗਾਰੀਆ ਦੀ ਬੇਲੋਸਲਾਵਾ ਕ੍ਰਾਸਤੇਵਾ ਨੂੰ ਸਫੈਦ ਮੋਹਰਾਂ ਨਾਲ ਖੇਡਦੇ ਹੋਏ ਹਰਾਇਆ।

ਦਿਵਿਆ ਨੇ ਪੂਰੇ ਟੂਰਨਾਮੈਂਟ ’ਚ ਅਜੇਤੂ ਰਹਿ ਕੇ 11ਵੇਂ ਦੌਰ ’ਚ 10 ਅੰਕ ਹਾਸਲ ਕੀਤੇ ਅਤੇ 11 ਮੈਂਚਾਂ ’ਚੋਂ 9 ਵਿਚ ਜਿੱਤ ਹਾਸਲ ਕੀਤੀ ਜਦਕਿ ਇਸ ਦੇ 2 ਮੁਕਾਬਲੇ ਡ੍ਰਾਅ ਰਹੇ। ਜੂਨੀਅਰ ਵਰਗ ਵਿਚ ਉਸ ਦਾ ਇਹ 8ਵਾਂ ਖਿਤਾਬ ਹੈ। 2456 ਦੀ ਐਲੋ ਰੇਟਿੰਗ ਰੱਖਣ ਵਾਲੀ ਦਿਵਿਆ ਏਸ਼ੀਆਈ ਜੂਨੀਅਰ ਚੈਂਪੀਅਨ ਵੀ ਹੈ ਅਤੇ ਇਹ ਉਸ ਦੀ ਲਗਾਤਾਰ ਦੂਜੀ ਖਿਤਾਬੀ ਜਿੱਤ ਹੈ। ਇਸ ਤੋਂ ਪਹਿਲਾਂ ਉਸ ਨੇ ਬੀਤੇ ਮਹੀਨੇ ‘ਸ਼ਾਰਜਾਹ ਚੈਲੇਂਜਰਜ਼’ ਦਾ ਖਿਤਾਬ ਵੀ ਜਿੱਤਿਆ ਸੀ।

ਕੋਨੇਰੂ ਹੰਪੀ, ਦ੍ਰੋਣਵੱਲੀ ਹਰਿਕ ਅਤੇ ਸੌਮਿਆ ਸਵਾਮੀਨਾਥਨ ਦੇ ਬਾਅਦ ਉਹ ਇਸ ਖਿਤਾਬ ਨੂੰ ਜਿੱਤਣ ਵਾਲੀ ਚੌਥੀ ਭਾਰਤੀ ਲੜਕੀ ਹੈ ਅਤੇ 15 ਸਾਲਾਂ ਬਾਅਦ ਭਾਰਤ ਨੂੰ ਜੂਨੀਅਰ ਸ਼ਤਰੰਜ ਚੈਂਪੀਅਨ ਮਿਲਿਆ ਹੈ।

ਦਿਵਿਆ ਦਾ ਕਹਿਣਾ ਹੈ ਕਿ ਉਸ ਦੇ ਕੋਲ ਕੋਈ ਸਪਾਂਸਰ ਨਹੀਂ ਹੈ ਜਦਕਿ ਕੌਮਾਂਤਰੀ ਖੇਡ ਜਗਤ ’ਚ ਕਰੀਅਰ ਬਣਾਉਣ ਲਈ ਕਾਫੀ ਧਨ ਦੀ ਲੋੜ ਹੁੰਦੀ ਹੈ ਅਤੇ ਉਸ ਦਾ ਸਾਰਾ ਖਰਚ ਫਿਲਹਾਲ ਉਸ ਦੇ ਪਿਤਾ ਚੁੱਕਦੇ ਹਨ।

ਦਿਵਿਆ ਦਾ ਕਹਿਣਾ ਹੈ ਕਿ ਸਪਾਂਸਰਾਂ ਦੀ ਘਾਟ ਸ਼ਤਰੰਜ ਦੀ ਖੇਡ ਵਿਚ ਬੜੀ ਵੱਡੀ ਸਮੱਸਿਆ ਹੈ। ਜੇਕਰ ਸਪਾਂਸਰ ਮਿਲਣ ਤਾਂ ਉਹ ਅਤੇ ਹੋਰ ਸ਼ਤਰੰਜ ਖਿਡਾਰੀ ਆਪਣੀ ਖੇਡ ਵਿਚ ਹੋਰ ਵੀ ਅੱਗੇ ਵਧ ਕੇ ਦੇਸ਼ ਦਾ ਨਾਂ ਰੋਸ਼ਨ ਕਰ ਸਕਦੇ ਹਨ।

ਭਾਰਤੀ ਸ਼ਤਰੰਜ ਦੇ ਮੁਖੀਆਂ ਨੂੰ ਦਿਵਿਆ ਦੇਸ਼ਮੁਖ ਦੀ ਸ਼ਿਕਾਇਤ ’ਤੇ ਵਿਚਾਰ ਕਰਨਾ ਚਾਹੀਦਾ ਹੈ ਅਤੇ ਖੇਡ ਲਈ ਸਪਾਂਸਰ ਲੱਭਣ ਦੀ ਕੋਸ਼ਿਸ਼ ਕਰਨੀ ਚਾਹੀਦੀ ਕਿਉਂਕਿ ਭਾਰਤ ’ਚ ਕ੍ਰਿਕਟ ਦੇ ਇਲਾਵਾ ਹੋਰ ਵੀ ਕਈ ਮਹੱਤਵਪੂਰਨ ਖੇਡਾਂ ਹਨ ਜਿਨ੍ਹਾਂ ਵਿਚ ਭਾਰਤ ਨੂੰ ਮੈਡਲ ਮਿਲਣੇ ਚਾਹੀਦੇ ਹਨ।

-ਵਿਜੇ ਕੁਮਾਰ


Harpreet SIngh

Content Editor

Related News