CWC 2019 : ਵਿਸ਼ਵ ਕੱਪ ਦਾ ਸਰਪ੍ਰਾਇਜ਼ ਪੈਕੇਜ ਹੋਵੇਗਾ ਨਿਊਜ਼ੀਲੈਂਡ

05/26/2019 6:21:59 PM

ਲੰਡਨ— ਭਾਰਤ ਦੇ ਵਿਸ਼ਵ ਕੱਪ ਜੇਤੂ ਕਪਤਾਨ ਕਪਿਲ ਦੇਵ ਨੇ ਕਿਹਾ ਸੀ ਕਿ ਨਿਊਜ਼ੀਲੈਂਡ ਦੀ ਟੀਮ ਇਸ ਵਿਸ਼ਵ ਕੱਪ ਦੀ ਸਰਪ੍ਰਾਈਜ਼ ਪੈਕੇਜ ਹੋਵੇਗੀ ਤੇ ਕੀਵੀ ਟੀਮ ਨੇ ਅਭਿਆਸ ਮੈਚ ਵਿਚ ਵਿਸ਼ਵ ਕੱਪ ਦੀ ਦੂਜੇ ਨੰਬਰ ਦੀ ਟੀਮ ਭਾਰਤ ਨੂੰ 6 ਵਿਕਟਾਂ ਨਾਲ ਹਰਾ ਕੇ ਕਪਿਲ ਦੀ ਭਵਿੱਖਬਾਣੀ 'ਤੇ ਇਕ ਤਰ੍ਹਾਂ ਨਾਲ ਮੋਹਰ ਲਾ ਦਿੱਤੀ ਹੈ। ਭਾਰਤ ਨੇ ਇਸ ਸਾਲ ਨਿਊਜ਼ੀਲੈਂਡ ਦੌਰੇ 'ਤੇ 5 ਮੈਚਾਂ ਦੀ ਸੀਰੀਜ਼ ਵਿਚ 4-1 ਨਾਲ ਜਿੱਤ ਹਾਸਲ ਕੀਤੀ ਸੀ ਤੇ ਇਸ ਤੋਂ ਪਹਿਲਾਂ ਆਸਟਰੇਲੀਆ ਵਿਚ ਵਨ ਡੇ  ਸੀਰੀਜ਼ ਵਿਚ ਵੀ 2-1 ਨਾਲ ਜਿੱਤ ਹਾਸਲ ਕੀਤੀ ਸੀ। ਭਾਰਤੀ ਟੀਮ ਵਿਸ਼ਵ ਕੱਪ ਵਿਚ ਆਈ. ਸੀ. ਸੀ. ਰੈਂਕਿੰਗ ਵਿਚ ਨੰਬਰ-2 ਦੇ ਰੁਤਬੇ ਦੇ ਨਾਲ ਉਤਰੀ ਹੈ ਪਰ ਅਭਿਆਸ ਮੈਚ ਵਿਚ ਨਿਊਜ਼ੀਲੈਂਡ ਨੇ ਭਾਰਤੀ ਟੀਮ ਨੂੰ ਬੱਲੇਬਾਜ਼ੀ ਤੇ ਗੇਂਦਬਾਜ਼ੀ ਦੋਵਾਂ ਵਿਚ ਤਾਰੇ ਦਿਖਾ ਦਿੱਤੇ।

PunjabKesari

ਨਿਊਜ਼ੀਲੈਂਡ 4 ਸਾਲ ਪਹਿਲਾਂ 2015 ਵਿਚ ਆਸਟਰੇਲੀਆ ਦੇ ਨਾਲ ਸਾਂਝੇ ਤੌਰ 'ਤੇ ਮੇਜ਼ਬਾਨ ਰਿਹਾ ਸੀ ਤੇ ਫਾਈਨਲ ਤਕ ਪਹੁੰਚਿਆ ਸੀ। ਹਾਲਾਂਕਿ ਫਾਈਨਲ ਵਿਚ ਨਿਊਜ਼ੀਲੈਂਡ ਨੂੰ ਆਸਟਰੇਲੀਆ ਦੇ ਹੱਥੋਂ ਹਾਰ ਦਾ ਸਾਹਮਣਾ ਕਰਨਾ ਪਿਆ ਸੀ। ਕੀਵੀ ਟੀਮ ਨੂੰ ਹਮੇਸ਼ਾ ਵਿਸ਼ਵ ਕੱਪ ਵਿਚ ਛੁਪਾ ਰੁਸਤਮ ਮੰਨਿਆ ਜਾਂਦਾ ਹੈ ਤੇ ਇਹ ਟੀਮ ਹੈਰਾਨ ਕਰਨ ਵਾਲੇ ਨਤੀਜੇ ਦਿੰਦੀ ਰਹਿੰਦੀ ਹੈ। ਇਸ ਵਾਰ ਵੀ ਨਿਊਜ਼ੀਲੈਂਡ ਨੂੰ ਇਸ ਤਰ੍ਹਾਂ ਦਾ ਛੁਪਿਆ ਰੁਸਤਮ ਮੰਨਿਆ ਜਾ ਰਿਹਾ ਹੈ। ਸਾਬਕਾ ਭਾਰਤੀ ਕਪਤਾਨ ਕਪਿਲ ਦੇਵ ਨਾਲ ਹਾਲ ਹੀ ਵਿਚ ਜਦੋਂ ਵਿਸ਼ਵ ਕੱਪ ਦੀਆਂ ਚਾਰ ਸੰਭਾਵਿਤ ਸੈਮੀਫਾਈਨਲ ਟੀਮਾਂ ਦੇ ਬਾਰੇ ਵਿਚ ਪੁੱਛਿਆ ਗਿਆ ਤੇ ਉਸ ਨੇ ਪਹਿਲੀਆਂ ਤਿੰਨ ਟੀਮਾਂ ਲਈ ਇੰਗਲੈਂਡ, ਭਾਰਤ ਤੇ ਆਸਟਰੇਲੀਆ ਦਾ ਨਾਂ ਦਿੱਤਾ ਤੇ ਚੌਥੀ ਟੀਮ ਲਈ ਉਸ ਨੇ ਕਿਹਾ ਕਿ ਨਿਊਜ਼ੀਲੈਂਡ ਇਕ ਸਰਪ੍ਰਾਇਜ਼ ਪੈਕੇਜ ਹੋ ਸਕਦਾ ਹੈ।

PunjabKesari

ਕੀਵੀ ਟੀਮ ਕੋਲ ਚੰਗੇ ਤੇਜ਼ ਗੇਂਦਬਾਜ਼ ਤੇ ਕੁਝ ਬਿਹਤਰੀਨ ਬੱਲੇਬਾਜ਼ ਹਨ। ਖੱਬੇ ਹੱਥ ਦੇ ਤੇਜ਼ ਗੇਂਦਬਾਜ਼ ਟ੍ਰੇਂਟ ਬੋਲਟ ਤੇ ਤੇਜ਼ ਗੇਂਦਬਾਜ਼ ਜੇਮਸ ਨੀਸ਼ਮ ਨੇ ਕ੍ਰਮਵਾਰ 4 ਤੇ 3 ਵਿਕਟਾਂ ਲੈ ਕੇ ਭਾਰਤ ਦੀ ਬੱਲੇਬਾਜ਼ੀ ਨੂੰ ਢਹਿ-ਢੇਰੀ ਕਰ ਦਿੱਤਾ ਸੀ। ਨਿਊਜ਼ੀਲੈਂਡ ਨੇ ਭਾਰਤ ਨਾਲ ਘਰੇਲੂ ਸੀਰੀਜ਼ 1-4 ਨਾਲ ਗੁਆਉਣ ਤੋਂ ਬਾਅਦ ਬੰਗਲਾਦੇਸ਼ ਨੂੰ ਲਗਾਤਾਰ ਤਿੰਨ ਮੈਚਾਂ ਵਿਚ ਕਰਾਰੀ ਹਾਰ ਦਿੱਤੀ ਸੀ। ਭਾਰਤ ਵਿੱਰੁਧ ਅਭਿਆਸ ਮੈਚ ਵਿਚ ਪਹਿਲਾਂ ਨਿਊਜ਼ੀਲੈਂਡ ਦੇ ਗੇਂਦਬਾਜ਼ਾਂ ਨੇ ਸ਼ਾਨਦਾਰ ਪ੍ਰਦਰਸ਼ਨ ਕੀਤਾ ਤੇ ਉਸ ਤੋਂ ਬਾਅਦ ਕਪਤਾਨ ਕੇਨ ਵਿਲੀਅਮਸਨ ਤੇ ਰੋਸ ਟੇਲਰ ਨੇ ਮੈਚ ਜੇਤੂ ਅਰਧ ਸੈਂਕੜੇ ਬਣਾਏ। ਵਿਲੀਅਮਸਨ ਨੇ 67 ਤੇ ਟੇਲਰ ਨੇ 71 ਦੌੜਾਂ ਦਿੱਤੀਆਂ। ਇਨ੍ਹਾਂ ਦੋਵਾਂ ਦੇ ਇਲਾਵਾ ਟੀਮ ਕੋਲ ਮਾਰਟਿਨ ਗੁਪਟਿਲ ਦੇ ਰੂਪ ਵਿਚ ਇਕ ਤਜਰਬੇਕਾਰ ਬੱਲੇਬਾਜ਼ ਹੈ। ਇਹ ਤਿੰਨੇ ਬੱਲੇਬਾਜ਼ ਵੱਡਾ ਸਕੋਰ ਬਣਾਉਣ ਵਿਚ ਸਮੱਰਥ ਹਨ। 

PunjabKesari

ਨਿਊਜ਼ੀਲੈਂਡ ਦੀ ਟੀਮ ਆਪਣੇ ਤੇਜ਼ ਅਟੈਕ, ਪੱਧਰੀ ਸਪਿਨਰਾਂ ਤੇ ਬਿਹਤਰੀਨ ਆਲਰਾਊਂਡਰਾਂ ਦੇ ਦਮ 'ਤੇ ਵਿਸ਼ਵ ਕੱਪ ਵਿਚ ਕਿਸੇ ਵੀ ਟੀਮ ਨੂੰ ਪ੍ਰੇਸ਼ਾਨੀ ਵਿਚ ਪਾ ਸਕਦੀ ਹੈ। ਨਿਊਜ਼ੀਲੈਂਡ ਦੇ ਤੇਜ਼ ਗੇਂਦਬਾਜ਼ ਮੈਟ ਹੈਨਰੀ ਦਾ ਮੰਨਣਾ ਹੈ ਕਿ ਉਸਦਾ ਗੇਂਦਬਾਜ਼ੀ ਹਮਲਾ ਕਿਸੇ ਵੀ ਟੀਮ ਦੀ ਬੱਲੇਬਾਜ਼ੀ ਨੂੰ ਢਹਿ-ਢੇਰੀ ਕਰ ਸਕਦਾ ਹੈ। ਨਿਊਜ਼ੀਲੈਂਡ ਵਿਸ਼ਵ ਕੱਪ ਵਿਚ ਆਪਣੀ ਮੁਹਿੰਮ 1 ਜੂਨ ਨੂੰ ਕਾਰਡਿਫ ਵਿਚ ਸ਼੍ਰੀਲੰਕਾ ਵਿਰੁੱਧ ਮੁਕਾਬਲੇ ਨਾਲ ਸ਼ੁਰੂ ਕਰੇਗਾ। ਹਾਲਾਂਕਿ ਨਿਊਜ਼ੀਲੈਂਡ ਦੇ ਵਿਕਟਕੀਪਰ ਟਾਮ ਲਾਥਮ ਸੱਟ ਕਾਰਨ ਭਾਰਤ ਵਿਰੁੱਧ ਅਭਿਆਸ ਮੈਚ ਵਿਚ ਨਹੀਂ ਖੇਡ ਸਕੇ ਸਨ ਤੇ ਉਹ ਵੈਸਟਇੰਡੀਜ਼ ਵਿਰੁੱਧ 28 ਮਈ ਨੂੰ ਹੋਣ ਵਾਲੇ ਅਗਲੇ ਅਭਿਆਸ ਮੈਚ ਵਿਚ ਵੀ ਨਹੀਂ ਖੇਡ ਸਕੇਗਾ। ਕੀਵੀ ਟੀਮ ਲਈ ਫਿਲਹਾਲ ਚਿੰਤਾ ਦੀ ਗੱਲ ਲਾਥਮ ਦੀ ਫਿਟਨੈੱਸ ਹੈ ਕਿ ਉਹ ਇਕ ਜੂਨ ਤਕ ਫਿਟ ਹੋ ਸਕੇਗਾ ਜਾਂ ਨਹੀਂ।


Related News