ਵਿਸ਼ਵ ਚੈਂਪੀਅਨਸ਼ਿਪ : ਨਿਸ਼ਾਨੇਬਾਜ਼ ਰੁਦਰਾਕਸ਼ ਨੇ ਜਿੱਤਿਆ ਸੋਨ ਤਮਗ਼ਾ, ਓਲੰਪਿਕ ਕੋਟਾ ਕੀਤਾ ਹਾਸਲ
Saturday, Oct 15, 2022 - 02:26 PM (IST)

ਸਪੋਰਟਸ ਡੈਸਕ- ਨੌਜਵਾਨ ਨਿਸ਼ਾਨੇਬਾਜ਼ ਰੁਦਰਾਕਸ਼ ਪਾਟਿਲ ਨੇ ਸ਼ੁੱਕਰਵਾਰ ਇੱਥੇ ਆਈਐੱਸਐੱਸਐੱਫ (ਕੌਮਾਂਤਰੀ ਨਿਸ਼ਾਨੇਬਾਜ਼ੀ ਖੇਡ ਮਹਾਸੰਘ) ਵਿਸ਼ਵ ਚੈਂਪੀਅਨਸ਼ਿਪ ਵਿੱਚ ਪੁਰਸ਼ਾਂ ਦੇ 10 ਮੀਟਰ ਏਅਰ ਰਾਈਫਲ ਮੁਕਾਬਲੇ ਵਿੱਚ ਸੋਨ ਤਗ਼ਮਾ ਜਿੱਤ ਕੇ ਪੈਰਿਸ ਓਲੰਪਿਕ ਕੋਟਾ ਹਾਸਲ ਕੀਤਾ ਹੈ। ਉਹ 10 ਮੀਟਰ ਏਅਰ ਰਾਈਫਲ ਮੁਕਾਬਲੇ ਵਿੱਚ ਅਭਿਨਵ ਬਿੰਦਰਾ ਤੋਂ ਬਾਅਦ ਇਹ ਉਪਲੱਬਧੀ ਹਾਸਲ ਕਰਨ ਵਾਲਾ ਦੂਜਾ ਭਾਰਤੀ ਨਿਸ਼ਾਨੇਬਾਜ਼ ਬਣ ਗਿਆ ਹੈ। ਉਹ 2024 ਓਲੰਪਿਕ ਕੋਟਾ ਹਾਸਲ ਕਰਨ ਵਾਲਾ ਦੂਜਾ ਭਾਰਤੀ ਨਿਸ਼ਾਨੇਬਾਜ਼ ਵੀ ਬਣ ਗਿਆ ਹੈ।
ਇਹ ਵੀ ਪੜ੍ਹੋ : 15 ਸਾਲ ਦੇ ਲੰਮੇ ਅਰਸੇ ਤੋਂ ਬਾਅਦ ਪਾਕਿਸਤਾਨ ਦਾ ਦੌਰਾ ਕਰੇਗੀ ਟੀਮ ਇੰਡੀਆ!
18 ਸਾਲ ਦੇ ਰੁਦਰਾਕਸ਼ ਨੇ ਸੋਨ ਤਗਮੇ ਦੇ ਮੁਕਾਬਲੇ 'ਚ ਪਿੱਛੜਨ ਤੋਂ ਵਾਪਸੀ ਕਰਦੇ ਹੋਏ ਇਟਲੀ ਦੇ ਦਾਨਿਲੋ ਡੇਨਿਸ ਸੋਲਾਜ਼ੋ ਨੂੰ 17-13 ਨਾਲ ਹਰਾਇਆ। ਇਸ ਸਾਲ ਵਿਸ਼ਵ ਚੈਂਪੀਅਨਸ਼ਿਪ ਵਿੱਚ ਓਲੰਪਿਕ ਲਈ ਚਾਰ ਕੋਟਾ ਸਥਾਨ ਉਪਲਬਧ ਹਨ। ਭਾਰਤ ਨੇ ਹਾਲ ਹੀ ਵਿੱਚ ਕ੍ਰੋਏਸ਼ੀਆ ਵਿੱਚ ਸ਼ਾਟਗਨ ਵਿਸ਼ਵ ਚੈਂਪੀਅਨਸ਼ਿਪ ਵਿੱਚ ਪੁਰਸ਼ਾਂ ਦੇ ਟਰੈਪ ਮੁਕਾਬਲੇ ਵਿੱਚ ਭਵਨੀਸ਼ ਮੈਂਦਿਰੱਤਾ ਦੁਆਰਾ ਆਪਣਾ ਪਹਿਲਾ ਕੋਟਾ ਹਾਸਲ ਕੀਤਾ ਸੀ ।
ਇਹ ਵੀ ਪੜ੍ਹੋ : ਮਾਮਲਾ ਵਿਸ਼ਵ ਕੱਪ 2023 ਲਈ ਸਰਕਾਰ ਤੋਂ ਟੈਕਸ ਛੋਟ ਨਾ ਮਿਲਣ ਦਾ, BCCI ਨੂੰ 955 ਕਰੋੜ ਦਾ ਨੁਕਸਾਨ!
ਪਹਿਲੀ ਵਾਰ ਵਿਸ਼ਵ ਚੈਂਪੀਅਨਸ਼ਿਪ 'ਚ ਹਿੱਸਾ ਲੈ ਰਿਹਾ ਰੁਦਰਾਕਸ਼ ਚੋਟੀ ਦੇ ਦੋ ਖਿਡਾਰੀਆਂ ਦੇ ਫੈਸਲੇ ਲਈ ਨਵੇਂ ਫਾਰਮੈਟ 'ਚ ਖੇਡੇ ਗਏ ਸੋਨ ਤਗਮੇ ਦੇ ਮੈਚ 'ਚ ਇਕ ਸਮੇਂ 'ਤੇ 4-10 ਨਾਲ ਪਿੱਛੇ ਸੀ। ਇਟੈਲੀਅਨ ਨਿਸ਼ਾਨੇਬਾਜ਼ ਨੇ ਮੈਚ ਦੇ ਜ਼ਿਆਦਾਤਰ ਸਮੇਂ ਤੱਕ ਆਪਣੀ ਬੜ੍ਹਤ ਬਣਾਈ ਰੱਖੀ ਪਰ ਭਾਰਤੀ ਨਿਸ਼ਾਨੇਬਾਜ਼ ਨੇ ਸ਼ਾਨਦਾਰ ਵਾਪਸੀ ਕੀਤੀ। ਰੁਦਰਾਕਸ਼ ਨੇ ਕੁਆਲੀਫਿਕੇਸ਼ਨ ਵਿੱਚ ਸਿਖਰਲਾ ਸਥਾਨ ਹਾਸਲ ਕੀਤਾ ਅਤੇ ਰੈਂਕਿੰਗ ਰਾਊਂਡ ਵਿੱਚ ਉਪ ਜੇਤੂ ਵਜੋਂ ਸੋਨ ਤਗਮੇ ਦੇ ਮੈਚ ਵਿੱਚ ਪ੍ਰਵੇਸ਼ ਕਰਕੇ ਓਲੰਪਿਕ ਕੋਟਾ ਹਾਸਲ ਕੀਤਾ। ਇਸ ਤੋਂ ਪਹਿਲਾਂ ਬੀਜਿੰਗ ਓਲੰਪਿਕ (2008) 'ਚ ਸੋਨ ਤਮਗਾ ਜੇਤੂ ਬਿੰਦਰਾ ਨੇ 2006 'ਚ ਜ਼ਗਰੇਬ 'ਚ 10 ਮੀਟਰ ਏਅਰ ਰਾਈਫਲ ਮੁਕਾਬਲੇ 'ਚ ਸੋਨ ਤਮਗਾ ਜਿੱਤਿਆ ਸੀ।
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।