World Athletics Championship : ਸ਼੍ਰੀਸ਼ੰਕਰ ਲੌਂਗ ਜੰਪ ਦੇ ਫਾਈਨਲ ''ਚ ਪੁੱਜੇ
Sunday, Jul 17, 2022 - 01:56 PM (IST)

ਯੂਜੀਨ- ਮੁਰਲੀ ਸ਼੍ਰੀਸ਼ੰਕਰ ਵਿਸ਼ਵ ਅਥਲੈਟਿਕਸ ਚੈਂਪੀਅਨਸ਼ਿਪ ਦੇ ਫਾਈਨਲਜ਼ ਲਈ ਕੁਆਲੀਫਾਈ ਕਰਨ ਵਾਲੇ ਲੌਂਗ ਜੰਪ ਦੇ ਪਹਿਲੇ ਭਾਰਤੀ ਪੁਰਸ਼ ਅਥਲੀਟ ਬਣ ਗਏ ਜਦਕਿ 3000 ਮੀਟਰ ਸਟੀਪਲਚੇਜ ਅਥਲੀਟ ਅਵਿਨਾਸ਼ ਸਾਬਲੇ ਨੇ ਚੈਂਪੀਅਨਸ਼ਿਪ ਦੇ ਪਹਿਲੇ ਦਿਨ ਉਮੀਦ ਮੁਤਾਬਕ ਪ੍ਰਦਰਸ਼ਨ ਕਰਦੇ ਹੋਏ ਫਾਈਨਲਜ਼ ਵਿਚ ਥਾਂ ਬਣਾਈ।
ਸ਼੍ਰੀਸ਼ੰਕਰ ਨੇ ਅੱਠ ਮੀਟਰ ਦੀ ਸਰਬੋਤਮ ਛਾਲ ਲਾਈ ਜਿਸ ਨਾਲ ਉਹ ਗਰੁੱਪ-ਬੀ ਦੇ ਕੁਆਲੀਫਿਕੇਸ਼ਨ ਗੇੜ ਵਿਚ ਦੂਜੇ ਤੇ ਓਵਰਆਲ ਸੱਤਵੇਂ ਸਥਾਨ 'ਤੇ ਰਹੇ। ਅੰਜੂ ਬਾਬੀ ਜਾਰਜ ਪਹਿਲੀ ਭਾਰਤੀ ਸੀ ਜਿਨ੍ਹਾਂ ਨੇ ਵਿਸ਼ਵ ਚੈਂਪੀਅਨਸ਼ਿਪ ਲੰਬੀ ਛਾਲ ਫਾਈਨਲਜ਼ ਲਈ ਕੁਆਲੀਫਾਈ ਕੀਤਾ ਸੀ ਤੇ ਉਹ ਮੈਡਲ ਜਿੱਤਣ ਵਾਲੀ ਵੀ ਪਹਿਲੀ ਭਾਰਤੀ ਹਨ ਜਿਨ੍ਹਾਂ ਨੇ ਪੈਰਿਸ ਵਿਚ 2003 ਗੇੜ ਵਿਚ ਕਾਂਸੇ ਦਾ ਮੈਡਲ ਜਿੱਤਿਆ।
ਦੋ ਹੋਰ ਭਾਰਤੀਆਂ ਜੇਸਵਿਨ ਏਲਡਰੀਨ (7.79 ਮੀਟਰ) ਤੇ ਮੁਹੰਮਦ ਅਨੀਸ ਯਾਹੀਆ (7.73 ਮੀਟਰ) ਫਾਈਨਲ ਗੇੜ ਲਈ ਕੁਆਲੀਫਾਈ ਕਰਨ ਵਿਚ ਨਾਕਾਮ ਰਹੇ। ਸਾਬਲੇ ਨੇ 2019 ਗੇੜ ਵਿਚ ਵੀ 3000 ਮੀਟਰ ਸਟੀਪਲਚੇਜ ਫਾਈਨਲ ਲਈ ਕੁਆਲੀਫਾਈ ਕੀਤਾ ਸੀ। ਉਹ ਹੀਟ-3 ਵਿਚ 8.18.75 ਸਕਿੰਟ ਦੇ ਸਮੇਂ ਨਾਲ ਤੀਜੇ ਸਥਾਨ 'ਤੇ ਰਹੇ ਤੇ ਸੋਮਵਾਰ ਨੂੰ ਹੋਣ ਵਾਲੇ ਫਾਈਨਲਜ਼ ਵਿਚ ਪੁੱਜੇ।