ਨੀਰਜ ਚੋਪੜਾ ਦੀਆਂ ਨਜ਼ਰਾਂ ਵਿਸ਼ਵ ਚੈਂਪੀਅਨਸ਼ਿਪ ਦੇ ਸੋਨੇ ਦਾ ਬਚਾਅ ਕਰਨ ’ਤੇ
Friday, Sep 12, 2025 - 10:58 PM (IST)

ਟੋਕੀਓ (ਭਾਸ਼ਾ)–ਭਾਰਤ ਦਾ ਸਟਾਰ ਜੈਵਲਿਨ ਥ੍ਰੋਅਰ ਨੀਰਜ ਚੋਪੜਾ ਸ਼ਨੀਵਾਰ ਤੋਂ ਸ਼ੁਰੂ ਹੋ ਰਹੀ ਵਿਸ਼ਵ ਐਥਲੈਟਿਕਸ ਚੈਂਪੀਅਨਸ਼ਿਪ ਵਿਚ ਭਾਰਤ ਲਈ ਤਮਗੇ ਦੀ ਇਕਲੌਤੀ ਉਮੀਦ ਹੋਵੇਗੀ, ਉਹ ਦੇਸ਼ ਦੀਆਂ ਉਮੀਦਾਂ ’ਤੇ ਖਰਾ ਉਤਰਨ ਦੇ ਨਾਲ ਲਗਾਤਾਰ ਦੋ ਸੋਨ ਤਮਗੇ ਜਿੱਤ ਕੇ ਵਿਸ਼ਵ ਚੈਂਪੀਅਨਸ਼ਿਪ ਦੇ ਇਤਿਹਾਸ ਵਿਚ ਅਜਿਹਾ ਕਾਰਨਾਮਾ ਕਰਨ ਵਾਲਾ ਸਿਰਫ ਤੀਜਾ ਪੁਰਸ਼ ਜੈਵਲਿਨ ਥ੍ਰੋਅਰ ਬਣਨ ਦੀ ਕੋਸ਼ਿਸ਼ ਕਰੇਗਾ।
ਚੋਪੜਾ ਨੇ 2023 ਵਿਚ ਬੁਡਾਪੇਸਟ ਵਿਚ ਆਯੋਜਿਤ ਸੈਸ਼ਨ ਵਿਚ 88.17 ਮੀਟਰ ਦੀ ਦੂਰੀ ਦੇ ਨਾਲ ਸੋਨ ਤਮਗਾ ਜਿੱਤਿਆ ਸੀ ਜਦਕਿ ਪਾਕਿਸਤਾਨ ਦੇ ਓਲੰਪਿਕ ਚੈਂਪੀਅਨ ਅਰਸ਼ਦ ਨਦੀਮ (87.82 ਮੀਟਰ) ਨੇ ਚਾਂਦੀ ਤੇ ਚੈੱਕ ਗਣਰਾਜ ਦੇ ਯਾਕੂਬ ਵਾਡਲੇਜ (86.67 ਮੀਟਰ) ਨੇ ਕਾਂਸੀ ਤਮਗਾ ਜਿੱਤਿਆ ਸੀ।
ਚੋਪੜਾ ਜੇਕਰ 18 ਸਤੰਬਰ ਨੂੰ ਫਾਈਨਲ ਵਿਚ ਫਿਰ ਤੋਂ ਸੋਨ ਤਮਗਾ ਜਿੱਤਦਾ ਹੈ ਤਾਂ ਉਹ ਲਗਾਤਾਰ ਦੋ ਵਿਸ਼ਵ ਚੈਂਪੀਅਨਸ਼ਿਪ ਵਿਚ ਜੈਵਲਿਨ ਥ੍ਰੋਅ ਵਿਚ ਸੋਨ ਤਮਗਾ ਜਿੱਤਣ ਵਾਲਾ ਸਿਰਫ ਤੀਜਾ ਖਿਡਾਰੀ ਬਣੇਗਾ। ਇਹ ਪ੍ਰਾਪਤੀ ਹੁਣ ਤੱਕ ਚੈੱਕ ਗਣਰਾਜ ਦੇ ਮਹਾਨ ਖਿਡਾਰੀ ਯਾਨ ਜੇਲੇਜਨੀ (1993 ਤੇ 1995) ਤੇ ਗ੍ਰੇਨੇਡਾ ਦੇ İਡਰਸਨ ਪੀਟਰਸਨ (2019 ਤੇ 2022) ਨੇ ਹਾਸਲ ਕੀਤੀ ਹੈ। ਜੇਲੇਜਨੀ ਮੌਜੂਦਾ ਸਮੇਂ ਵਿਚ ਚੋਪੜਾ ਦਾ ਕੋਚ ਹੈ।