ਮਹਿਲਾ ਹਾਕੀ ਏਸ਼ੀਆ ਕੱਪ: ਭਾਰਤ ਨੇ ਜਾਪਾਨ ਨੂੰ 2-2 ਨਾਲ ਬਰਾਬਰੀ ’ਤੇ ਰੋਕਿਆ
Sunday, Sep 07, 2025 - 03:43 PM (IST)

ਸਪੋਰਟਸ ਡੈਸਕ- ਭਾਰਤੀ ਮਹਿਲਾ ਹਾਕੀ ਟੀਮ ਨੇ ਅੱਜ ਇੱਥੇ ਮਹਿਲਾ ਹਾਕੀ ਏਸ਼ੀਆ ਕੱਪ ਦੇ ਆਪਣੇ ਦੂਜੇ ਮੈਚ ਵਿੱਚ ਮੌਜੂਦਾ ਚੈਂਪੀਅਨ ਜਾਪਾਨ ਨੂੰ 2-2 ਗੋਲਾਂ ਨਾਲ ਬਰਾਬਰੀ ’ਤੇ ਰੋਕ ਦਿੱਤਾ। ਆਖਰੀ ਹੂਟਰ ਵੱਜਣ ਤੋਂ ਪਹਿਲਾਂ ਜਪਾਨ ਦੀ ਟੀਮ 2-1 ਨਾਲ ਅੱਗੇ ਸੀ ਪਰ ਨਵਰੀਤ ਕੌਰ ਨੇ ਆਖਰੀ ਮੈਚ ਖਤਮ ਹੋਣ ਤੋਂ ਕੁਝ ਸਕਿੰਟ ਪਹਿਲਾਂ ਪੈਨਲਟੀ ਕਾਰਨਰ ’ਤੇ ਗੋਲ ਦਾਗਦਿਆਂ ਸਕੋਰ 2-2 ਗੋਲਾਂ ਨਾਲ ਬਰਾਬਰ ਕਰ ਦਿੱਤਾ।
ਪੂਲ ਬੀ ਦੇ ਇਸ ਮੈਚ ਦੌਰਾਨ ਜਾਪਾਨ ਵੱਲੋਂ ਹਿਰੋਕਾ ਮੁਰਯਾਮਾ ਨੇ 10ਵੇਂ ਮਿੰਟ ਅਤੇ ਚਿਕੋ ਫੁਜੀਬਯਾਸ਼ੀ ਨੇ 58ਵੇਂ ਮਿੰਟ ’ਚ ਇੱਕ ਇੱਕ ਗੋਲ ਕੀਤਾ ਜਦਕਿ ਭਾਰਤ ਵਲੋਂ ਰੁਤੁਜਾ ਦਦਾਸੋ ਪਿਸਾਲ ਨੇ 30ਵੇਂ ਮਿੰਟ ’ਚ ਅਤੇ ਨਵਰੀਤ ਨੇ 60ਵੇਂ ਮਿੰਟ ’ਚ ਗੋਲ ਦਾਗਿਆ। ਭਾਰਤ ਨੇ ਆਪਣੇ ਪਹਿਲੇ ਮੈਚ ਵਿੱਚ ਥਾਈਲੈਂਡ ਨੂੰ 11-0 ਗੋਲਾਂ ਨਾਲ ਹਰਾਇਆ ਸੀ। ਭਾਰਤ ਨੇ ਆਪਣਾ ਆਖਰੀ ਪੂਲ ਮੈਚ 8 ਸਤੰਬਰ ਨੂੰ ਸਿੰਗਾਪੁਰ ਵਿਰੁੱਧ ਖੇਡਣਾ ਹੈ। ਟੂਰਨਾਮੈਂਟ ਦਾ ਫਾਈਨਲ 14 ਸਤੰਬਰ ਨੂੰ ਖੇਡਿਆ ਜਾਣਾ ਹੈ।