Women T20 WC : ਆਸਟ੍ਰੇਲੀਆ ਵਿਰੁੱਧ ਭਾਰਤ ਦੀਆਂ ਨਜ਼ਰਾਂ ਵੱਡੀ ਜਿੱਤ ’ਤੇ

Sunday, Oct 13, 2024 - 11:19 AM (IST)

Women T20 WC : ਆਸਟ੍ਰੇਲੀਆ ਵਿਰੁੱਧ ਭਾਰਤ ਦੀਆਂ ਨਜ਼ਰਾਂ ਵੱਡੀ ਜਿੱਤ ’ਤੇ

ਸ਼ਾਰਜਾਹ, (ਭਾਸ਼ਾ)-ਆਤਮਵਿਸ਼ਵਾਸ ਨਾਲ ਭਰੀ ਭਾਰਤੀ ਕ੍ਰਿਕਟ ਟੀਮ ਮਹਿਲਾ ਟੀ-20 ਵਿਸ਼ਵ ਕੱਪ ਵਿਚ ਐਤਵਾਰ ਨੂੰ ‘ਕਰੋ ਜਾਂ ਮਰੋ’ ਦੇ ਮੁਕਾਬਲੇ ਵਿਚ ਸੱਟਾਂ ਨਾਲ ਪ੍ਰਭਾਵਿਤ ਆਸਟ੍ਰੇਲੀਆ ਨੂੰ ਵੱਡੇ ਫਰਕ ਨਾਲ ਹਰਾ ਕੇ ਆਪਣੀ ਨੈੱਟ ਰਨ ਰੇਟ ਬਿਹਤਰ ਕਰਨਾ ਚਾਹੇਗੀ। ਸ਼੍ਰੀਲੰਕਾ ’ਤੇ ਵੱਡੇ ਫਰਕ ਨਾਲ ਜਿੱਤ ਦਰਜ ਕਰਕੇ ਭਾਰਤ ਨੇ ਸੈਮੀਫਾਈਨਲ ਵਿਚ ਪ੍ਰਵੇਸ਼ ਕਰਨ ਦੀਆਂ ਸੰਭਾਵਨਾਵਾਂ ਵਧਾ ਲਈਆਂ ਹਨ, ਹਾਲਾਂਕਿ ਪਹਿਲੇ ਮੈਚ ਵਿਚ ਉਸ ਨੂੰ ਨਿਊਜ਼ੀਲੈਂਡ ਨੇ ਹਰਾਇਆ ਸੀ।

ਦੂਜੇ ਪਾਸੇ ਆਸਟ੍ਰੇਲੀਆ ਦੇ ਤਿੰਨ ਮੈਚਾਂ ਵਿਚੋਂ 6 ਅੰਕ ਹਨ ਤੇ ਉਸਦੀ ਨੈੱਟ ਰਨ ਰੇਟ +2.786 ਹੈ। ਆਸਟ੍ਰੇਲੀਆ ਨੇ ਸੈਮੀਫਾਈਨਲ ਵਿਚ ਜਗ੍ਹਾ ਤੈਅ ਕਰ ਲਈ ਹੈ ਜਦਕਿ ਬਾਕੀ ਸਥਾਨ ਲਈ ਭਾਰਤ, ਨਿਊਜ਼ੀਲੈਂਡ ਤੇ ਪਾਕਿਸਤਾਨ ਦੌੜ ਵਿਚ ਹਨ। ਸਾਬਕਾ ਚੈਂਪੀਅਨ ਆਸਟ੍ਰੇਲੀਆ ਨੇ ਸ਼ੁੱਕਰਵਾਰ ਨੂੰ ਪਾਕਿਸਤਾਨ ਨੂੰ ਹਰਾਇਆ ਸੀ ਪਰ ਕਪਤਾਨ ਐਲਿਸਾ ਹੀਲੀ ਫੀਲਡਿੰਗ ਦੌਰਾਨ ਪੈਰ ਵਿਚ ਸੱਟ ਲਵਾ ਬੈਠੀ ਸੀ ਤੇ ਤੇਜ਼ ਗੇਂਦਬਾਜ਼ ਟਾਇਲਾ ਵਲਾਏਮਿੰਕ ਦੇ ਮੋਢੇ ਦੀ ਹੱਡੀ ਖਿਸਕ ਗਈ। ਉਸਦੀ ਸਕੈਨ ਕਰਵਾਈ ਜਾਵੇਗੀ ਤੇ ਐਤਵਾਰ ਦੇ ਮੁਕਾਬਲੇ ਵਿਚ ਉਸਦਾ ਖੇਡ ਸਕਣਾ ਮੁਸ਼ਕਿਲ ਹੈ।

ਭਾਰਤ ਨੇ ਸ਼੍ਰੀਲੰਕਾ ਨੂੰ 82 ਦੌੜਾਂ ਨਾਲ ਹਰਾਇਆ ਸੀ, ਜਿਹੜੀ ਟੂਰਨਾਮੈਂਟ ਦੇ ਇਤਿਹਾਸ ਵਿਚ ਉਸਦੀ ਸਭ ਤੋਂ ਵੱਡੀ ਜਿੱਤ ਹੈ। ਇਸ ਨਾਲ ਭਾਰਤ ਦੀ ਨੈੱਟ ਰਨ ਰੇਟ ਵੀ ਨੈਗੇਟਿਵ ਤੋਂ ਪਾਜ਼ੇਟਿਵ ਹੋ ਗਈ ਤੇ ਆਖਰੀ-4 ਵਿਚ ਪਹੁੰਚਣ ਦੀ ਸੰਭਾਵਨਾ ਵੀ ਵੱਧ ਗਈ। ਇਸ ਜਿੱਤ ਨਾਲ ਭਾਰਤ ਗਰੁੱਪ-ਏ ਵਿਚ ਦੂਜੇ ਸਥਾਨ ’ਤੇ ਹੈ ਜਦਕਿ ਆਸਟ੍ਰੇਲੀਆ ਚੋਟੀ ’ਤੇ ਹੈ।

ਭਾਰਤੀ ਟੀਮ ਦੇ 4 ਅੰਕ ਹਨ ਤੇ ਉਸ ਨੂੰ ਨਾਕਆਊਟ ਵਿਚ ਪ੍ਰਵੇਸ਼ ਕਰਨ ਲਈ ਜਿੱਤ ਦੀ ਲੋੜ ਹੈ ਕਿਉਂਕਿ ਨਿਊਜ਼ੀਲੈਂਡ ਨੂੰ ਅਜੇ ਇਕ ਮੈਚ ਹੋਰ ਖੇਡਣਾ ਹੈ ਤੇ ਉਹ 6 ਅੰਕ ਲੈ ਕੇ ਆਖਰੀ ਚਾਰ ਵਿਚ ਪਹੁੰਚ ਸਕਦੀ ਹੈ। ਅਜਿਹੇ ਵਿਚ ਗੱਲ ਨੈੱਟ ਰਨ ਰੇਟ ’ਤੇ ਜਾਵੇਗੀ। ਭਾਰਤ ਦੀ ਨੈੱਟ ਰਨ ਰੇਟ ਇਸ ਸਮੇਂ +0.567 ਹੈ ਜਦਕਿ ਨਿਊਜ਼ੀਲੈਂਡ ਦੀ -0.050 ਹੈ। ਪਾਕਿਸਤਾਨ ਦੇ ਤਿੰਨ ਮੈਚਾਂ ਵਿਚੋਂ 2 ਅੰਕ ਹਨ। ਜੇਕਰ ਉਹ ਆਖਰੀ ਮੈਚ ਵਿਚ ਨਿਊਜ਼ੀਲੈਂਡ ਨੂੰ ਹਰਾ ਦਿੰਦੀ ਹੈ ਤਾਂ ਭਾਰਤ ਆਸਟ੍ਰੇਲੀਆ ਹੱਥੋਂ ਹਾਰ ਜਾਂਦਾ ਹੈ ਤਾਂ ਸਾਰੀਆਂ ਟੀਮਾਂ ਦੇ 4-4 ਅੰਕ ਹੋਣਗੇ ਤੇ ਤਦ ਵੀ ਨੈੱਟ ਰਨ ਰੇਟ ’ਤੇ ਗੱਲ ਆਵੇਗੀ। ਇਸ ਲਈ ਭਾਰਤੀ ਟੀਮ ਨੂੰ ਨਾ ਸਿਰਫ ਜਿੱਤਣਾ ਹੈ ਸਗੋਂ ਵੱਡੇ ਫਰਕ ਨਾਲ ਵੀ ਜਿੱਤਣਾ ਹੈ।

ਭਾਰਤੀ ਟੀਮ ਨੇ ਹਮੇਸ਼ਾ ਆਸਟ੍ਰੇਲੀਆ ਨੂੰ ਸਖਤ ਚੁਣੌਤੀ ਦਿੱਤੀ ਹੈ ਤੇ ਵੱਕਾਰ ਦੀ ਇਸ ਲੜਾਈ ਵਿਚ ਕਪਤਾਨ ਹਰਮਨਪ੍ਰੀਤ ਕੌਰ ਨੂੰ ਆਪਣੀ ਟੀਮ ਤੋਂ ਸਰਵਸ੍ਰੇਸ਼ਠ ਪ੍ਰਦਰਸ਼ਨ ਦੀ ਉਮੀਦ ਹੋਵੇਗੀ। ਚੋਟੀਕ੍ਰਮ ਵਿਚ ਸ਼ੈਫਾਲੀ ਵਰਮਾ, ਸਮ੍ਰਿਤੀ ਮੰਧਾਨਾ ਤੇ ਕਪਤਾਨ ਹਰਮਨਪ੍ਰੀਤ ਨੇ ਦੌੜਾਂ ਬਣਾਈਆਂ ਹਨ।

ਇਸ ਮੈਦਾਨ ’ਤੇ ਭਾਰਤ ਦਾ ਇਹ ਪਹਿਲਾ ਮੈਚ ਹੈ ਤੇ ਇੱਥੇ ਦੌੜਾਂ ਬਣਾਉਣਾ ਆਸਾਨ ਨਹੀਂ ਹੈ, ਲਿਹਾਜਾ ਇਨ੍ਹਾਂ ਤਿੰਨਾਂ ਤੋਂ ਇਲਾਵਾ ਜੇਮਿਮਾ ਰੋਡ੍ਰਿਗੇਜ਼ ’ਤੇ ਵੀ ਕਾਫੀ ਦਾਰੋਮਦਾਰ ਹੋਵੇਗਾ। ਗੇਂਦਬਾਜ਼ਾਂ ਨੇ ਪਾਕਿਸਤਾਨ ਤੇ ਸ਼੍ਰੀਲੰਕਾ ਵਿਰੁੱਧ ਚੰਗਾ ਪ੍ਰਦਰਸ਼ਨ ਕੀਤਾ ਤੇ ਉਹ ਇਸ ਨੂੰ ਬਰਕਰਾਰ ਰੱਖਣਾ ਚਾਹੁਣਗੇ। ਹੀਲੀ ਜੇਕਰ ਨਹੀਂ ਖੇਡਦੀ ਹੈ ਤਾਂ ਆਸਟ੍ਰੇਲੀਆ ਨੂੰ ਨਵਾਂ ਕਪਤਾਨ, ਵਿਕਟਕੀਪਰ ਤੇ ਸਲਾਮੀ ਬੱਲੇਬਾਜ਼ ਲੱਭਣਾ ਪਵੇਗਾ। ਬੇਥ ਮੂਨੀ ਵਿਕਟਕੀਪਿੰਗ ਕਰ ਸਕਦੀ ਹੈ ਜਦਕਿ ਉਪ ਕਪਤਾਨ ਤਾਹਿਲਿਆ ਮੈਕਗ੍ਰਾ ਨੂੰ ਕਪਤਾਨੀ ਸੌਂਪੀ ਜਾ ਸਕਦੀ ਹੈ।

ਟੀਮਾਂ ਇਸ ਤਰ੍ਹਾਂ ਹਨ

ਭਾਰਤ- ਹਰਮਨਪ੍ਰੀਤ ਕੌਰ (ਕਪਤਾਨ), ਸਮ੍ਰਿਤੀ ਮੰਧਾਨਾ, ਸ਼ੈਫਾਲੀ ਵਰਮਾ, ਦੀਪਤੀ ਸ਼ਰਮਾ, ਜੇਮਿਮਾ ਰੋਡ੍ਰਿਗੇਜ਼, ਰਿਚਾ ਘੋਸ਼, ਯਾਸਤਿਕਾ ਭਾਟੀਆ, ਪੂਜਾ ਵਸਤਾਰਕਰ, ਅਰੁੰਧਤੀ ਰੈੱਡੀ, ਰੇਣੂਕਾ ਸਿੰਘ ਠਾਕੁਰ, ਦਿਆਲਨ ਹੇਮਲਤਾ, ਆਸ਼ਾ ਸ਼ੋਭਨਾ, ਰਾਧਾ ਯਾਦਵ, ਸ਼੍ਰੇਯਾਂਕਾ ਪਾਟਿਲ, ਸਾਜਨਾ ਸਜੀਵਨ।

ਆਸਟ੍ਰੇਲੀਆ- ਐਲਿਸਾ ਹੀਲੀ (ਕਪਤਾਨ), ਡਾਰਸੀ ਬਰਾਊਨ, ਐਸ਼ ਗਾਰਡਨਰ, ਕਿਮ ਗਾਰਥ, ਗ੍ਰੇਸ ਹੈਰਿਸ, ਅਲਾਨਾ ਕਿੰਗ, ਫੋਬੇ ਲਿਚਫੀਲਡ, ਤਾਹਿਲਿਆ ਮੈਕਗ੍ਰਾ, ਸੋਫੀ ਮੋਲਿਨੂ, ਬੇਥ ਮੂਨੀ, ਐਲਿਸੇ ਪੈਰੀ, ਮੇਗਾਨ ਸ਼ਟ, ਅਨਾਬੇਲ ਸਦਰਲੈਂਡ, ਟਾਇਲਾ ਵਲਾਏਮਿੰਕ, ਜਾਰਜੀਆ ਵੇਅਰਹੈਮ।


author

Tarsem Singh

Content Editor

Related News