ਆਸਟ੍ਰੇਲੀਆ ਨੇ ਭਾਰਤ ਨੂੰ 122 ਦੌੜਾਂ ਨਾਲ ਹਰਾ ਕੇ ਮਹਿਲਾ ਵਨਡੇ ਸੀਰੀਜ਼ ''ਤੇ ਕੀਤਾ ਕਬਜ਼ਾ
Sunday, Dec 08, 2024 - 01:39 PM (IST)
ਬ੍ਰਿਸਬੇਨ- ਜੌਰਜੀਆ ਵੋਲ ਅਤੇ ਐਲਿਸ ਪੇਰੀ ਦੇ ਸੈਂਕੜੇ ਦੀ ਮਦਦ ਨਾਲ ਆਸਟਰੇਲੀਆ ਨੇ ਐਤਵਾਰ ਨੂੰ ਇੱਥੇ ਦੂਜੇ ਮਹਿਲਾ ਵਨਡੇ ਮੈਚ ਵਿਚ ਭਾਰਤ ਨੂੰ 122 ਦੌੜਾਂ ਨਾਲ ਹਰਾ ਕੇ ਤਿੰਨ ਮੈਚਾਂ ਦੀ ਸੀਰੀਜ਼ 'ਚ 2-0 ਦੀ ਅਜੇਤੂ ਬੜ੍ਹਤ ਬਣਾ ਲਈ ਹੈ। ਆਪਣਾ ਦੂਜਾ ਵਨਡੇ ਖੇਡ ਰਹr ਨੌਜਵਾਨ ਬੱਲੇਬਾਜ਼ ਵੋਲ ਸਿਰਫ 87 ਗੇਂਦਾਂ 'ਚ 101 ਦੌੜਾਂ ਦੀ ਪਾਰੀ ਖੇਡ ਕੇ ਆਪਣੇ ਕਰੀਅਰ ਦਾ ਪਹਿਲਾ ਸੈਂਕੜਾ ਲਗਾਉਣ 'ਚ ਕਾਮਯਾਬ ਰਹੀ, ਜਦਕਿ ਪੇਰੀ ਨੇ 75 ਗੇਂਦਾਂ 'ਚ ਛੇ ਛੱਕਿਆਂ ਅਤੇ ਸੱਤ ਚੌਕਿਆਂ ਦੀ ਮਦਦ ਨਾਲ 105 ਦੌੜਾਂ ਬਣਾ ਕੇ ਭਾਰਤੀ ਗੇਂਦਬਾਜ਼ਾਂ 'ਤੇ ਦਬਦਬਾ ਬਣਾਇਆ।
ਆਸਟ੍ਰੇਲੀਆ ਨੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਫੈਸਲਾ ਕੀਤਾ ਅਤੇ ਅੱਠ ਵਿਕਟਾਂ 'ਤੇ 371 ਦੌੜਾਂ ਬਣਾਉਣ ਤੋਂ ਬਾਅਦ ਭਾਰਤ ਦੀ ਪਾਰੀ 45.5 ਓਵਰਾਂ ਵਿਚ 249 ਦੌੜਾਂ 'ਤੇ ਸਮੇਟ ਦਿੱਤੀ। ਫੋਬੀ ਲਿਚਫੀਲਡ (60) ਅਤੇ ਵੋਲ ਦੀ ਸਲਾਮੀ ਜੋੜੀ ਨੇ 130 ਦੌੜਾਂ ਦੀ ਸਾਂਝੇਦਾਰੀ ਕਰਕੇ ਆਸਟਰੇਲੀਆ ਨੂੰ ਸ਼ਾਨਦਾਰ ਸ਼ੁਰੂਆਤ ਦਿਵਾਈ। ਵੋਲ ਨੇ ਫਿਰ ਪੈਰੀ ਨਾਲ ਦੂਜੀ ਵਿਕਟ ਲਈ 92 ਦੌੜਾਂ ਦੀ ਸਾਂਝੇਦਾਰੀ ਕੀਤੀ। ਵੋਲ ਦੇ ਆਊਟ ਹੋਣ ਤੋਂ ਬਾਅਦ ਪੈਰੀ ਨੇ ਹਮਲਾਵਰ ਬੱਲੇਬਾਜ਼ੀ ਜਾਰੀ ਰੱਖੀ ਅਤੇ ਬੇਥ ਮੂਨੀ (56) ਨਾਲ 98 ਦੌੜਾਂ ਦੀ ਸਾਂਝੇਦਾਰੀ ਕਰਕੇ ਭਾਰਤੀ ਗੇਂਦਬਾਜ਼ਾਂ ਨੂੰ ਵਾਪਸੀ ਦਾ ਮੌਕਾ ਨਹੀਂ ਦਿੱਤਾ। ਭਾਰਤੀ ਗੇਂਦਬਾਜ਼ਾਂ 'ਚ ਸਾਇਮਾ ਠਾਕੋਰ ਸਭ ਤੋਂ ਸਫਲ ਰਹੀ। ਉਸ ਨੇ 62 ਦੌੜਾਂ ਦੇ ਕੇ ਤਿੰਨ ਵਿਕਟਾਂ ਲਈਆਂ। ਮਿੰਨੂ ਮਨੀ ਨੇ 71 ਦੌੜਾਂ 'ਤੇ ਦੋ ਵਿਕਟਾਂ ਲਈਆਂ ਜਦਕਿ ਰੇਣੂਕਾ ਸਿੰਘ (78 ਦੌੜਾਂ 'ਤੇ ਇਕ ਵਿਕਟ), ਦੀਪਤੀ ਸ਼ਰਮਾ (59 ਦੌੜਾਂ 'ਤੇ ਇਕ ਵਿਕਟ), ਪ੍ਰਿਆ ਮਿਸ਼ਰਾ (88 ਦੌੜਾਂ 'ਤੇ ਇਕ ਵਿਕਟ) ਨੇ ਇਕ-ਇਕ ਵਿਕਟ ਹਾਸਲ ਕੀਤੀ
ਟੀਚੇ ਦਾ ਪਿੱਛਾ ਕਰਨ ਉਤਰੀ ਭਾਰਤੀ ਟੀਮ ਮੈਚ 'ਚ ਕਦੇ ਵੀ ਮਜ਼ਬੂਤ ਸਥਿਤੀ 'ਚ ਨਜ਼ਰ ਨਹੀਂ ਆਈ। ਪਾਰੀ ਦੀ ਸ਼ੁਰੂਆਤ ਕਰਨ ਆਈ ਰਿਚਾ ਘੋਸ਼ ਨੇ 72 ਗੇਂਦਾਂ ਵਿੱਚ 54 ਦੌੜਾਂ ਬਣਾਈਆਂ ਪਰ ਜੇਮਿਮਾ ਰੌਡਰਿਗਜ਼ (43) ਅਤੇ ਕਪਤਾਨ ਹਰਮਨਪ੍ਰੀਤ ਕੌਰ (38) ਚੰਗੀ ਸ਼ੁਰੂਆਤ ਨੂੰ ਵੱਡੀ ਪਾਰੀ ਵਿੱਚ ਬਦਲਣ ਵਿੱਚ ਨਾਕਾਮ ਰਹੀਆਂ। ਮਿੰਨੂ ਮਨੀ ਨੇ ਆਖਰੀ ਓਵਰਾਂ ਵਿੱਚ 45 ਗੇਂਦਾਂ ਵਿੱਚ ਨਾਬਾਦ 46 ਦੌੜਾਂ ਬਣਾਈਆਂ ਪਰ ਉਸ ਦਾ ਯੋਗਦਾਨ ਟੀਮ ਦੀ ਹਾਰ ਦਾ ਫਰਕ ਹੀ ਘਟਾ ਸਕਿਆ। ਆਸਟਰੇਲੀਆ ਲਈ ਐਨਾਬੈਲ ਸਦਰਲੈਂਡ ਨੇ 8.5 ਓਵਰਾਂ ਵਿੱਚ 38 ਦੌੜਾਂ ਦੇ ਕੇ ਚਾਰ ਵਿਕਟਾਂ ਲਈਆਂ। ਆਸਟ੍ਰੇਲੀਆ ਨੇ ਪਹਿਲਾ ਮੈਚ ਪੰਜ ਵਿਕਟਾਂ ਨਾਲ ਜਿੱਤਿਆ ਸੀ। ਸੀਰੀਜ਼ ਦਾ ਆਖਰੀ ਮੈਚ ਬੁੱਧਵਾਰ ਨੂੰ ਵਾਕਾ ਮੈਦਾਨ 'ਤੇ ਖੇਡਿਆ ਜਾਵੇਗਾ।