ਰੋਡ੍ਰਿਗਜ਼ ਤੇ ਮੰਧਾਨਾ ਦੇ ਅਰਧ ਸੈਂਕੜੇ, ਭਾਰਤ ਨੇ ਵੈਸਟਇੰਡੀਜ਼ ਨੂੰ 49 ਦੌੜਾਂ ਨਾਲ ਹਰਾਇਆ
Monday, Dec 16, 2024 - 11:21 AM (IST)
ਨਵੀ ਮੁੰਬਈ– ਜੇਮਿਮਾ ਰੋਡ੍ਰਿਗੇਜ਼ (73) ਤੇ ਸਮ੍ਰਿਤੀ ਮੰਧਾਨਾ (54) ਦੇ ਅਰਧ ਸੈਂਕੜਿਆਂ ਦੀ ਬਦੌਲਤ ਭਾਰਤ ਨੇ ਐਤਵਾਰ ਨੂੰ ਇੱਥੇ ਪਹਿਲੇ ਮੈਚ ਵਿਚ ਵੈਸਟਇੰਡੀਜ਼ ਨੂੰ 49 ਦੌੜਾਂ ਨਾਲ ਹਰਾ ਕੇ 3 ਮੈਚਾਂ ਦੀ ਲੜੀ ਵਿਚ 1-0 ਨਾਲ ਬੜ੍ਹਤ ਬਣਾ ਲਈ।
ਬੱਲੇਬਾਜ਼ੀ ਦਾ ਸੱਦਾ ਮਿਲਣ ਤੋਂ ਬਾਅਦ ਭਾਰਤ ਨੇ 4 ਵਿਕਟਾਂ ’ਤੇ 195 ਦੌੜਾਂ ਬਣਾ ਕੇ ਵੈਸਟਇੰਡੀਜ਼ ਵਿਰੁੱਧ ਆਪਣਾ ਸਰਵਸ੍ਰੇਸ਼ਠ ਟੀ-20 ਕੌਮਾਂਤਰੀ ਸਕੋਰ ਬਣਾਇਆ। ਵੈਸਟਇੰਡੀਜ਼ ਦੀ ਟੀਮ ਨਿਰਧਾਰਿਤ ਓਵਰਾਂ ਵਿਚ 7 ਵਿਕਟਾਂ ’ਤੇ 146 ਦੌੜਾਂ ਬਣਾ ਕੇ 49 ਦੌੜਾਂ ਨਾਲ ਹਾਰ ਗਈ। ਉਸਦੇ ਲਈ ਡਿਆਂਡ੍ਰਾ ਡੌਟਿਨ ਦੀ 52 ਦੌੜਾਂ ਦੀ ਅਰਧ ਸੈਂਕੜੇ ਵਾਲੀ ਪਾਰੀ ਵੀ ਕੰਮ ਨਹੀਂ ਆ ਸਕੀ। ਉਸ ਤੋਂ ਇਲਾਵਾ ਕਿਆਨਾ ਜੋਸਫ ਨੇ 49 ਦੌੜਾਂ ਬਣਾਈਆਂ। ਭਾਰਤ ਲਈ ਟਿਟਾਸ ਸਾਧੂ ਸਭ ਤੋਂ ਸਫਲ ਗੇਂਦਬਾਜ਼ ਰਹੀ, ਜਿਸ ਨੇ 37 ਦੌੜਾਂ ਦੇ ਕੇ 3 ਵਿਕਟਾਂ ਲਈਆਂ ਜਦਕਿ ਦੀਪਤੀ ਸ਼ਰਮਾ ਨੇ 23 ਦੌੜਾਂ ਦੇ ਕੇ ਤੇ ਰਾਧਾ ਯਾਦਵ ਨੇ 28 ਦੌੜਾਂ ਦੇ ਕੇ 2-2 ਵਿਕਟਾਂ ਹਾਸਲ ਕੀਤੀਆਂ। ਵੈਸਟਇੰਡੀਜ਼ ਨੇ ਦੂਜੇ ਹੀ ਓਵਰ ਵਿਚ ਆਪਣੀ ਕਪਤਾਨ ਤੇ ਸਲਾਮੀ ਬੱਲੇਬਾਜ਼ ਹੈਲੀ ਮੈਥਿਊਜ਼ (1) ਦੀ ਵਿਕਟ ਗੁਆ ਦਿੱਤੀ। ਸ਼ੈਮੇਨ ਕੈਂਪਬੇਲ (13) ਵੀ ਜਲਦੀ ਆਊਟ ਹੋ ਗਈ। ਇਸ ਤੋਂ ਬਾਅਦ ਕਿਆਨਾ ਜੋਸਫ ਤੇ ਡਿਆਂਡ੍ਰਾ ਡੌਟਿਨ ਨੇ ਪਾਰੀ ਨੂੰ ਸੰਭਾਲਿਆ ਪਰ ਇਨ੍ਹਾਂ ਦੋਵਾਂ ਤੋਂ ਇਲਾਵਾ ਕੋਈ ਹੋਰ ਬੱਲੇਬਾਜ਼ ਟਿਕ ਕੇ ਨਹੀਂ ਖੇਡ ਸਕੀ ਤੇ ਟੀਮ ਵੱਡੇ ਸਕੋਰ ਦੇ ਨੇੜੇ ਪਹੁੰਚਣ ਵਿਚ ਅਸਫਲ ਰਹੀ।
ਇਸ ਤੋਂ ਪਹਿਲਾਂ ਰੋਡ੍ਰਿਗੇਜ਼ ਨੇ 35 ਗੇਂਦਾਂ ਵਿਚ 73 ਦੌੜਾਂ ਦੀ ਪਾਰੀ ਖੇਡੀ, ਜਿਸ ਵਿਚ 9 ਚੌਕੇ ਤੇ 2 ਛੱਕੇ ਸ਼ਾਮਲ ਸਨ, ਜਿਹੜਾ ਤੀਜੇ ਨੰਬਰ ’ਤੇ ਉਸਦਾ ਸਰਵਸ੍ਰੇਸ਼ਠ ਸਕੋਰ ਹੈ। ਆਸਟ੍ਰੇਲੀਆ ਦੌਰੇ ਦੇ ਆਪਣੇ ਆਖਰੀ ਮੈਚ (ਆਖਰੀ ਵਨ ਡੇ) 105 ਦੌੜਾਂ ਬਣਾਉਣ ਵਾਲੀ ਮੰਧਾਨਾ ਨੇ ਸ਼ਾਨਦਾਰ ਫਾਰਮ ਨੂੰ ਜਾਰੀ ਰੱਖਦੇ ਹੋਏ ਇਸ ਰੂਪ ਵਿਚ ਆਪਣਾ 28ਵਾਂ ਤੇ ਸਾਲ ਦਾ ਛੇਵਾਂ ਅਰਧ ਸੈਂਕੜਾ ਲਾਇਆ। ਉਸ ਨੇ ਆਪਣੀ 33 ਗੇਂਦਾਂ ਵਿਚ 54 ਦੌੜਾਂ ਦੀ ਪਾਰੀ ਦੌਰਾਨ ਦੋ ਛੱਕੇ ਤੇ ਸੱਤ ਚੌਕੇ ਲਾਏ। ਇਸ ਪਾਰੀ ਨਾਲ ਇਸ ਸਾਲ ਉਸਦੀਆਂ ਦੌੜਾਂ ਦੀ ਗਿਣਤੀ 600 ਦੌੜਾਂ ਦੇ ਪਾਰ ਹੋ ਗਈ ਜਦਕਿ ਉਹ 2024 ਵਿਚ ਮਹਿਲਾ ਟੀ-20 ਕੌਮਾਂਤਰੀ ਵਿਚ ਸਭ ਤੋਂ ਵੱਧ ਦੌੜਾਂ ਬਣਾਉਣ ਵਾਲੀ ਖਿਡਾਰਨਾਂ ਦੀ ਸੂਚੀ ਵਿਚ ਚੌਥੇ ਸਥਾਨ ’ਤੇ ਪਹੁੰਚ ਗਈ।
ਭਾਰਤ ਨੇ ਵੈਸਟਇੰਡੀਜ਼ ਵਿਰੁੱਧ ਆਪਣੇ ਹੁਣ ਤੱਕ ਦੇ ਸਰਵਉੱਚ ਸਕੋਰ ਵਿਚ ਸੁਧਾਰ ਕੀਤਾ, ਟੀਮ ਦਾ ਪਿਛਲਾ ਸਰਵਸ੍ਰੇਸ਼ਠ ਸਕੋਰ ਨਵੰਬਰ 2019 ਵਿਚ ਗ੍ਰੋਸ ਆਈਲੇਟ ਵਿਚ 4 ਵਿਕਟਾਂ ’ਤੇ 185 ਦੌੜਾਂ ਸੀ। ਰੋਡ੍ਰਿਗਜ਼ ਨੇ ਆਪਣੇ ਪਸੰਦੀਦਾ ਖੇਤਰ ਵਿਚ ਗੈਪ ਲੱਭ ਕੇ ਦੌੜਾਂ ਬਣਾਈਆਂ ਤੇ ਆਪਣਾ 12ਵਾਂ ਅਰਧ ਸੈਂਕੜਾ ਪੂਰਾ ਕੀਤਾ। ਮੰਧਾਨਾ ਤੇ ਰੋਡ੍ਰਿਗਜ਼ ਨੇ ਦੂਜੀ ਵਿਕਟ ਲਈ 44 ਗੇਂਦਾਂ ਵਿਚ 81 ਦੌੜਾਂ ਜੋੜੀਆਂ।