ਆਸਟ੍ਰੇਲੀਆ ਦੌਰੇ ਦੇ ਆਖਰੀ ਦੋ ਟੈਸਟ ਖੇਡੇਗਾ ਸ਼ੰਮੀ
Sunday, Dec 08, 2024 - 12:20 PM (IST)
ਨਵੀਂ ਦਿੱਲੀ- ਭਾਰਤ ਦਾ ਸੀਨੀਅਰ ਤੇਜ਼ ਗੇਂਦਬਾਜ਼ ਮੁਹੰਮਦ ਸ਼ੰਮੀ ਆਸਟ੍ਰੇਲੀਆ ਵਿਰੁੱਧ ਚੱਲ ਰਹੀ ਲੜੀ ਦੇ ਆਖਰੀ ਦੋ ਟੈਸਟਾਂ ਵਿਚ ਖੇਡਣ ਲਈ ਤਿਆਰ ਹੈ ਤੇ ਉਸਦੀ ‘ਪਲੇਇੰਗ ਕਿੱਟ’ ਪਹਿਲਾਂ ਹੀ ਆਸਟ੍ਰੇਲੀਆ ਪਹੁੰਚ ਚੁੱਕੀ ਹੈ ਜਦਕਿ ਐੱਨ. ਸੀ. ਏ. ਦੀ ਮੈਡੀਕਲ ਟੀਮ ਤੋਂ ਫਿਨਟੈੱਸ ਮਨਜ਼ੂਰੀ ਮਿਲਣਾ ਸਿਰਫ ਰਸਮੀ ਹੈ।
ਬੰਗਾਲ ਦੇ ਇਸ ਤਜਰਬੇਕਾਰ ਕ੍ਰਿਕਟਰ ਦੇ ਲਈ 14 ਦਸੰਬਰ ਤੋਂ ਬ੍ਰਿਸਬੇਨ ਵਿਚ ਸ਼ੁਰੂ ਹੋ ਰਹੇ ਟੈਸਟ ਵਿਚ ਖੇਡਣਾ ਆਸਾਨ ਨਹੀਂ ਹੋ ਸਕਦਾ ਹੈ ਪਰ ਇਹ ਤੈਅ ਹੈ ਕਿ ਉਹ ‘ਬਾਕਸਿੰਗ ਡੇ’ (26 ਦਸੰਬਰ) ਨੂੰ ਮੈਲਬੋਰਨ ਵਿਚ ਚੌਥੇ ਟੈਸਟ ਵਿਚ ਦਿਖਾਈ ਦੇਵੇਗਾ।
ਇਕ ਨੇੜਲੇ ਸੂਤਰ ਨੇ ਦੱਸਿਅਾ, ‘‘ਸ਼ੰਮੀ ਦੀ ਭਾਰਤੀ ਕਿੱਟ ਪਹਿਲਾਂ ਹੀ ਆਸਟ੍ਰੇਲੀਆ ਭੇਜ ਦਿੱਤੀ ਗਈ ਹੈ। ਉਹ ਮੁਸ਼ਤਾਕ ਅਲੀ ਟਰਾਫੀ ਟੀ-20 ਟੂਰਨਾਮੈਂਟ ਨੂੰ ਪੂਰਾ ਕਰੇਗਾ ਤੇ ਫਿਰ ਰਵਾਨਾ ਹੋ ਜਾਵੇਗਾ।’’
ਸ਼ੰਮੀ (34 ਸਾਲ) ਭਾਰਤ ਲਈ ਪਿਛਲਾ ਟੂਰਨਾਮੈਂਟ ਨਵੰਬਰ 2023 ਵਿਚ ਵਨ ਡੇ ਵਿਸ਼ਵ ਕੱਪ ਫਾਈਨਲ ਵਿਚ ਖੇਡਿਆ ਸੀ ਤੇ ਇਸ ਤੋਂ ਬਾਅਦ ਗਿੱਟੇ ਦੀ ਸਰਜਰੀ ਕਾਰਨ ਉਸ ਨੂੰ ਲੰਬੇ ਸਮੇਂ ਤੱਕ ਬਾਹਰ ਰਹਿਣ ਲਈ ਮਜਬੂਰ ਹੋਣਾ ਪਿਆ।