ਭਾਰਤੀ ਟੀਮ ਨੇ ਸ਼ਾਨਦਾਰ ਗੇਂਦਬਾਜ਼ੀ ਤੋਂ ਬਾਅਦ ਬੱਲੇਬਾਜ਼ੀ ''ਚ ਵੀ ਦਿਖਾਇਆ ਦਮ, 10 ਵਿਕਟਾਂ ਨਾਲ ਜਿੱਤਿਆ ਮੁਕਾਬਲਾ
Tuesday, Jul 09, 2024 - 10:33 PM (IST)

ਚੇਨਈ (ਭਾਸ਼ਾ)– ਪੂਜਾ ਵਸਤਾਰਕਰ ਤੇ ਰਾਧਾ ਯਾਦਵ ਦੀ ਅਗਵਾਈ ਵਿਚ ਗੇਂਦਬਾਜ਼ਾਂ ਦੇ ਸ਼ਾਨਦਾਰ ਪ੍ਰਦਰਸ਼ਨ ਦੀ ਬਦੌਲਤ ਭਾਰਤ ਨੇ ਤੀਜੇ ਤੇ ਆਖ਼ਰੀ ਟੀ-20 ਕੌਮਾਂਤਰੀ ਕ੍ਰਿਕਟ ਮੈਚ ਵਿਚ ਦੱਖਣੀ ਅਫਰੀਕਾ ਨੂੰ 55 ਗੇਂਦਾਂ ਬਾਕੀ ਰਹਿੰਦਿਆਂ 10 ਵਿਕਟਾਂ ਨਾਲ ਕਰਾਰੀ ਹਾਰ ਦੇ ਕੇ 3 ਮੈਚਾਂ ਦੀ ਲੜੀ 1-1 ਨਾਲ ਬਰਾਬਰ ਕਰ ਲਈ ਹੈ।
ਤੇਜ਼ ਗੇਂਦਬਾਜ਼ ਵਸਤਾਰਕਰ (13 ਦੌੜਾਂ ’ਤੇ 4 ਵਿਕਟਾਂ) ਨੇ ਕਰੀਅਰ ਦੀ ਸਰਵਸ੍ਰੇਸ਼ਠ ਗੇਂਦਬਾਜ਼ੀ ਕਰਦੇ ਹੋਏ 4 ਜਦਕਿ ਖੱਬੇ ਹੱਥ ਦੀ ਸਪਿਨਰ ਰਾਧਾ ਯਾਧਵ (6 ਦੌੜਾਂ ’ਤੇ 3 ਵਿਕਟਾਂ) ਨੇ 3 ਵਿਕਟਾਂ ਲਈਆਂ, ਜਿਸ ਨਾਲ ਦੱਖਣੀ ਅਫਰੀਕਾ ਦੀ ਟੀਮ 17.1 ਓਵਰਾਂ ਵਿਚ ਸਿਰਫ 84 ਦੌੜਾਂ ’ਤੇ ਢੇਰ ਹੋ ਗਈ।
ਭਾਰਤ ਨੇ 10.5 ਓਵਰਾਂ ਵਿਚ ਬਿਨਾਂ ਕਿਸੇ ਨੁਕਸਾਨ ਦੇ 88 ਦੌੜਾਂ ਬਣਾ ਕੇ ਆਸਾਨ ਜਿੱਤ ਦਰਜ ਕਰ ਲਈ। ਸਮ੍ਰਿਤੀ ਮੰਧਾਨਾ 40 ਗੇਂਦਾਂ ਵਿਚ 54 ਦੌੜਾਂ ਤੇ ਸ਼ੈਫਾਲੀ ਵਰਮਾ 25 ਗੇਂਦਾਂ ’ਤੇ 27 ਦੌੜਾਂ ਬਣਾ ਕੇ ਅਜੇਤੂ ਰਹੀਆਂ।
ਦੱਖਣੀ ਅਫਰੀਕਾ ਨੇ ਪਹਿਲਾ ਮੈਚ 12 ਦੌੜਾਂ ਨਾਲ ਜਿੱਤਿਆ ਸੀ ਜਦਕਿ ਦੂਜਾ ਮੈਚ ਮੀਂਹ ਕਾਰਨ ਪੂਰਾ ਨਹੀਂ ਹੋ ਸਕਿਆ ਸੀ। ਭਾਰਤ ਨੇ ਇਸ ਤੋਂ ਪਹਿਲਾਂ ਵਨ ਡੇ ਲੜੀ ਵਿਚ 3-0 ਨਾਲ ਜਿੱਤ ਦਰਜ ਕਰਨ ਤੋਂ ਇਲਾਵਾ ਇਕਲੌਤੇ ਟੈਸਟ ਮੈਚ ਨੂੰ ਵੀ ਆਪਣੇ ਨਾਂ ਕੀਤਾ ਸੀ।
ਮੰਧਾਨਾ ਨੇ ਅਯੋਬਾਂਗਾ ਖਾਕਾ ’ਤੇ 2 ਚੌਕੇ ਲਾ ਕੇ ਸ਼ੁਰੂਆਤ ਕੀਤੀ। ਇਸ ਤੋਂ ਬਾਅਦ ਦੋਵੇਂ ਭਾਰਤੀ ਬੱਲੇਬਾਜ਼ਾਂ ਨੇ ਸਹਿਜਤਾ ਨਾਲ ਦੌੜਾਂ ਬਣਾਈਆਂ। ਭਾਰਤ ਨੇ ਪਾਵਰਪਲੇਅ ਵਿਚ 40 ਦੌੜਾਂ ਬਣਾ ਲਈਆਂ ਸਨ। ਇਸ ਤੋਂ ਬਾਅਦ ਮੰਧਾਨਾ ਦੱਖਣੀ ਅਫਰੀਕਾ ਦੀਆਂ ਗੇਂਦਬਾਜ਼ਾਂ ’ਤੇ ਪੂਰੀ ਤਰ੍ਹਾਂ ਹਾਵੀ ਹੋ ਗਈ। ਮੰਧਾਨਾ ਨੇ ਨੇਦਿਨ ਡੀ ਕਲਾਰਕ ’ਤੇ 2 ਚੌਕੇ ਤੇ ਜੇਤੂ ਛੱਕਾ ਲਾ ਕੇ ਆਪਣਾ ਅਰਧ ਸੈਂਕੜਾ ਪੂਰਾ ਕੀਤਾ। ਉਸ ਨੇ ਆਪਣੀ ਪਾਰੀ ਵਿਚ 8 ਚੌਕੇ ਤੇ 2 ਛੱਕੇ ਲਾਏ। ਸ਼ੈਫਾਲੀ ਨੇ ਆਪਣੀ ਪਾਰੀ ਵਿਚ 3 ਚੌਕੇ ਲਾਏ। ਜਦੋਂ ਉਹ 24 ਦੌੜਾਂ ’ਤੇ ਸੀ ਤਦ ਉਸ ਨੂੰ ਜੀਵਨਦਾਨ ਵੀ ਮਿਲਿਆ।
ਇਸ ਤੋਂ ਪਹਿਲਾਂ ਭਾਰਤ ਵੱਲੋਂ ਵਸਤਾਰਕਰ ਤੇ ਰਾਧਾ ਤੋਂ ਇਲਾਵਾ ਅਰੁੰਧਤੀ ਰੈੱਡੀ (14 ਦੌੜਾਂ ’ਤੇ 1 ਵਿਕਟ), ਸ਼੍ਰੇਯੰਕਾ ਪਾਟਿਲ (19 ਦੌੜਾਂ ’ਤੇ 1 ਵਿਕਟ) ਤੇ ਦੀਪਤੀ ਸ਼ਰਮਾ (20 ਦੌੜਾਂ ’ਤੇ 1 ਵਿਕਟ) ਨੇ ਇਕ-ਇਕ ਵਿਕਟ ਲਈ। ਦੱਖਣੀ ਅਫਰੀਕਾ ਵੱਲੋਂ ਸਲਾਮੀ ਬੱਲੇਬਾਜ਼ ਤੇਜ਼ਾਮਿਨ ਬ੍ਰਿਟਸ (20) ਹੀ 20 ਦੌੜਾਂ ਦੇ ਅੰਕੜੇ ਨੂੰ ਛੂਹ ਸਕੀ।
ਭਾਰਤ ਨੇ ਟਾਸ ਜਿੱਤ ਕੇ ਦੱਖਣੀ ਅਫਰੀਕਾ ਨੂੰ ਬੱਲੇਬਾਜ਼ੀ ਦਾ ਸੱਦਾ ਦਿੱਤਾ, ਜਿਸ ਤੋਂ ਬਾਅਦ ਟੀਮ ਨੇ ਕਪਤਾਨ ਲੌਰਾ ਵੋਲਵਾਰਟ (9) ਤੇ ਮਾਰਿਜਾਨ ਕਾਪ (10) ਦੀ ਵਿਕਟ ਗੁਆ ਕੇ ਪਾਵਰਪਲੇਅ ਵਿਚ 39 ਦੌੜਾਂ ਜੋੜੀਆਂ। ਵੋਲਵਾਰਟ ਨੇ ਵਸਤਾਰਕਰ ਦੇ ਪਹਿਲੇ ਹੀ ਓਵਰ ਵਿਚ ਚੌਕੇ ਦੇ ਨਾਲ ਕੌਮਾਂਤਰੀ ਕ੍ਰਿਕਟ ਵਿਚ 6,000 ਦੌੜਾਂ ਪੂਰੀਆਂ ਕੀਤੀਆਂ। ਵੋਲਵਾਰਟ ਤੇ ਬ੍ਰਿਟਸ ਨੇ ਸੰਜੀਵਨ ਸੰਜਨਾ ’ਤੇ ਵੀ ਚੌਕੇ ਲਾਏ।
ਆਫ ਸਪਿਨਰ ਸ਼੍ਰੇਯੰਕਾ ਨੇ ਵੋਲਵਾਰਟ ਨੂੰ ਅਰੁੰਧਤੀ ਹੱਥੋਂ ਕੈਚ ਕਰਵਾ ਕੇ ਭਾਰਤ ਨੂੰ ਪਹਿਲੀ ਸਫਲਤਾ ਦਿਵਾਈ। ਕਾਪ ਨੇ ਸ਼੍ਰੇਯੰਕਾ ਦੇ ਓਵਰ ਵਿਚ 2 ਚੌਕੇ ਲਾਏ ਪਰ ਵਸਤਾਰਕਰ ਦੇ ਅਗਲੇ ਓਵਰ ਵਿਚ ਮਿਡਵਿਕਟ ’ਤੇ ਸ਼ੈਫਾਲੀ ਵਰਮਾ ਨੂੰ ਕੈਚ ਦੇ ਬੈਠੀ ਤੇ ਇਸ ਤਰ੍ਹਾਂ ਤੇਜ਼ ਗੇਂਦਬਾਜ਼ ਦੀ 50ਵੀਂ ਸ਼ਿਕਾਰ ਬਣੀ।
ਬ੍ਰਿਟਸ ਨੇ ਸ਼੍ਰੇਯੰਕਾ ’ਤੇ 2 ਹੋਰ ਚੌਕੇ ਮਾਰੇ ਪਰ ਆਫ ਸਪਿਨਰ ਦੀਪਤੀ ਦੀ ਗੇਂਦ ’ਤੇ ਵੱਡੀ ਸ਼ਾਟ ਖੇਡਣ ਦੀ ਕੋਸ਼ਿਸ਼ ਵਿਚ ਕੈਚ ਆਊਟ ਹੋ ਗਈ।
ਐਨੇਕੇ ਬਾਸ਼ ਤੇ ਕਲੋ ਟ੍ਰਾਯੋਨ ਨੇ ਇਸ ਤੋਂ ਬਾਅਦ ਪਾਰੀ ਨੂੰ ਅੱਗੇ ਵਧਾਇਆ। ਦੋਵਾਂ ਨੇ 10ਵੇਂ ਓਵਰ ਵਿਚ ਟੀਮ ਦੀਆਂ ਦੌੜਾਂ ਦਾ ਅਰਧ ਸੈਂਕੜਾ ਪੂਰਾ ਕੀਤਾ। ਵਸਤਾਰਕਰ ਨੇ ਬਾਸ਼ (17) ਨੂੰ ਐੱਲ. ਬੀ. ਡਬਲਯੂ. ਕਰਕੇ ਦੱਖਣੀ ਅਫਰੀਕਾ ਨੂੰ ਚੌਥਾ ਝਟਕਾ ਦਿੱਤਾ। ਦੋ ਗੇਂਦਾਂ ਬਾਅਦ ਨੇਦਿਨ ਡੀ ਕਲਾਰਕ (0) ਵੀ ਵਸਤਾਰਕਰ ਦੀ ਗੇਂਦ ਨੂੰ ਵਿਕਟਾਂ ’ਤੇ ਖੇਡ ਗਈ, ਜਿਸ ਨਾਲ ਦੱਖਣੀ ਅਫਰੀਕਾ ਦਾ ਸਕੋਰ 5 ਵਿਕਟਾਂ ’ਤੇ 61 ਦੌੜਾਂ ਹੋ ਗਿਆ।
ਰਾਧਾ ਨੇ ਐਨੇਰੀ ਡਰਕਸੇਨ (2), ਸਿਨਾਲੋ ਜਾਫਤਾ (8) ਤੇ ਨੋਨਕੁਲੂਲੇਕੋ ਮਲਾਬਾ (0) ਨੂੰ ਆਊਟ ਕੀਤਾ ਜਦਕਿ ਅਰੁੰਧਤੀ ਨੇ ਟ੍ਰੋਯੋਨ (8) ਦੀ ਪਾਰੀ ਦਾ ਅੰਤ ਕੀਤਾ। ਵਸਤਾਰਕਰ ਨੇ ਐਲਿਜ ਮਾਰੀ ਮਾਰਕਸ (7) ਨੂੰ ਵਿਕਟਕੀਪਰ ਓਮਾ ਸ਼ੇਤਰੀ ਦੇ ਹੱਥੋਂ ਕੈਚ ਕਰਵਾ ਕੇ ਦੱਖਣੀ ਅਫਰੀਕਾ ਦੀ ਪਾਰੀ ਦਾ ਅੰਤ ਕੀਤਾ।
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e