ਅੰਡਰ-19 ਵਿਸ਼ਵ ਕੱਪ ਚੈਂਪੀਅਨਾਂ ਦੀ ਕਹਾਣੀ: ਕੋਈ ਖੇਡਦੀ ਰਹੀ ਥਾਪੀ ਨਾਲ ਤੇ ਕਿਸੇ ਨੇ ਖੇਡੀ ਗਲੀ ਕ੍ਰਿਕਟ
Tuesday, Jan 31, 2023 - 01:56 PM (IST)
ਨਵੀਂ ਦਿੱਲੀ (ਭਾਸ਼ਾ)– ਉਹ ਹੁਣ ਕਿਸੇ ਪਛਾਣ ਦੀਆਂ ਮੋਹਤਾਜ ਨਹੀਂ ਹਨ। ਮਹਿਲਾ ਕ੍ਰਿਕਟ ਵਿਚ ਅੰਡਰ-19 ਵਿਸ਼ਵ ਕੱਪ ਦੇ ਰੂਪ ਵਿਚ ਦੇਸ਼ ਦਾ ਪਹਿਲਾ ਆਈ. ਸੀ. ਸੀ. ਖ਼ਿਤਾਬ ਜਿੱਤਣ ਤੋਂ ਪਹਿਲਾਂ ਬਹੁਤ ਘੱਟ ਲੋਕਾਂ ਨੇ ਹੀ ਇਨ੍ਹਾਂ ਖਿਡਾਰਨਾਂ ਦੇ ਬਾਰੇ ਵਿਚ ਸੁਣਿਆ ਸੀ। ਇਹ ਖਿਡਾਰਨਾਂ ਕੌਣ ਹਨ, ਜਾਣੋ–
ਸ਼ੈਫਾਲੀ ਵਰਮਾ (ਕਪਤਾਨ, ਸਲਾਮੀ ਬੱਲੇਬਾਜ਼)
ਰੋਹਤਕ ਦੀ ਰਹਿਣ ਵਾਲੀ ਅੰਡਰ-19 ਟੀਮ ਦੀ ਇਹ ਕਪਤਾਨ ਟੀਮ ਦੀ ਸਭ ਤੋਂ ਚਰਚਿਤ ਖਿਡਾਰਨ ਹੈ, ਜਿਹੜੀ ਸੀਨੀਅਰ ਪੱਧਰ ’ਤੇ ਪਹਿਲਾਂ ਹੀ ਤਿੰਨ ਵਿਸ਼ਵ ਕੱਪ ਫਾਈਨਲ ਖੇਡ ਚੁੱਕੀ ਹੈ। ਨਵੰਬਰ 2019 ਵਿਚ 15 ਸਾਲ 285 ਦਿਨ ਦੀ ਉਮਰ ਵਿਚ ਉਹ ਆਪਣੇ ਆਦਰਸ਼ ਸਚਿਨ ਤੇਂਦੁਲਕਰ ਨੂੰ ਪਛਾੜ ਕੇ ਕੌਮਾਂਤਰੀ ਕ੍ਰਿਕਟ ਵਿਚ ਅਰਧ ਸੈਂਕੜਾ ਲਾਉਣ ਵਾਲੀ ਸਭ ਤੋਂ ਨੌਜਵਾਨ ਖਿਡਾਰਨ ਬਣੀ।
ਸ਼ਵੇਤਾ ਸਹਿਰਾਵਤ (ਸਲਾਮੀ ਬੱਲੇਬਾਜ਼)
ਦੱਖਣੀ ਦਿੱਲੀ ਦੀ ਇਹ ਕੁੜੀ ਵਾਲੀਬਾਲ, ਬੈਡਮਿੰਟਨ ਤੇ ਸਕੇਟਿੰਗ ਵਿਚ ਹੱਥ ਅਜਮਾਉਣ ਤੋਂ ਬਾਅਦ ਕ੍ਰਿਕਟ ਨਾਲ ਜੁੜੀ। ਖ਼ਿਤਾਬੀ ਮੁਕਾਬਲੇ ਵਿਚ 69 ਦੌੜਾਂ ਦੇ ਟੀਚੇ ਦਾ ਪਿੱਛਾ ਕਰਦੇ ਹੋਏ ਜਲਦੀ ਹੀ ਪੈਵੇਲੀਅਨ ਪਰਤੀ ਪਰ ਟੀਮ ਦੇ ਫਾਈਨਲ ਦੇ ਸਫ਼ਰ ਵਿਚ ਉਸਦੀ ਭੂਮਿਕਾ ਅਹਿਮ ਰਹੀ। ਉਹ 7 ਪਾਰੀਆਂ ਵਿਚ 99.00 ਦੀ ਔਸਤ ਤੇ ਲਗਭਗ 140 ਦੀ ਸਟ੍ਰਾਈਕ ਰੇਟ ਨਾਲ 297 ਦੌੜਾਂ ਬਣਾ ਕੇ ਟਾਪ ਸਕੋਰਰ ਰਹੀ।
ਸੌਮਿਆ ਤਿਵਾੜੀ (ਉਪ ਕਪਤਾਨ)
ਆਪਣੀ ਮਾਂ ਵਲੋਂ ਕੱਪੜੇ ਧੋਣ ਲਈ ਇਸਤੇਮਾਲ ਹੋਣ ਵਾਲੀ ਥਾਪੀ ਨਾਲ ਕ੍ਰਿਕਟ ਖੇਡਣਾ ਸ਼ੁਰੂ ਕਰਨ ਵਾਲੀ ਸੌਮਿਆ ਨੂੰ ਸ਼ੁਰੂ ਵਿਚ ਉਸਦੇ ਕੋਚ ਸੁਰੇਸ਼ ਚਿਆਨਾਨੀ ਨੇ ਨਹੀਂ ਚੁਣਿਆ ਸੀ ਪਰ ਬਾਅਦ ਵਿਚ ਉਸ ਨੇ ਇਸ ਬੱਲੇਬਾਜ਼ ਨੂੰ ਮੌਕਾ ਦਿੱਤਾ। ਉਸ ਨੇ ਫਾਈਨਲ ਵਿਚ ਇੰਗਲੈਂਡ ਵਿਰੁੱਧ 7 ਵਿਕਟਾਂ ਦੀ ਜਿੱਤ ਦੌਰਾਨ ਜੇਤੂ ਦੌੜਾਂ ਬਣਾਈਆਂ।
ਤ੍ਰਿਸ਼ਾ ਰੈੱਡੀ (ਸਲਾਮੀ ਬੱਲੇਬਾਜ਼)
ਤੇਲੰਗਾਨਾ ਦੇ ਭਦ੍ਰਾਚਲਮ ਦੀ ਰਹਿਣ ਵਾਲੀ ਤ੍ਰਿਸ਼ਾ ਸਾਬਕਾ ਅੰਡਰ-16 ਰਾਸ਼ਟਰੀ ਹਾਕੀ ਖਿਡਾਰੀ ਗੋਂਗਾਦੀ ਰੈੱਡੀ ਦੀ ਬੇਟੀ ਹੈ। ਬਚਪਨ ਵਿਚ ਹੀ ਉਸ ਨੇ ਆਪਣੀਆਂ ਅੱਖਾਂ ਤੇ ਹੱਥਾਂ ਵਿਚਾਲੇ ਤਾਲਮੇਲ ਨਾਲ ਆਪਣੇ ਪਿਤਾ ਨੂੰ ਪ੍ਰਭਾਵਿਤ ਕੀਤਾ, ਜਿਨ੍ਹਾਂ ਨੇ ਉਸਦੀਆਂ ਕ੍ਰਿਕਟ ਇੱਛਾਵਾਂ ਨੂੰ ਪੂਰਾ ਕਰਨ ਲਈ ਆਪਣੀ ਚਾਰ ਏਕੜ ਦੀ ਜੱਦੀ ਜ਼ਮੀਨ ਵੇਚ ਦਿੱਤੀ ਸੀ।
ਰਿਸ਼ਿਤਾ ਬਾਸੂ (ਬਦਲਵੀਂ ਵਿਕਟਕੀਪਰ)
ਕਈ ਹੋਰਨਾਂ ਖਿਡਾਰਨਾਂ ਦੀ ਤਰ੍ਹਾਂ ਰਿਸ਼ਿਤਾ ਨੇ ਸ਼ੁਰੂਆਤ ਗਲੀ ਕ੍ਰਿਕਟਰ ਦੇ ਰੂਪ ਵਿਚ ਕੀਤੀ। ਕੋਲਕਾਤਾ ਦੇ ਹਾਵੜਾ ਦੀ ਰਹਿਣ ਵਾਲੀ ਨੇ ਨਵੰਬਰ ਵਿਚ ਨਿਊਜ਼ੀਲੈਂਡ ਵਿਰੁੱਧ ਡੈਬਿਊ ਦਾ ਮੌਕਾ ਮਿਲਣ ਤੋਂ ਬਾਅਦ ਇਸਦਾ ਪੂਰਾ ਫਾਇਦਾ ਚੁੱਕਿਆ।
ਰਿਚਾ ਘੋਸ਼ (ਵਿਕਟਕੀਪਰ-ਬੱਲੇਬਾਜ਼)
ਰਿਚਾ ਵਿਕਟਕੀਪਰ ਦੇ ਨਾਲ ਹਮਲਾਵਰ ਬੱਲੇਬਾਜ਼ ਹੈ। ਉਹ ਮਹਿੰਦਰ ਸਿੰਘ ਧੋਨੀ ਨੂੰ ਆਪਣਾ ਆਦਰਸ਼ ਮੰਨਦੀ ਹੈ ਪਰ ਇਹ ਉਸਦੇ ਪਿਤਾ ਮਾਨਵੇਂਦ੍ਰ ਘੋਸ਼ ਸੀ, ਜਿਨ੍ਹਾਂ ਨੇ ਉਸਦੀ ‘ਪਾਵਰ ਗੇਮ’ ਨਿਖਾਰਨ ਵਿਚ ਮਦਦ ਕੀਤੀ। ਉਸ ਨੇ ਆਸਟਰੇਲੀਆ ਵਿਰੁੱਧ ਭਾਰਤ ਦੀ ਟੀ-20 ਕੌਮਾਂਤਰੀ ਲੜੀ ਵਿਚ 36 ਤੇ 26 ਦੌੜਾਂ ਬਣਾਈਆਂ।
ਟਿਟਾਸ ਸਾਧੂ (ਤੇਜ਼ ਗੇਂਦਬਾਜ਼)
ਉਸਦਾ ਪਰਿਵਾਰ ਉਮਰ ਵਰਗ ਦਾ ਕਲੱਬ ਚਲਾਉਂਦਾ ਹੈ। ਉਹ 10 ਸਾਲ ਦੀ ਉਮਰ ਵਿਚ ਕਲੱਬ ਦੀ ਕ੍ਰਿਕਟ ਟੀਮ ਦੇ ਨਾਲ ‘ਸਕੋਰਰ’ ਦੇ ਰੂਪ ਵਿਚ ਜਾਂਦੀ ਸੀ। ਫਾਈਨਲ ਦੀ ਸਟਾਰ ਖਿਡਾਰਨਾਂ ਵਿਚ ਸ਼ਾਮਲ ਟਿਟਾਸ ਆਪਣੇ ਰਾਜ ਬੰਗਾਲ ਦੀ ਧਾਕੜ ਝੂਲਨ ਗੋਸਵਾਮੀ ਦੇ ਰਸਤੇ ’ਤੇ ਚੱਲ ਰਹੀ ਹੈ। ਉਹ ਤੇਜ਼ ਗਤੀ ਨਾਲ ਗੇਂਦ ਕਰਵਾਉਂਦੀ ਹੈ, ਉਛਾਲ ਹਾਸਲ ਕਰਦੀ ਹੈ ਤੇ ਗੇਂਦ ਨੂੰ ਦੋਵਾਂ ਪਾਸੇ ਤੋਂ ਸਵਿੰਗ ਕਰਵਾ ਸਕਦੀ ਹੈ। ਉਹ ਆਪਣੇ ਪਿਤਾ ਦੀ ਤਰ੍ਹਾਂ ਫਰਾਟਾ ਦੌੜਾਕ ਬਣਨਾ ਚਾਹੁੰਦੀ ਸੀ। ਉਸ ਨੇ 10ਵੀਂ ਦੀ ਬੋਰਡ ਪ੍ਰੀਖਿਆ ਵਿਚ 93 ਫੀਸਦੀ ਅੰਕ ਹਾਸਲ ਕੀਤੇ ਪਰ ਕ੍ਰਿਕਟ ਵਿਚ ਕਰੀਅਰ ਬਣਾਉਣ ਲਈ ਪੜ੍ਹਾਈ ਛੱਡ ਦਿੱਤੀ।
ਸੋਨਮ ਯਾਦਵ (ਖੱਬੇ ਹੱਥ ਦੀ ਸਪਿਨਰ)
ਉੱਤਰ ਪ੍ਰਦੇਸ਼ ਦੇ ਫਿਰੋਜ਼ਾਬਾਦ ਦੀ 15 ਸਾਲ ਦੀ ਇਸ ਸਪਿਨਰ ਦਾ ਪਿਤਾ ਮੁਕੇਸ਼ ਕੁਮਾਰ ਕੱਚ ਦੀ ਫੈਕਟਰੀ ਵਿਚ ਕੰਮ ਕਰਦਾ ਹੈ। ਉਸ ਨੇ ਸਭ ਤੋਂ ਪਹਿਲਾਂ ਮੁੰਡਿਆਂ ਨਾਲ ਖੇਡਣਾ ਸ਼ੁਰੂ ਕੀਤਾ ਤੇ ਉਸਦੀ ਦਿਲਚਸਪੀ ਨੂੰ ਦੇਖਦੇ ਹੋਏ ਮੁਕੇਸ਼ ਨੇ ਆਪਣੀ ਧੀ ਨੂੰ ਇਕ ਅਕੈਡਮੀ ਦੇ ਨਾਲ ਜੋੜ ਦਿੱਤਾ। ਬੱਲੇਬਾਜ਼ ਦੇ ਰੂਪ ਵਿਚ ਸ਼ੁਰੂਆਤ ਕਰਨ ਵਾਲੀ ਸੋਨਮ ਆਪਣੇ ਕੋਚ ਦੀ ਸਲਾਹ ’ਤੇ ਗੇਂਦਬਾਜ਼ੀ ਕਰਨ ਲੱਗੀ।
ਮੰਨਤ ਕਸ਼ਯਪ (ਖੱਬੇ ਹੱਥ ਦੀ ਸਪਿਨਰ)
ਹਵਾ ਵਿਚ ਤੇਜ਼ ਗਤੀ ਨਾਲ ਗੇਂਦ ਕਰਨ ਵਾਲੀ ਮੰਨਤ ਦਾ ਐਕਸ਼ਨ ਸੋਨਮ ਤੋਂ ਬਿਹਤਰ ਹੈ। ਪਟਿਆਲਾ ਦੀ ਰਹਿਣ ਵਾਲੀ ਇਹ ਖਿਡਾਰਨ ਮੁੰਡਿਆਂ ਨਾਲ ਗਲੀ ਕ੍ਰਿਕਟ ਖੇਡਦੇ ਹੋਏ ਵੱਡੀ ਹੋਈ ਤੇ ਆਪਣੀ ਇਕ ਰਿਸ਼ਤੇਦਾਰ ਦੇ ਕਹਿਣ ’ਤੇ ਖੇਡ ਨੂੰ ਗੰਭੀਰਤਾ ਨਾਲ ਲੈਣ ਲੱਗੀ।
ਅਰਚਨਾ ਦੇਵੀ (ਆਫ ਸਪਿਨਰ ਆਲਰਾਊਂਡਰ)
ਆਪਣੇ ਕ੍ਰਿਕਟ ਸਫ਼ਰ ਦੀ ਸ਼ੁਰੂਆਤ ਤੋਂ ਪਹਿਲਾਂ ਹੀ ਕੈਂਸਰ ਦੇ ਕਾਰਨ ਆਪਣੇ ਪਿਤਾ ਨੂੰ ਗਵਾਉਣ ਵਾਲੀ ਅਰਚਨਾ ਦਾ ਜਨਮ ਉੱਤਰ ਪ੍ਰਦੇਸ਼ ਦੇ ਉਨਾਵ ਜ਼ਿਲ੍ਹਾਂ ਦੇ ਰਤਾਈ ਪੂਰਵਾ ਪਿੰਡ ਦੇ ਇਕ ਗਰੀਬ ਪਰਿਵਾਰ ਵਿਚ ਹੋਇਆ। ਇਕ ਦਿਨ ਅਰਚਨਾ ਦੀ ਮਾਰੀ ਸ਼ਾਟ ’ਤੇ ਗੇਂਦ ਲੱਭਦੇ ਸਮੇਂ ਸੱਪ ਦੇ ਡੰਗਣ ਕਾਰਨ ਉਸ ਦੇ ਭਰਾ ਬੁਧੀਰਾਮ ਦੀ ਮੌਤ ਹੋ ਗਈ। ਉਸਦੇ ਭਰਾ ਨੇ ਹੀ ਅਰਚਨਾ ਦੇ ਕ੍ਰਿਕਟਰ ਬਣਨ ਦੀ ਇੱਛਾ ਜਤਾਈ ਸੀ।
ਪਾਰਸ਼ਵੀ ਚੋਪੜਾ (ਲੈੱਗ ਸਪਿਨਰ)
ਬੁਲੰਦ ਸ਼ਹਿਰ ਦੀ ਇਸ ਕੁੜੀ ਦੀ ਸਕੇਟਿੰਗ ਵਿਚ ਦਿਲਚਸਪੀ ਸੀ ਪਰ ਉਸ ਨੂੰ ਕ੍ਰਿਕਟ ਖੇਡਣਾ ਵੀ ਪਸੰਦ ਸੀ। ਪਹਿਲੀ ਕੋਸ਼ਿਸ਼ ਵਿਚ ਅਸਫ਼ਲ ਰਹਿਣ ਤੋਂ ਬਾਅਦ ਉਸ ਨੂੰ ਇਕ ਸਾਲ ਬਾਅਦ ਰਾਜ ਦੇ ਟ੍ਰਾਇਲ ਵਿਚ ਚੁਣਿਆ ਗਿਆ। ਉਸ ਨੇ ਵਿਸ਼ਵ ਕੱਪ ਵਿਚ 6 ਮੈਚਾਂ ਵਿਚੋਂ 11 ਵਿਕਟਾਂ ਲਈਆਂ ਤੇ ਸ਼੍ਰੀਲੰਕਾ ਵਿਰੁੱਧ 5 ਦੌੜਾਂ ਦੇ ਕੇ 4 ਵਿਕਟਾਂ ਹਾਸਲ ਕੀਤੀਆਂ।
ਫਲਕ ਨਾਜ (ਤੇਜ਼ ਗੇਦਬਾਜ਼ੀ ਆਲਰਾਊਂਡਰ)
ਟੂਰਨਾਮੈਂਟ ਵਿਚ ਫਲਕ ਨੂੰ ਇਕ ਵੀ ਮੈਚ ਖੇਡਣ ਦਾ ਮੌਕਾ ਨਹੀਂ ਮਿਲਿਆ ਪਰ ਆਸਟਰੇਲੀਆ ਵਿਰੁੱਧ ਅਭਿਆਸ ਮੈਚ ਵਿਚ ਇਸ ਤੇਜ਼ ਗੇਂਦਬਾਜ਼ ਨੇ ਕਫਾਇਤੀ ਗੇਂਦਬਾਜ਼ੀ ਕਰਦੇ ਹੋਏ 3 ਓਵਰਾਂ ਵਿਚ ਸਿਰਫ 11 ਦੌੜਾਂ ਦਿੱਤੀਆਂ ਪਰ ਉਸ ਨੂੰ ਵਿਕਟ ਨਹੀਂ ਮਿਲੀ। ਉਸਦੇ ਪਿਤਾ ਨਾਸਿਰ ਅਹਿਮਦ ਉੱਤਰ ਪ੍ਰਦੇਸ਼ ਦੇ ਇਕ ਸਕੂਲ ਵਿਚ ਕੰਮ ਕਰਦੇ ਹਨ ਤੇ ਉਸ ਦੀ ਮਾਂ ਘਰੇਲੂ ਮਹਿਲਾ ਹੈ।
ਹਰਲੇ ਗਾਲਾ (ਆਲਰਾਊਂਡਰ)
ਮੁੰਬਈ ਵਿਚ ਇਕ ਗੁਜਰਾਤੀ ਪਰਿਵਾਰ ਵਿਚ ਜਨਮੀ ਹਰਲੇ ਨੇ 15 ਸਾਲ ਦੀ ਉਮਰ ਵਿਚ ਸੀਨੀਅਰ ਟੀਮ ਨਾਲ ਡੈਬਿਊ ਕੀਤਾ। ਉਸ ਨੇ ਘਰੇਲੂ ਮੈਚ ਵਿਚ ਸ਼ੈਫਾਲੀ ਵਰਮਾ ਤੇ ਦੀਪਤੀ ਸ਼ਰਮਾ ਦੀ ਵਿਕਟ ਲੈ ਕੇ ਲੋਕਾਂ ਦਾ ਧਿਆਨ ਖਿੱਚਿਆ ਸੀ।
ਸੋਨੀਆ ਮੇਧੀਆ (ਬੱਲੇਬਾਜ਼ੀ ਆਲਰਾਊਂਡਰ)
ਹਰਿਆਣਾ ਦੀ ਸੋਨੀਆ ਨੇ ਟੂਰਨਾਮੈਂਟ ਵਿਚ ਚਾਰ ਮੈਚ ਖੇਡੇ ਪਰ ਉਸ ਨੂੰ ਕੋਈ ਵਿਕਟ ਨਹੀਂ ਮਿਲੀ। ਉਸ ਨੇ ਪੰਜ ਓਵਰਾਂ ਵਿਚ 30 ਦੌੜਾਂ ਦਿੱਤੀਆਂ।
ਸ਼ਭਨਮ ਐੱਮ. ਡੀ. (ਤੇਜ਼ ਗੇਂਦਬਾਜ਼)
ਵਿਸ਼ਾਖਾਪਟਨਮ ਦੀ ਇਸ 15 ਸਾਲਾ ਤੇਜ਼ ਗੇਂਦਬਾਜ਼ ਨੇ ਦੋ ਮੈਚ ਖੇਡੇ ਤੇ ਇਕ ਵਿਕਟ ਲਈ। ਉਸਦੇ ਪਿਤਾ ਨੇਵੀ ਵਿਚ ਹਨ ਤੇ ਉਹ ਵੀ ਤੇਜ਼ ਗੇਂਦਬਾਜ਼ ਸਨ।