ਮਹਿਲਾ ਵਨ-ਡੇ ਰੈਂਕਿੰਗ ''ਚ ਮਿਤਾਲੀ ਸਤਵੇਂ ਜਦਕਿ ਮੰਧਾਨਾ ਨੌਵੇਂ ਸਥਾਨ ''ਤੇ
Tuesday, Jun 07, 2022 - 07:23 PM (IST)

ਦੁਬਈ- ਭਾਰਤ ਦੀ ਤਜਰਬੇਕਾਰ ਬੱਲੇਬਾਜ਼ ਮਿਤਾਲੀ ਰਾਜ ਕੌਮਾਂਤਰੀ ਕ੍ਰਿਕਟ ਪਰਿਸ਼ਦ (ਆਈ. ਸੀ. ਸੀ.) ਮਹਿਲਾ ਵਨ-ਡੇ ਬੱਲੇਬਾਜ਼ੀ ਰੈਂਕਿੰਗ 'ਚ ਸਤਵੇਂ ਸਥਾਨ 'ਤੇ ਜਦਕਿ ਸਮ੍ਰਿਤੀ ਮੰਧਾਨਾ ਨੌਵੇਂ ਸਥਾਨ 'ਤੇ ਬਣੀ ਹੋਈ ਹੈ। ਆਸਟਰੇਲੀਆ ਦੀ ਐਲਿਸਾ ਹੀਲੀ ਚੋਟੀ 'ਤੇ ਹੈ ਜਿਸ ਤੋਂ ਬਾਅਦ ਇੰਗਲੈਂਡ ਦੀ ਨਤਾਲੀ ਸਕਿਵੇਰ ਦਾ ਨੰਬਰ ਹੈ। ਦੋਵਾਂ ਨੇ ਨਿਊਜ਼ੀਲੈਂਡ 'ਚ ਹੋਏ ਮਹਿਲਾ ਵਿਸ਼ਵ ਕੱਪ 'ਚ ਸ਼ਾਨਦਾਰ ਪ੍ਰਦਰਸ਼ਨ ਕੀਤਾ ਸੀ।
ਭਾਰਤ ਦੀ ਤਜਰਬੇਕਾਰ ਗੇਂਦਬਾਜ਼ ਝੂਲਨ ਗੋਸਵਾਮੀ ਗੇਂਦਬਾਜ਼ਾਂ ਦੀ ਸੂਚੀ 'ਚ ਪੰਜਵੇਂ ਸਥਾਨ 'ਤੇ ਹੈ। ਪਾਕਿਸਤਾਨ ਦੀ ਸਲਾਮੀ ਬੱਲੇਬਾਜ਼ ਸਿਦਰਾ ਅਮੀਨ 19ਵੇਂ ਪਾਇਦਾਨ ਦੀ ਛਾਲ ਮਾਰ ਕੇ ਬੱਲੇਬਾਜ਼ਾਂ ਦੀ ਰੈਂਕਿੰਗ 'ਚ 35ਵੇਂ ਸਥਾਨ 'ਤੇ ਪੁੱਜ ਗਈ ਹੈ। ਉਨ੍ਹਾਂ ਨੇ ਸ਼੍ਰੀਲੰਕਾ ਦੇ ਖ਼ਿਲਾਫ਼ ਵਨ-ਡੇ ਸੀਰੀਜ਼ 218 ਦੌੜਾਂ ਬਣਾਈਆਂ ਸਨ।
ਸ਼੍ਰੀਲੰਕਾ ਦੀ ਕਪਤਾਨ ਚਾਮਾਰੀ ਅਟਾਪੱਟੂ 6 ਪਾਇਦਾਨ ਚੜ੍ਹ ਕੇ 23ਵੇਂ ਸਥਾਨ 'ਤੇ ਹੈ। ਉਨ੍ਹਾਂ ਨੇ ਪਾਕਿਸਤਾਨ ਦੇ ਖ਼ਿਲਾਫ਼ ਦੂਜੇ ਵਨ-ਡੇ 'ਚ ਸੈਂਕੜਾ ਠੋਕਿਆ ਸੀ। ਗੇਂਦਬਾਜ਼ਾਂ 'ਚ ਇੰਗਲੈਂਡ ਦੀ ਸੋਫੀ ਐਕਸੇਲੇਟਨ ਚੋਟੀ 'ਤੇ ਹੈ ਜਦਕਿ ਦੱਖਣੀ ਅਫ਼ਰੀਕਾ ਦੀ ਸ਼ਬਨਮ ਇਸਮਾਈਲ ਦੂਜੇ ਤੇ ਆਸਟ੍ਰੇਲੀਆ ਦੀ ਜੇਸ ਜੋਨਾਸੇਨ ਤੀਜੇ ਸਥਾਨ 'ਤੇ ਹੈ।