ਮੇਕਟਿਕ ਤੇ ਪਾਵਿਚ ਨੇ ਜਿੱਤਿਆ ਵਿੰਬਲਡਨ ਪੁਰਸ਼ ਡਬਲਜ਼ ਦਾ ਖ਼ਿਤਾਬ
Sunday, Jul 11, 2021 - 02:49 PM (IST)
ਸਪੋਰਟਸ ਡੈਸਕ— ਮੇਟ ਪਾਵਿਚ ਤੇ ਨਿਕੋਲਾ ਮੇਕਟਿਕ ਦੀ ਕ੍ਰੋਏਸ਼ੀਆਈ ਜੋੜੀ ਨੇ ਫ਼ਾਈਨਲ ’ਚ ਸਪੇਨ ਦੇ ਮਾਰਸੇਲ ਗ੍ਰੇਨੋਲਰਸ ਤੇ ਅਰਜਨਟੀਨਾ ਦੇ ਹੋਰਾਸੀਓ ਜੇਬਾਲੋਸ ਨੂੰ ਸਖ਼ਤ ਮੁਕਾਬਲੇ ’ਚ ਚਾਰ ਸੈੱਟ ’ਚ ਹਰਾ ਕੇ ਵਿੰਬਲਡਨ ਟੈਨਿਸ ਟੂਰਨਾਮੈਂਟ ’ਚ ਪੁਰਸ਼ ਡਬਲਜ਼ ਦਾ ਖ਼ਿਤਾਬ ਜਿੱਤ ਲਿਆ।
ਮੇਕਟਿਕ ਤੇ ਪਾਵਿਚ ਦੀ ਦੁਨੀਆ ਦੀ ਨੰਬਰ ਇਕ ਜੋੜੀ ਨੇ ਗ੍ਰੇਨੋਲਰਸ ਤੇ ਜੇਬਾਲੋਸ ਨੂੰ ਸੈਂਟਰ ਕੋਰਟ ’ਤੇ ਹੋਣ ਮੁਕਾਬਲੇ ’ਚ 6-4, 7-6, 2-6, 7-5 ਨਾਲ ਹਰਾਇਆ। ਇਸ ਸਾਲ ਪਹਿਲੀ ਵਾਰ ਜੋੜੀ ਬਣਾਕੇ ਖੇਡ ਰਹੇ ਮੇਕਟਿਕ ਤੇ ਪਾਵਿਚ ਦਾ ਇਹ ਅੱਠਵਾਂ ਖ਼ਿਤਾਬ ਹੈ। ਉਹ ਕ੍ਰੇਸ਼ੀਆ ਦੀ ਪਹਿਲੀ ਜੋੜੀ ਹੈ ਜੋ ਵਿੰਬਲਡਨ ਦਾ ਡਬਲਜ਼ ਖ਼ਿਤਾਬ ਜਿੱਤਣ ’ਚ ਸਫ਼ਲ ਰਹੀ ਤੇ ਉਨ੍ਹਾਂ ਨੇ ਗੋਰਾਨ ਇਵਾਨਿਸੇਵਿਚ ਦੇ ਇੱਥੇ ਪੁਰਸ਼ ਸਿੰਗਲ ਖ਼ਿਤਾਬ ਜਿੱਤਣ ਦੇ 20 ਸਾਲ ਬਾਅਦ ਅਜਿਹਾ ਕੀਤਾ।
ਪਾਵਿਚ ਇਸ ਤੋਂ ਪਹਿਲਾਂ ਅਲਗ ਜੋੜੀਦਾਰਾਂ ਦੇ ਨਾਲ 2018 ’ਚ ਆਸਟਰੇਲੀਆਈ ਓਪਨ ਤੇ ਪਿਛਲੇ ਸਾਲ ਅਮਰੀਕੀ ਓਪਨ ਦਾ ਖ਼ਿਤਾਬ ਜਿੱਤ ਚੁੱਕੇ ਹਨ। ਮੇਕਟਿਕ ਦਾ ਇਹ ਪਹਿਲਾ ਗ੍ਰੈਂਡਸਲੈਮ ਖ਼ਿਤਾਬ ਹੈ। ਇਹ ਜੋੜੀ ਹੁਣ ਟੋਕੀਓ ਓਲੰਪਿਕ ’ਚ ਸੋਨ ਤਮਗ਼ੇ ਦੀ ਮਜ਼ਬੂਤ ਦਾਅਵੇਦਾਰ ਦੇ ਰੂਪ ’ਚ ਉਤਰੇਗੀ।