ਵਿੰਬਲਡਨ 2022 : ਨੋਵਾਕ ਜੋਕੋਵਿਚ ਨੇ ਕੈਸਮੇਨੋਵਿਚ ਨੂੰ ਹਰਾਇਆ
Saturday, Jul 02, 2022 - 05:04 PM (IST)

ਸਪੋਰਟਸ ਡੈਸਕ- ਸਿਖਰਲਾ ਦਰਜਾ ਹਾਸਲ ਸਰਬੀਆ ਦੇ ਨੋਵਾਕ ਜੋਕੋਵਿਚ ਨੇ ਹਮਵਤਨ ਖਿਡਾਰੀ ਮਿਓਮੀਰ ਕੈਸਮੇਨੋਵਿਚ ਨੂੰ ਹਰਾ ਕੇ ਸਾਲ ਦੇ ਤੀਜੇ ਗਰੈਂਡ ਸਲੈਮ ਵਿੰਬਲਡਨ ਟੈਨਿਸ ਟੂਰਨਾਮੈਂਟ ਦੇ ਚੌਥੇ ਗੇੜ ਵਿਚ ਜਗ੍ਹਾ ਬਣਾਈ। ਵਿਸ਼ਵ ਦੇ ਤੀਜੇ ਨੰਬਰ ਦੇ ਖਿਡਾਰੀ ਜੋਕੋਵਿਚ ਨੇ 25ਵਾਂ ਦਰਜਾ ਕੈਸਮੇਨੋਵਿਚ ਨੂੰ ਲਗਾਤਾਰ ਸੈੱਟਾਂ ਵਿਚ 6-0, 6-3, 6-4 ਨਾਲ ਹਰਾਇਆ।
ਜੋਕੋਵਿਚ ਇਸ ਮੈਚ ਵਿਚ ਸ਼ੁਰੂਆਤ ਤੋਂ ਹੀ ਹਮਲਾਵਰ ਨਜ਼ਰ ਆਏ ਤੇ ਉਨ੍ਹਾਂ ਨੂੰ ਆਪਣੇ ਹਮਵਤਨ ਖਿਡਾਰੀ ਨੂੰ ਹਰਾਉਣ ਵਿਚ ਕੋਈ ਪਰੇਸ਼ਾਨੀ ਨਹੀਂ ਹੋਈ। ਜੋਕੋਵਿਚ ਨੇ ਓਪਨਿੰਗ ਸੈੱਟ ਨੂੰ ਇਕਤਰਫ਼ਾ ਅੰਦਾਜ਼ ਵਿਚ ਆਪਣੇ ਨਾਂ ਕੀਤਾ। ਉਨ੍ਹਾਂ ਨੇ ਸਿਰਫ਼ 24 ਮਿੰਟ ਦੇ ਅੰਦਰ ਇਸ ਸੈੱਟ ਨੂੰ ਜਿੱਤਿਆ ਤੇ ਆਪਣੇ ਵਿਰੋਧੀ ਖਿਡਾਰੀ ਨੂੰ ਇਕ ਵੀ ਗੇਮ ਜਿੱਤਣ ਦਾ ਮੌਕਾ ਨਹੀਂ ਦਿੱਤਾ। ਦੂਜੇ ਸੈੱਟ ਵਿਚ ਵੀ ਜੋਕੋਵਿਚ ਨੂੰ ਕੈਸਮੇਨੋਵਿਚ ਨੂੰ ਹਰਾਉਣ ਵਿਚ ਕੋਈ ਪਰੇਸ਼ਾਨੀ ਨਹੀਂ ਹੋਈ। ਤੀਜੇ ਸੈੱਟ ਵਿਚ ਸਾਬਕਾ ਨੰਬਰ ਇਕ ਖਿਡਾਰੀ ਨੇ ਦੋ ਵਾਰ ਆਪਣੇ ਵਿਰੋਧੀ ਖਿਡਾਰੀ ਦੀ ਸਰਵਿਸ ਤੋੜੀ ਤੇ 5-2 ਦੀ ਬੜ੍ਹਤ ਹਾਸਲ ਕਰ ਲਈ ਤੇ ਫਿਰ ਇਸ ਸੈੱਟ ਨੂੰ ਆਪਣੇ ਨਾਂ ਕਰ ਕੇ ਆਖ਼ਰੀ-16 ਵਿਚ ਥਾਂ ਬਣਾਈ।
ਪੁਰਸ਼ ਸਿੰਗਲਜ਼ ਵਰਗ ਦੇ ਹੋਰ ਮੁਕਾਬਲਿਆਂ ਵਿਚ ਅਮਰੀਕਾ ਦੇ ਫਰਾਂਸਿਸ ਟਿਆਫੋ ਪਹਿਲੀ ਵਾਰ ਵਿੰਬਲਡਨ ਦੇ ਚੌਥੇ ਗੇੜ ਵਿਚ ਪੁੱਜ ਗਏ। ਉਨ੍ਹਾਂ ਨੇ ਕਜ਼ਾਕਿਸਤਾਨ ਦੇ ਅਲੈਗਜ਼ੈਂਡਰ ਬੁਬਲਿਕ ਨੂੰ 3-6, 7-6, 7-6, 6-4 ਨਾਲ ਮਾਤ ਦਿੱਤੀ। ਉਥੇ ਟਾਮੀ ਪਾਲ ਨੇ ਜਿਰੀ ਵੇਸਲੀ ਨੂੰ 6-3, 6-2, 6-2 ਨਾਲ ਹਰਾਇਆ।