ਯੂਥ ਓਲੰਪਿਕ 2030 ’ਚ ਸ਼ਾਮਲ ਹੋਵੇਗੀ ਕ੍ਰਿਕਟ? ਭਾਰਤ ਦੀ ਦਿਲਚਸਪੀ ਨਾਲ ਉਮੀਦਾਂ ਵਧੀਆਂ

Sunday, Aug 18, 2024 - 12:28 PM (IST)

ਸਪੋਰਟਸ ਡੈਸਕ : ਐੱਲ. ਏ. ਓਲੰਪਿਕ 2028 ਵਿਚ ਕ੍ਰਿਕਟ ਦੀ ਐਂਟਰੀ ਤੋਂ ਬਾਅਦ ਹੁਣ ਕੌਮਾਂਤਰੀ ਕ੍ਰਿਕਟ ਪ੍ਰੀਸ਼ਦ (ਆਈ. ਸੀ. ਸੀ.) ਯੂਥ ਓਲੰਪਿਕ 2030 ਵਿਚ ਕ੍ਰਿਕਟ ਨੂੰ ਸ਼ਾਮਲ ਕਰਨ ਲਈ ਗੰਭੀਰਤਾ ਨਾਲ ਵਿਚਾਰ ਕਰ ਰਹੀ ਹੈ। ਹਾਲ ਹੀ ਵਿਚ ਭਾਰਤ ਸਰਕਾਰ ਨੇ ਯੂਥ ਓਲੰਪਿਕ ਦੇ 2030 ਦੇ ਸੈਸ਼ਨ ਦੀ ਮੇਜ਼ਬਾਨੀ ਵਿਚ ਦਿਲਚਸਪੀ ਜਤਾਈ ਹੈ। ਅਜਿਹੇ ਵਿਚ ਹੁਣ ਆਈ. ਸੀ. ਸੀ. ਦੇ ਅੱਗੇ ਆਉਣ ਕਾਰਨ ਕ੍ਰਿਕਟ ਪ੍ਰਸ਼ੰਸਕ ਹੋਰ ਵੀ ਉਤਸ਼ਾਹਿਤ ਹੋ ਗਏ ਹਨ।
ਆਈ. ਸੀ. ਸੀ. ਦੇ ਡਿਵੈੱਲਪਮੈਂਟ ਜਨਰਲ ਮੈਨੇਜਰ ਵਿਲੀਅਮ ਗਲੇਨ ਰਾਈਟ ਨੇ ਇਸ ਮਾਮਲੇ ’ਤੇ ਕਾਫੀ ਹਾਂ-ਪੱਖੀ ਜਵਾਬ ਦਿੱਤਾ ਹੈ, ਜਿਸ ’ਤੇ ਕਈ ਲੋਕਾਂ ਨੇ ਤਰਕ ਦਿੱਤਾ ਹੈ ਕਿ ਕ੍ਰਿਕਟ ਨੂੰ ਇਨ੍ਹਾਂ ਖੇਡਾਂ ਵਿਚ ਜਗ੍ਹਾ ਮਿਲਣੀ ਚਾਹੀਦੀ ਹੈ ਕਿਉਂਕਿ ਹੋਰ ਸਾਰੀਆਂ ਵੱਡੀਆਂ ਖੇਡਾਂ ਇਸ ਆਯੋਜਨ ਦਾ ਹਿੱਸਾ ਹਨ ਤੇ ਕ੍ਰਿਕਟ ਨੂੰ ਸ਼ਾਮਲ ਕਰਨ ਨਾਲ ਵਿਸ਼ਵ ਪੱਧਰ ’ਤੇ ਖੇਡ ਦੀ ਜ਼ਮੀਨੀ ਪੱਧਰ ’ਤੇ ਹਾਜ਼ਰੀ ਵਧੇਗੀ।
ਇਹ ਵੀ ਤਰਕ ਦਿੱਤਾ ਗਿਆ ਹੈ ਕਿ ਭਾਰਤ ਕ੍ਰਿਕਟ ਦਾ ਪਾਵਰਹਾਊਸ ਹੈ, ਇਸ ਲਈ 2030 ਸੈਸ਼ਨ ਕ੍ਰਿਕਟ ਦੀ ਐਂਟਰੀ ਲਈ ਉਪਯੋਗੀ ਹੈ। ਇਹ ਵੀ ਕਿਹਾ ਗਿਆ ਹੈ ਕਿ ਆਈ. ਸੀ. ਸੀ. ਲਈ ਕੌਮਾਂਤਰੀ ਓਲੰਪਿਕ ਕਮੇਟੀ (ਆਈ. ਓ. ਸੀ.) ਨੂੰ ਮਨਾਉਣਾ ਕੋਈ ਮੁਸ਼ਕਿਲ ਕੰਮ ਨਹੀਂ ਹੋਵੇਗਾ ਕਿਉਂਕਿ ਚੋਟੀ ਦੀ ਓਲੰਪਿਕ ਸੰਸਥਾ ਨੇ ਹੁਣ ਕ੍ਰਿਕਟ ਦੇ ਮਹੱਤਵ ਤੇ ਇਸ ਨਾਲ ਓਲੰਪਿਕ ਖੇਡਾਂ ਵਿਚ ਆਉਣ ਵਾਲੇ ਮੁੱਲਾਂ ਨੂੰ ਪਛਾਣ ਲਿਆ ਹੈ। ਯੂਥ ਓਲੰਪਿਕ ਖੇਡਾਂ ਦੀ ਉਮਰ ਹੱਦ 15 ਤੋਂ 18 ਸਾਲ ਹੈ ਤੇ ਜੇਕਰ ਭਾਰਤ ਨੂੰ ਮੇਜ਼ਬਾਨੀ ਦਾ ਅਧਿਕਾਰ ਮਿਲਦਾ ਹੈ ਤਾਂ ਕ੍ਰਿਕਟ 2030 ਸੈਸ਼ਨ ਵਿਚ ਆਪਣੀ ਪਹਿਲੀ ਐਂਟਰੀ ਦਰਜ ਕਰਵਾਉਣ ਲਈ ਮਜ਼ਬੂਤ ਦਾਅਵੇਦਾਰ ਹੋਵੇਗੀ।
1900 ਦੀਆਂ ਪੈਰਿਸ ਖੇਡਾਂ ਤੋਂ ਬਾਅਦ ਪਹਿਲੀ ਵਾਰ 2028 ਵਿਚ ਲਾਸ ਏਂਜਲਸ ਓਲੰਪਿਕ ਵਿਚ ਕ੍ਰਿਕਟ ਨੂੰ ਸ਼ਾਮਲ ਕੀਤਾ ਗਿਆ ਹੈ। ਤੀਰਅੰਦਾਜ਼ੀ, ਬੈਡਮਿੰਟਨ, ਬਾਸਕਟਬਾਲ, ਬੀਚ ਵਾਲੀਬਾਲ, ਮੁੱਕੇਬਾਜ਼ੀ, ਕੈਨੋਇੰਗ, ਸਾਈਕਲਿੰਗ, ਗੋਤਾਖੋਰੀ, ਘੋੜਸਵਾਰੀ, ਤਲਵਾਰਬਾਜ਼ੀ, ਫੀਲਡ ਹਾਕੀ, ਫੁੱਟਬਾਲ, ਗੋਲਫ, ਜਿਮਨਾਸਟਿਕ, ਹੈਂਡਬਾਲ, ਜੂਡੋ,ਆਧੂਨਿਕ ਪੇਂਟਾਥਾਲਨ, ਰੋਇੰਗ, ਰਗਬੀ ਸੈਵਨਸ, ਕਿਸ਼ਤੀ ਚਲਾਉਣਾ, ਸ਼ੂਟਿੰਗ, ਤੈਰਾਕੀ, ਟੇਬਲ ਟੈਨਿਸ, ਤਾਇਕਵਾਂਡੋ, ਟੈਨਿਸ, ਵਾਲੀਬਾਲ, ਵੇਟਲਿਫਟਿੰਗ ਤੇ ਕੁਸ਼ਤੀ ਅਜਿਹੀਆਂ ਖੇਡਾਂ ਹਨ, ਜਿਹੜੀਆਂ ਓਲੰਪਿਕ ਵਿਚ ਸ਼ਾਮਲ ਹਨ।


Aarti dhillon

Content Editor

Related News