WI vs IND 5th T20i : ਭਾਰਤ ਨੇ ਵੈਸਟਇੰਡੀਜ਼ ਨੂੰ 88 ਦੌੜਾਂ ਨਾਲ ਹਰਾਇਆ, 4-1 ਨਾਲ ਜਿੱਤੀ ਸੀਰੀਜ਼

Monday, Aug 08, 2022 - 01:06 AM (IST)

ਲਾਓਡਰਹਿਲ (ਫਲੋਰਿਡਾ) (ਭਾਸ਼ਾ)–ਸ਼੍ਰੇਅਸ ਅਈਅਰ (64) ਅਤੇ ਦੀਪਕ ਹੁੱਡਾ (38) ਦੀ ਹਮਲਾਵਰ ਬੱਲੇਬਾਜ਼ੀ ਤੋਂ ਬਾਅਦ ਸਪਿਨਰਾਂ ਦੇ ਸ਼ਾਨਦਾਰ ਪ੍ਰਦਰਸ਼ਨ ਦੇ ਦਮ  ’ਤੇ ਭਾਰਤ ਨੇ ਐਤਵਾਰ ਨੂੰ ਇੱਥੇ ਵੈਸਟਇੰਡੀਜ਼ ਨੂੰ 5ਵੇਂ ਤੇ ਆਖਰੀ ਟੀ-20 ਕੌਮਾਂਤਰੀ ਮੈਚ ਵਿਚ 88 ਦੌੜਾਂ ਨਾਲ ਹਰਾ ਕੇ ਲੜੀ 4-1 ਨਾਲ ਆਪਣੇ ਨਾਂ ਕਰ ਲਈ। ਭਾਰਤੀ ਟੀਮ ਨੇ ਪਹਿਲਾਂ ਬੱਲੇਬਾਜ਼ੀ ਕਰਦਿਆਂ 7 ਵਿਕਟਾਂ ’ਤੇ 188 ਦੌੜਾਂ ਬਣਾਉਣ ਤੋਂ ਬਾਅਦ ਵੈਸਟਇੰਡੀਜ਼ ਦੀ ਪਾਰੀ ਨੂੰ 15.4 ਓਵਰਾਂ ਵਿਚ 100 ਦੌੜਾਂ ’ਤੇ ਸਮੇਟ ਕੇ ਵੱਡੀ ਜਿੱਤ ਦਰਜ ਕੀਤੀ। ਭਾਰਤੀ ਸਪਿਨਰਾਂ ਨੇ 9.2 ਓਵਰਾਂ ਵਿਚ 43 ਦੌੜਾਂ ਦੇ ਕੇ ਸਾਰੀਆਂ 10 ਵਿਕਟਾਂ ਲਈਆਂ। ਇਸ ਵਿਚ ਰਵੀ ਬਿਸ਼ਨੋਈ ਨੇ 2.4 ਓਵਰਾਂ ਵਿਚ 16 ਦੌੜਾਂ ਦੇ ਕੇ 4 ਅਤੇ ਉੱਥੇ ਹੀ ਅਕਸ਼ਰ ਪਟੇਲ ਤੇ ਕੁਲਦੀਪ ਯਾਦਵ ਨੇ 3-3 ਵਿਕਟਾਂ ਲਈਆਂ। ਟੀਚੇ ਦਾ ਪਿੱਛਾ ਕਰਦੇ ਹੋਏ ਵੈਸਟਇੰਡੀਜ਼ ਲਈ ਸਿਰਫ ਸ਼ਿਮਰੋਨ ਹੈੱਟਮਾਇਰ (56) ਹੀ ਬੱਲੇ ਨਾਲ ਯੋਗਦਾਨ ਦੇ ਸਕਿਆ। 

ਇਸ ਤੋਂ ਪਹਿਲਾਂ ਲੜੀ ਪਹਿਲਾਂ ਹੀ ਆਪਣੇ ਨਾਂ ਕਰ ਚੁੱਕੀ ਭਾਰਤੀ ਟੀਮ ਨੇ ਚਾਰ ਤਜਰਬੇਕਾਰ ਖਿਡਾਰੀਆਂ ਕਪਤਾਨ ਰੋਹਿਤ ਸ਼ਰਮਾ, ਰਿਸ਼ਭ ਪੰਤ, ਭੁਵਨੇਸ਼ਵਰ ਕੁਮਾਰ ਤੇ ਸੂਰਯਕੁਮਾਰ ਯਾਦਵ ਨੂੰ ਆਰਾਮ ਦਿੱਤਾ ਹੈ। ਆਖਰੀ-11 ਵਿਚ ਇਸ਼ਾਨ ਕਿਸ਼ਨ, ਕੁਲਦੀਪ ਯਾਦਵ, ਹਾਰਦਿਕ ਪੰਡਯਾ ਤੇ ਸ਼੍ਰੇਅਸ ਦੀ ਵਾਪਸੀ ਹੋਈ ਹੈ।  ਨਿਯਮਤ ਕਪਤਾਨ ਰੋਹਿਤ ਦੀ ਜਗ੍ਹਾ ਟੀਮ ਦੀ ਬਾਗਡੋਰ ਸੰਭਾਲ ਰਹੇ ਪੰਡਯਾ ਨੇ ਟਾਸ ਜਿੱਤ ਕੇ ਬੱਲੇਬਾਜ਼ੀ ਦਾ ਫੈਸਲਾ ਕੀਤਾ। ਸ਼੍ਰੇਅਸ ਨੇ 40 ਗੇਂਦਾਂ ਦੀ ਆਪਣੀ ਪਾਰੀ ਵਿਚ 8 ਚੌਕੇ ਤੇ 2 ਛੱਕੇ ਲਗਾਉਣ ਦੇ ਨਾਲ ਸਲਾਮੀ ਬੱਲੇਬਾਜ਼ ਇਸ਼ਾਨ ਕਿਸ਼ਨ (11) ਦੇ ਨਾਲ ਪਹਿਲੀ ਵਿਕਟ ਲਈ 38 ਤੇ ਦੀਪਕ ਹੁੱਡਾ ਦੇ ਨਾਲ ਦੂਜੀ ਵਿਕਟ ਲਈ ਸਿਰਫ 7.1 ਓਵਰਾਂ ਵਿਚ 76 ਦੌੜਾਂ ਦੀ ਸਾਂਝੇਦਾਰੀ ਕੀਤੀ। ਹੁੱਡਾ ਨੇ 25 ਗੇਂਦਾਂ ਦੀ ਪਾਰੀ ਵਿਚ 3 ਚੌਕੇ ਤੇ 2 ਛੱਕਿਆਂ ਦੀ ਮਦਦ ਨਾਲ 38 ਦੌੜਾਂ ਬਣਾਈਆਂ। ਕਪਤਾਨ ਹਾਰਦਿਕ ਪੰਡਯਾ ਨੇ ਆਖਰੀ ਓਵਰ ਵਿਚ ਰਨ ਆਊਟ ਹੋਣ ਤੋਂ ਪਹਿਲਾਂ 16 ਗੇਂਦਾਂ ਵਿਚ 2 ਚੌਕੇ  ਤੇ 2 ਛੱਕਿਆਂ ਦੀ ਮਦਦ ਨਾਲ 28 ਦੌੜਾਂ ਦੀ ਪਾਰੀ ਖੇਡੀ। ਵੈਸਟਇੰਡੀਜ਼ ਲਈ ਓਡੀਅਨ ਸਮਿਥ ਨੇ ਚਾਰ ਓਵਰਾਂ ਵਿਚ 33 ਦੌੜਾਂ ਦੇ ਕੇ ਸਭ ਤੋਂ ਵੱਧ 3 ਵਿਕਟਾਂ ਲਈਆਂ।

ਇਹ ਖ਼ਬਰ ਵੀ ਪੜ੍ਹੋ : CM ਮਾਨ ਨੇ ਰਾਸ਼ਟਰਮੰਡਲ ਖੇਡਾਂ ’ਚ ਕਾਂਸੀ ਤਮਗਾ ਜਿੱਤਣ ’ਤੇ ਭਾਰਤੀ ਮਹਿਲਾ ਹਾਕੀ ਟੀਮ ਨੂੰ ਦਿੱਤੀ ਵਧਾਈ

ਦੋਵਾਂ ਦੇਸ਼ਾਂ ਦੀਆਂ ਟੀਮਾਂ

ਭਾਰਤ : ਈਸ਼ਾਨ ਕਿਸ਼ਨ, ਸ਼੍ਰੇਅਸ ਅਈਅਰ, ਸੰਜੂ ਸੈਮਸਨ, ਹਾਰਦਿਕ ਪੰਡਯਾ (ਕਪਤਾਨ), ਦੀਪਕ ਹੁੱਡਾ, ਦਿਨੇਸ਼ ਕਾਰਤਿਕ (ਵਿਕਟਕੀਪਰ), ਅਕਸ਼ਰ ਪਟੇਲ, ਕੁਲਦੀਪ ਯਾਦਵ, ਅਵੇਸ਼ ਖਾਨ, ਰਵੀ ਬਿਸ਼ਨੋਈ, ਅਰਸ਼ਦੀਪ ਸਿੰਘ

ਵੈਸਟਇੰਡੀਜ਼ : ਸ਼ਮਰਹ ਬਰੂਕਸ, ਸ਼ਿਮਰੋਨ ਹੇਟਮੇਅਰ, ਨਿਕੋਲਸ ਪੂਰਨ (ਕਪਤਾਨ), ਡੇਵੋਨ ਥਾਮਸ (ਵਿਕਟਕੀਪਰ), ਜੇਸਨ ਹੋਲਡਰ, ਓਡਿਅਨ ਸਮਿਥ, ਕੀਮੋ ਪਾਲ, ਡੋਮਿਨਿਕ ਡਰੇਕਸ, ਓਬੇਡ ਮੈਕਕੋਏ, ਹੇਡਨ ਵਾਲਸ਼, ਰੋਵਮੈਨ ਪਾਵੇਲ


Manoj

Content Editor

Related News