ਜਦੋਂ ਸਚਿਨ ਤੇਂਦੁਲਕਰ ਨੇ ਭਾਰਤ ਖਿਲਾਫ ਪਾਕਿਸਤਾਨ ਵੱਲੋਂ ਖੇਡਿਆ ਮੈਚ

Sunday, May 28, 2017 - 12:21 PM (IST)

ਨਵੀਂ ਦਿੱਲੀ— ਵਿਸ਼ਵ ਦੇ ਸਭ ਤੋਂ ਮਹਾਨ ਕ੍ਰਿਕਟਰ ਸਚਿਨ ਤੇਂਦੁਲਕਰ ਨੇ ਭਾਰਤ ਲਈ ਕਈ ਬਿਹਤਰੀਨ ਪਾਰੀਆਂ ਖੇਡੀਆਂ ਹਨ। ਉਨ੍ਹਾਂ ਦੇ ਯੋਗਦਾਨ ਦੀ ਬਦੌਲਤ ਦੇਸ਼ ਅੱਜ ਕ੍ਰਿਕਟ ਦੇ ਇਸ ਮੁਕਾਮ ਤੱਕ ਪਹੁੰਚਿਆ ਹੈ। ਪਰ ਕੀ ਤੁਸੀਂ ਜਾਣਦੇ ਹੋ ਕਿ ਸਚਿਨ ਤੇਂਦੁਲਕਰ ਨੇ ਪਾਕਿਸਤਾਨ ਵੱਲੋਂ ਵੀ ਖੇਡਿਆ ਹੈ ਅਤੇ ਉਹ ਵੀ ਭਾਰਤ ਖਿਲਾਫ। ਹਾਂਜੀ, ਤੁਹਾਨੂੰ ਇਸ ਗੱਲ ਨਾਲ ਝਟਕਾ ਤਾਂ ਲੱਗੇਗਾ ਪਰ ਇਹ ਸੱਚ ਹੈ।

20 ਜਨਵਰੀ 1987 ਨੂੰ ਦੋਹਾਂ ਟੀਮਾਂ ਦੇ ਵਿਚਾਲੇ ਮੁੰਬਈ ਦੇ ਬ੍ਰਾਬੋਰਨ ਸਟੇਡੀਅਮ 'ਚ ਕ੍ਰਿਕਟ ਕਲੱਬ ਆਫ ਇੰਡੀਆ ਦੀ ਗੋਲਡਨ ਜੁਬਲੀ 'ਤੇ ਫੈਸਟੀਵਲ ਮੈਚ ਖੇਡਿਆ ਜਾ ਰਿਹਾ ਸੀ। ਇਸ ਦੌਰਾਨ ਪਾਕਿਸਤਾਨ ਕੋਲ ਇਕ ਖਿਡਾਰੀ ਦੀ ਕਮੀ ਸੀ। ਮਜਬੂਰੀ 'ਚ ਸਚਿਨ ਤੇਂਦੁਲਕਰ ਨੂੰ ਸਬਸਟੀਚਿਊਟ ਖਿਡਾਰੀ ਦੇ ਤੌਰ 'ਤੇ ਫੀਲਡਿੰਗ ਦੇ ਲਈ ਉਤਰਨਾ ਪਿਆ। ਉਸ ਸਮੇਂ ਸਚਿਨ ਦੀ ਉਮਰ ਸਿਰਫ 13 ਸਾਲਾਂ ਦੀ ਸੀ।

ਹੋਇਆ ਇੰਝ ਕਿ ਜਦੋਂ ਆਰਾਮ ਕਰਨ ਦੇ ਲਈ ਕੁਝ ਪਾਕਿਸਤਾਨੀ ਖਿਡਾਰੀ ਹੋਟਲ 'ਚ ਚਲੇ ਗਏ ਤਾਂ ਇਮਰਾਨ ਖਾਨ ਹੇਮੰਤ ਕਨਕਰੇ (ਜੋ ਉਸ ਮੈਚ 'ਚ ਸੀ.ਸੀ.ਆਈ. ਦੇ ਕਪਤਾਨ ਸਨ) ਦੇ ਕੋਲ ਆਏ ਅਤੇ ਕਿਹਾ ਕਿ ਸਾਡੇ ਕੋਲ ਖਿਡਾਰੀ ਘੱਟ ਗਏ ਹਨ। ਕੀ ਤੁਸੀਂ ਫੀਲਡਿੰਗ ਲਈ ਸਾਨੂੰ 3-4 ਖਿਡਾਰੀ ਦੇ ਸਕਦੇ ਹੋ। ਉਸ ਦੌਰਾਨ ਖੁਸ਼ਰੂ ਵਸਾਨੀਆ ਅਤੇ ਸਚਿਨ ਤੇਂਦੁਲਕਰ ਕੋਲ ਹੀ ਖੜੇ ਸਨ। ਸਚਿਨ ਨੇ ਹੇਮੰਤ ਵੱਲ ਦੇਖਿਆ ਤੇ ਕਿਹਾ- ਕੀ ਮੈਂ ਚਲਾ ਜਾਵਾਂ? ਸਚਿਨ ਨੇ ਇਸ ਮੈਚ 'ਚ 25 ਮਿੰਟ ਤੱਕ ਪਾਕਿਸਤਾਨ ਦੇ ਲਈ ਬਾਊਂਡਰੀ ਦੇ ਕੋਲ ਫੀਲਡਿੰਗ ਕੀਤੀ।

ਜ਼ਿਕਰਯੋਗ ਹੈ ਕਿ ਭਾਰਤ ਵੱਲੋਂ 463 ਵਨਡੇ ਖੇਡਣ ਵਾਲੇ ਤੇਂਦੁਲਕਰ ਨੇ ਇਸ ਫਾਰਮੈਟ 'ਚ 86.23 ਦੀ ਸਟ੍ਰਾਈਕ ਦੇ ਨਾਲ 18,426 ਦੌੜਾਂ ਬਣਾਈਆਂ ਹਨ। ਇਸ ਦੌਰਾਨ ਉਨ੍ਹਾਂ 49 ਸੈਂਕੜਿਆਂ ਸਮੇਤ 96 ਅਰਧ ਸੈਂਕੜੇ ਵੀ ਲਗਾਏ। ਜਦਕਿ ਗੱਲ ਜੇਕਰ ਟੈਸਟ ਦੀ ਕਰੀਏ ਤਾਂ 200 ਮੈਚਾਂ 'ਚ ਇਸ ਖਿਡਾਰੀ ਨੇ 51 ਸੈਂਕੜੇ ਅਤੇ 68 ਅਰਧ ਸੈਂਕੜਿਆਂ ਦੀ ਮਦਦ ਨਾਲ 15,921 ਦੌੜਾਂ ਬਣਾਈਆਂ। ਟੈਸਟ ਕ੍ਰਿਕਟ 'ਚ ਸਚਿਨ 2 ਹਜ਼ਾਰ ਤੋਂ ਜ਼ਿਆਦਾ ਚੌਕੇ ਲਗਾਉਣ ਵਾਲੇ ਇਕਲੌਤੇ ਖਿਡਾਰੀ ਹਨ। ਉਨ੍ਹਾਂ ਟੈਸਟ ਮੈਚਾਂ 'ਚ 2058 ਚੌਕੇ ਜੜੇ ਹਨ।


Related News