ਇਨ੍ਹਾਂ ਖਿਡਾਰੀਆਂ ਕਾਰਨ ਜਦੋਂ ਕ੍ਰਿਕਟ ਹੋਇਆ ਸ਼ਰਮਿੰਦਾ, ਭਾਰਤੀ ਦਿੱਗਜ ਵੀ ਹੈ ਸ਼ਾਮਲ
Monday, Jun 08, 2020 - 04:17 PM (IST)
ਸਪੋਰਟਸ ਡੈਸਕ : ਅਮਰੀਕਾ ਵਿਚ ਕਾਲੇ ਨਾਗਰਿਕ ਜਾਰਜ ਫਲਾਇਡ ਦੀ ਮੌਤ ਤੋਂ ਬਾਅਦ ਨਸਲਵਾਦ ਦਾ ਮੁੱਦਾ ਕਾਫੀ ਉੱਠ ਰਿਹਾ ਹੈ। ਖਿਡਾਰੀ ਵੀ ਇਸ ਦੇ ਵਿਰੋਧ 'ਚ ਉਤਰ ਆਏ ਹਨ। ਕ੍ਰਿਸ ਗੇਲ, ਡੈਰੇਨ ਸੈਮੀ, ਮਾਈਕਲ ਹੋਲਡਿੰਗ ਵਰਗੇ ਧਾਕੜਾਂ ਨੇ ਕ੍ਰਿਕਟ ਵਿਚ ਵੀ ਨਸਲਵਾਦ ਹੋਣ ਦਾ ਦੋਸ਼ ਲਾਇਆ ਹੈ। ਕ੍ਰਿਕਟ ਨੂੰ ਜੈਂਟਲਮੈਨ ਸਪੋਰਟਸ ਕਿਹਾ ਜਾਂਦਾ ਹੈ। ਹਾਲਾਂਕਿ ਕਈ ਅਜਿਹੀਆਂ ਘਟਨਾਵਾਂ ਹੋਈਆਂ, ਜਿਸ ਤੋਂ ਕਾਰਨ ਕ੍ਰਿਕਟ ਨੂੰ ਵੀ ਸ਼ਰਮਿੰਦਾ ਹੋਣਾ ਪਿਆ ਹੈ।
ਪਾਕਿ ਕ੍ਰਿਕਟਰ ਸਰਫਰਾਜ਼ ਨੇ ਕੀਤੀ ਸੀ ਵਿਵਾਦਤ ਟਿਪੱਣੀ
ਜਨਵਰੀ 2019 ਵਿਚ ਪਾਕਿਸਤਾਨ ਕ੍ਰਿਕਟ ਟੀਮ ਦੱਖਣੀ ਅਫਰੀਕਾ ਦੇ ਦੌਰੇ 'ਤੇ ਸੀ। ਮਹਿਮਾਨ ਟੀਮ ਦੀ ਕਮਾਨ ਸਰਫਰਾਜ਼ ਅਹਿਮਦ ਦੇ ਹੱਥਾਂ ਵਿਚ ਸੀ। ਦੂਜੇ ਇਕ ਦਿਨਾਂ ਮੈਚ ਵਿਚ ਪਾਕਿਸਤਾਨ 5 ਵਿਕਟਾਂ ਨਾਲ ਹਾਰ ਗਿਆ ਸੀ। ਉਸ ਮੁਕਾਬਲੇ ਦੌਰਾਨ ਇਕ ਅਜਿਹੀ ਘਟਨਾ ਹੋਈ ਜਿਸ ਕਾਰਨ ਸਰਫਰਾਜ਼ ਵਿਵਾਦਾਂ ਵਿਚ ਘਿਰ ਗਏ ਸੀ। ਸਰਫਰਾਜ਼ ਨੇ ਦੱਖਣੀ ਅਫਰੀਕੀ ਹਰਫਨਮੌਲਾ ਐਂਡਿਲ ਫੇਹਲੁਕਵਾਓ 'ਤੇ ਨਸਲੀ ਟਿੱਪਣੀ ਕੀਤੀ ਸੀ। ਸਰਫਰਾਜ਼ ਨੇ ਉਸ ਨੂੰ ਕਿਹਾ ਸੀ ਕਿ ਓਏ ਕਾਲੇ, ਤੇਰੀ ਅੰਮਾ ਅੱਜ ਕਿੱਥੇ ਬੈਠੀ ਹੈ? ਉਸ ਮੈਚ ਵਿਚ ਫੇਹਲੁਕਵਾਓ ਦੀ ਕਿਸਮਤ ਉਸ ਦਾ ਬਹੁਤ ਸਾਥ ਦੇ ਰਹੀ ਸੀ। ਸਰਫਰਾਜ਼ ਨੇ ਬਾਅਦ ਵਿਚ ਫੇਹਲੁਕਵਾਓ ਤੋਂ ਮੁਆਫੀ ਵੀ ਮੰਗੀ ਸੀ।
ਮੋਈਨ ਅਲੀ ਦੀ ਕੀਤੀ ਓਸਾਮਾ ਨਾਲ ਤੁਲਨਾ
ਇੰਗਲੈਂਡ ਦੇ ਆਲਰਾਊਂਡਰ ਮੋਈਨ ਅਲੀ ਨੇ ਦੋਸ਼ ਲਾਇਆ ਸੀ ਕਿ ਸਤੰਬਰ 2015 ਵਿਚ ਏਸ਼ੇਜ਼ ਵਿਚ ਕਾਰਡਿਫ ਟੈਸਟ ਦੌਰਾਨ ਆਸਟਰੇਲੀਆ ਦੇ ਇਕ ਖਿਡਾਰੀ ਨੇ ਉਸ ਦੇ ਖਿਲਾਫ ਨਸਲੀ ਟਿੱਪਣੀ ਕੀਤੀ ਸੀ। ਮੋਈਨ ਨੇ ਆਪਣੀ ਆਤਮਕਥਾ ਵਿਚ ਲਿਖਿਆ ਕਿ ਆਸਟਰੇਲੀਆ ਦੇ ਇਕ ਖਿਡਾਰੀ ਨੇ ਮੈਦਾਨ 'ਤੇ ਮੈਨੂੰ ਕਿਹਾ 'ਆਹ ਲੈ ਓਸਾਮਾ'। ਮੈਨੂੰ ਯਕੀਨ ਨਹੀਂ ਹੋਇਆ ਕਿ ਇਹ ਸਭ ਕੀ ਹੈ। ਉਸ ਸਮੇਂ ਮੈਨੂੰ ਬਹੁਤ ਗੁੱਸਾ ਆਇਆ। ਮੈਨੂੰ ਕ੍ਰਿਕਟ ਦੇ ਮੈਦਾਨ 'ਤੇ ਕਦੇ ਵੀ ਇੰਨਾ ਗੁੱਸਾ ਨਹੀਂ ਆਇਆ ਸੀ।
ਮੰਕੀ ਗੇਟ ਵਿਵਾਦ
ਜਨਵਰੀ 2008 ਵਿਚ ਮੰਕੀ ਗੇਟ ਵਿਵਾਦ ਹੋਇਆ। ਭਾਰਤ ਖਿਲਾਫ ਸਿਡਨੀ ਟੈਸਟ ਦੇ ਤੀਜੇ ਦਿਨ ਆਸਟਰੇਲੀਆਈ ਕ੍ਰਿਕਟਰ ਐਂਡਰਿਊ ਸਾਇਮੰਡਸ ਨੇ ਦੋਸ਼ ਲਾਇਆ ਕਿ ਆਫ ਸਪਿਨਰ ਹਰਭਜਨ ਸਿੰਘ ਨੇ ਉਸ ਨੂੰ 'ਬਾਂਦਰ' ਕਿਹਾ ਹੈ। ਮੈਚ ਰੈਫਰੀ ਮਾਈਕ ਪਾਕਟਰ ਨੇ ਹਰਭਜਨ 'ਤੇ 3 ਮੈਚਾਂ ਦਾ ਬੈਨ ਲਗਾ ਦਿੱਤਾ ਸੀ। ਭਾਰਤ ਨੇ ਇਸ ਦੇ ਖਿਲਾਫ ਅਪੀਲ ਕੀਤੀ। ਬਾਅਦ ਵਿਚ ਉਸ ਨੂੰ 50 ਫੀਸਦੀ ਮੈਚ 'ਚੋਂ ਜੁਰਮਾਨਾ ਚੁਕਾਉਣਾ ਪਿਆ। ਸਚਿਨ ਤੇਂਦੁਲਕਰ ਨੇ ਆਪਣੀ ਕਿਤਾਬ ਵਿਚ ਲਿਖਿਆ ਕਿ ਉਸ ਨੇ ਹਰਭਜਨ ਨੂੰ ਮੰਕੀ ਨਹੀਂ ਸਗੋਂ ਉੱਤਰੀ ਭਾਰਤ ਦੀ ਇਕ ਗਾਲ ਕੱਢਦੇ ਸੁਣਿਆ ਸੀ, ਜੋ ਮੰਕੀ ਨਾਲ ਮਿਲਦੀ-ਜੁਲਦੀ ਸੁਣਾਈ ਦਿੰਦੀ ਹੈ।
ਹਾਸ਼ਿਮ ਨੂੰ ਕਿਹਾ ਗਿਆ ਸੀ ਅੱਤਵਾਦੀ
ਅਗਸਤ 2006 ਦੀ ਘਟਨਾ ਹੈ। ਕੋਲੰਬੋ ਵਿਚ ਸ਼੍ਰੀਲੰਕਾ ਅਤੇ ਦੱਖਣੀ ਅਫਰੀਕਾ ਵਿਚਾਲੇ ਮੈਚ ਚੱਲ ਰਿਹਾ ਸੀ। ਆਸਟਰੇਲੀਆ ਦੇ ਸਾਬਕਾ ਬੱਲੇਬਾਜ਼ ਡੀਨ ਜੋਂਸ ਕੁਮੈਂਟਰੀ ਬਾਕਸ ਵਿਚ ਸੀ। ਉਸ ਨੇ ਲਾਈਵ ਕੁਮੈਂਟਰੀ ਦੌਰਾਨ ਦੱਖਣੀ ਅਫਰੀਕੀ ਕ੍ਰਿਕਟਰ ਹਾਸ਼ਿਮ ਅਮਲਾ ਲਈ ਇਤਰਾਜ਼ਯੋਗ ਸ਼ਬਦਾਂ ਦਾ ਇਸਤੇਮਾਲ ਕੀਤਾ ਸੀ। ਮੈਚ ਦੌਰਾਨ ਜਦੋਂ ਅਮਲਾ ਨੇ ਕੁਮਾਰ ਸੰਗਾਕਾਰਾ ਦਾ ਕੈਚ ਫੜ੍ਹਿਆ ਤਾਂ ਜੋਂਸ ਨੇ ਕਿਹਾ ਕਿ ਟੈਰੇਰਿਸਟ (ਅੱਤਵਾਦੀ) ਨੇ ਇਕ ਹੋਰ ਕੈਚ ਫੜ ਲਿਆ। ਇਸ ਤੋਂਬਾਅਦ ਬ੍ਰਾਡਕਾਸਟਰ ਨੇ ਜੋਂਸ ਨੂੰ ਕੁਮੈਂਟਰੀ ਟੀਮ 'ਚੋਂ ਕੱਢ ਦਿੱਤਾ।
ਟੋਨੀ ਗ੍ਰੇਗ ਵਿਵਾਦ
ਮਈ 1976 ਵਿਚ ਇੰਗਲੈਂਡ ਦੇ ਉਸ ਸਮੇਂ ਦੇ ਕਪਤਾਨ ਟੋਨੀ ਗ੍ਰੇਗ ਦੇ ਬਿਆਨ ਤੋਂ ਕਾਫੀ ਵਿਵਾਦ ਹੋਇਆ ਸੀ। ਉਸ ਨੇ ਕੈਰੇਬੀਆਈ ਕ੍ਰਿਕਟਰਾਂ ਲਈ Grovel ਸ਼ਬਦ ਦਾ ਇਸਤੇਮਾਲ ਕੀਤਾ ਸੀ। ਗ੍ਰੇਗ ਨੇ ਕਿਹਾ ਸੀ ਕਿ ਤੁਹਾਨੂੰ ਯਾਦ ਰੱਖਣੀ ਚਾਹੀਦਾ ਹੈ ਕਿ ਵੈਸਟਇੰਡੀਜ਼ ਜੇਕਰ ਪਛੜ ਰਹੀ ਹੋਵੇ ਤਾਂ ਉਹ ਬੌਂਦਲ ਜਾਂਦੀ ਹੈ ਅਤੇ ਮੈਂ ਜਾਣਬੁੱਝ ਕੇ ਉਨ੍ਹਾਂ ਨੂੰ ਅਜਿਹਾ ਕਿਹਾ। Grovel ਸ਼ਬਦ ਦਾ ਸਬੰਧ ਕੈਰੇਬੀਆਈ ਲੋਕਾਂ ਦੇ ਪੁਰਖਾਂ ਤੋਂ ਸੀ। ਇਨ੍ਹਾਂ ਵਿਚੋਂ ਤਾਂ ਕਈਆਂ ਦੇ ਪੁਰਖਾਂ ਨੂੰ ਇੱਥੇ ਦਾਸ ਦੇ ਰੂਪ 'ਚ ਲਿਆਇਆ ਗਿਆ ਸੀ। ਗ੍ਰੇਗ ਦੇ ਇਸ ਬਿਆਨ ਤੋਂ ਬਾਅਦ ਕਾਫੀ ਵਿਵਾਦ ਹੋਇਆ ਸੀ।