ਅਸ਼ਵਿਨ ਦੀ ਵਾਇਰਲ ਵੀਡੀਓ ਦੇਖ ਹਰਭਜਨ ਸਿੰਘ ਰੋਕ ਨਾ ਸਕੇ ਆਪਣਾ ਹਾਸਾ, ਟਵੀਟ ਕਰਕੇ ਲਈ ਚੁਟਕੀ
Tuesday, Nov 08, 2022 - 02:56 PM (IST)
ਸਪੋਰਟਸ ਡੈਸਕ- ਭਾਰਤੀ ਟੀਮ ਦੇ ਸਟਾਰ ਗੇਂਦਬਾਜ਼ ਰਵੀਚੰਦਰਨ ਅਸ਼ਵਿਨ ਹਮੇਸ਼ਾ ਸੁਰਖੀਆਂ ਦਾ ਹਿੱਸਾ ਬਣੇ ਰਹਿੰਦੇ ਹਨ, ਭਾਵੇਂ ਉਹ ਮੈਦਾਨ 'ਤੇ ਹੋਵੇ ਜਾਂ ਮੈਦਾਨ ਤੋਂ ਬਾਹਰ। ਕ੍ਰਿਕਟ ਦੇ ਮੈਦਾਨ 'ਚ ਜਿੱਥੇ ਅਸ਼ਵਿਨ ਆਪਣੀ ਹਮਲਾਵਰਤਾ ਨਾਲ ਸੁਰਖੀਆਂ ਬਟੋਰ ਰਹੇ ਹਨ, ਉੱਥੇ ਹੀ ਮੈਦਾਨ ਦੇ ਬਾਹਰ ਵੀ ਉਹ ਆਪਣੇ ਕਈ ਮਨੋਰੰਜਕ ਵੀਡੀਓਜ਼ ਦੇ ਜ਼ਰੀਏ ਸੁਰਖੀਆਂ 'ਚ ਰਹਿੰਦੇ ਹਨ। ਟੀ-20 ਵਿਸ਼ਵ ਕੱਪ ਦੌਰਾਨ ਵੀ ਅਸ਼ਵਿਨ ਦਾ ਇੱਕ ਵੀਡੀਓ ਇੰਟਰਨੈੱਟ 'ਤੇ ਵਾਇਰਲ ਹੋ ਰਿਹਾ ਹੈ। ਇਹ ਵੀਡੀਓ ਇੰਨਾ ਮਜ਼ਾਕੀਆ ਹੈ ਕਿ ਭਾਰਤੀ ਟੀਮ ਦੇ ਸਾਬਕਾ ਸਪਿਨਰ ਹਰਭਜਨ ਸਿੰਘ ਵੀ ਆਪਣਾ ਹਾਸਾ ਨਹੀਂ ਰੋਕ ਸਕੇ ਅਤੇ ਉਨ੍ਹਾਂ ਨੇ ਟਵਿਟਰ ਰਾਹੀਂ ਅਸ਼ਵਿਨ ਦੀ ਇਸ ਵੀਡੀਓ 'ਤੇ ਚੁਟਕੀ ਲਈ ਹੈ।
ਦਰਅਸਲ, ਇਹ ਵੀਡੀਓ ਭਾਰਤ ਅਤੇ ਜ਼ਿੰਬਾਬਵੇ ਵਿਚਾਲੇ ਸੁਪਰ-12 ਪੜਾਅ ਦੇ ਮੈਚ ਦੌਰਾਨ ਦੀ ਹੈ। ਮੈਚ ਸ਼ੁਰੂ ਹੋਣ ਤੋਂ ਪਹਿਲਾਂ ਜਦੋਂ ਕਪਤਾਨ ਰੋਹਿਤ ਸ਼ਰਮਾ ਟਾਸ ਦੌਰਾਨ ਵੈਸਟਇੰਡੀਜ਼ ਦੇ ਧਾਕੜ ਕ੍ਰਿਕਟਰ ਇਆਨ ਬਿਸ਼ਪ ਨਾਲ ਗੱਲ ਕਰ ਰਹੇ ਸਨ ਤਾਂ ਅਸ਼ਵਿਨ ਵੀ ਕੈਮਰੇ ਦੇ ਫਰੇਮ 'ਚ ਕੈਦ ਹੋ ਗਏ। ਇਸ ਵੀਡੀਓ 'ਚ ਅਸ਼ਵਿਨ ਜੈਕਟ ਸੁੰਘਦੇ ਹੋਏ ਦਿਖਾਈ ਦੇ ਰਿਹਾ ਸੀ। ਵੀਡੀਓ ਨੂੰ ਦੇਖ ਕੇ ਅਜਿਹਾ ਲੱਗ ਰਿਹਾ ਹੈ ਕਿ ਉਹ ਦੋ ਜੈਕਟਾਂ ਦਰਮਿਆਨ ਆਪਣੀ ਜੈਕੇਟ ਲੱਭਣਾ ਚਾਹੁੰਦਾ ਹੈ। ਅਸ਼ਵਿਨ ਦੇ ਇਸ ਫਨੀ ਵੀਡੀਓ ਨੂੰ ਦੇਖ ਕੇ ਪ੍ਰਸ਼ੰਸਕ ਵੱਖ-ਵੱਖ ਪ੍ਰਤੀਕਿਰਿਆਵਾਂ ਦੇ ਰਹੇ ਹਨ ਅਤੇ ਭੱਜੀ ਵੀ ਅਸ਼ਵਿਨ ਦੀ ਇਸ ਫਨੀ ਵੀਡੀਓ ਨੂੰ ਦੇਖ ਕੇ ਖੁਦ ਨੂੰ ਰੋਕ ਨਹੀਂ ਸਕੇ।
ਭੱਜੀ ਨੇ ਅਸ਼ਵਿਨ ਦਾ ਵਾਇਰਲ ਵੀਡੀਓ ਸ਼ੇਅਰ ਕਰਦੇ ਹੋਏ ਟਵਿਟਰ 'ਤੇ ਲਿਖਿਆ, ''ਐਸ਼, ਕੀ ਸੁੰਘ ਰਹੇ ਰਹੇ ਹੋ। ਟਵੀਟ ਦੇ ਨਾਲ ਭੱਜੀ ਨੇ ਕਈ ਹੱਸਣ ਵਾਲੇ ਇਮੋਜੀ ਵੀ ਸ਼ੇਅਰ ਕੀਤੇ ਹਨ।
😂😂😂😂😂😂😂 Ash what are u smelling @ashwinravi99 https://t.co/9b0ecu2lic
— Harbhajan Turbanator (@harbhajan_singh) November 7, 2022
ਮੈਚ ਦੀ ਗੱਲ ਕਰੀਏ ਤਾਂ ਅਸ਼ਵਿਨ ਨੇ ਜ਼ਿੰਬਾਬਵੇ ਖਿਲਾਫ 4 ਓਵਰਾਂ 'ਚ 22 ਦੌੜਾਂ ਦੇ ਕੇ ਤਿੰਨ ਵਿਕਟਾਂ ਲਈਆਂ ਅਤੇ ਭਾਰਤ ਨੇ ਇਹ ਮੈਚ 71 ਦੌੜਾਂ ਨਾਲ ਜਿੱਤ ਲਿਆ। ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਭਾਰਤ ਨੇ 187 ਦੌੜਾਂ ਦਾ ਟੀਚਾ ਰੱਖਿਆ, ਜਿਸ ਦੇ ਜਵਾਬ 'ਚ ਜ਼ਿੰਬਾਬਵੇ ਦੀ ਪੂਰੀ ਟੀਮ 17.2 ਓਵਰਾਂ 'ਚ 115 ਦੌੜਾਂ 'ਤੇ ਆਊਟ ਹੋ ਗਈ।
ਜ਼ਿਕਰਯੋਗ ਹੈ ਕਿ ਟੀ-20 ਵਿਸ਼ਵ ਕੱਪ ਦੇ ਸੁਪਰ-12 ਪੜਾਅ ਦੇ ਮੈਚਾਂ ਤੋਂ ਬਾਅਦ 4 ਸੈਮੀਫਾਈਨਲ ਟੀਮਾਂ ਦੀ ਚੋਣ ਕੀਤੀ ਗਈ ਹੈ। ਭਾਰਤੀ ਟੀਮ ਵੀ ਆਪਣੇ ਸ਼ਾਨਦਾਰ ਪ੍ਰਦਰਸ਼ਨ ਦੀ ਬਦੌਲਤ ਸੈਮੀਫਾਈਨਲ 'ਚ ਜਗ੍ਹਾ ਬਣਾਉਣ 'ਚ ਸਫਲ ਰਹੀ ਹੈ। ਟੂਰਨਾਮੈਂਟ ਦਾ ਪਹਿਲਾ ਸੈਮੀਫਾਈਨਲ ਨਿਊਜ਼ੀਲੈਂਡ ਅਤੇ ਪਾਕਿਸਤਾਨ ਵਿਚਾਲੇ 9 ਨਵੰਬਰ ਨੂੰ ਖੇਡਿਆ ਜਾਵੇਗਾ, ਜਦਕਿ ਦੂਜਾ ਸੈਮੀਫਾਈਨਲ ਭਾਰਤ ਅਤੇ ਇੰਗਲੈਂਡ ਵਿਚਾਲੇ 10 ਨਵੰਬਰ ਨੂੰ ਖੇਡਿਆ ਜਾਵੇਗਾ।
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।