WI v ENG : ਵਿੰਡੀਜ਼ ਨੇ ਇੰਗਲੈਂਡ ਨੂੰ 20 ਦੌੜਾਂ ਨਾਲ ਹਰਾਇਆ
Thursday, Jan 27, 2022 - 07:58 PM (IST)
ਬਾਰਬਾਡੋਸ- ਆਲਰਾਊਂਡਰ ਰੋਵਮੈਨ ਪੌਵੇਲ ਦੇ ਧਮਾਕੇਦਾਰ ਸੈਂਕੜੇ (107 ਦੌੜਾਂ) ਤੇ ਰੋਮਾਰੀਓ ਸ਼ੈਫਡਰ (59 ਦੌੜਾਂ 'ਤੇ ਤਿੰਨ ਵਿਕਟਾਂ) ਦੀ ਘਾਤਕ ਗੇਂਦਬਾਜ਼ੀ ਦੀ ਬਦੌਲਤ ਵੈਸਟਇੰਡੀਜ਼ ਨੇ ਬੁੱਧਵਾਰ ਨੂੰ ਇੱਥੇ ਤੀਜੇ ਟਾਪ ਸਕੋਰਿੰਗ ਟੀ-20 ਮੈਚ ਵਿਚ ਇੰਗਲੈਂਡ ਨੂੰ 20 ਦੌੜਾਂ ਨਾਲ ਹਰਾ ਕੇ ਪੰਜ ਮੈਚਾਂ ਦੀ ਸੀਰੀਜ਼ ਵਿਚ 2-1 ਦੀ ਬੜ੍ਹਤ ਬਣਾ ਲਈ ਹੈ। ਮਹਿਮਾਨ ਟੀਮ ਇੰਗਲੈਂਡ ਨੇ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ ਸੀ। 5.2 ਓਵਰਾਂ ਵਿਚ 48 ਦੇ ਸਕੋਰ 'ਤੇ ਵੈਸਟਇੰਡੀਜ਼ ਦੀਆਂ 2 ਵਿਕਟਾਂ ਡਿੱਗ ਚੁੱਕੀਆਂ ਸਨ ਤਾਂ ਸਭ ਕੁਝ ਸਹੀ ਸੀ ਪਰ ਇੰਗਲੈਂਡ ਦਾ ਇਹ ਫੈਸਲਾ ਉਦੋਂ ਗਲਤ ਸਾਬਿਤ ਹੋ ਗਿਆ, ਜਦੋ ਵੈਸਟਇੰਡੀਜ਼ ਨੇ ਧਮਾਕੇਦਾਰ ਵਾਪਸੀ ਕਰਦੇ ਹੋਏ ਅਨੁਭਵੀ ਬੱਲੇਬਾਜ਼ ਨਿਕੋਲਸ ਪੂਰਨ ਤੇ ਰੋਵਮੈਨ ਪੌਵੇਲ ਦੀ ਧਮਾਕੇਦਾਰ ਪਾਰੀਆਂ ਤੇ ਉਨ੍ਹਾਂ ਵਿਚਾਲੇ ਤੀਜੇ ਵਿਕਟ ਦੇ ਲਈ 122 ਦੌੜਾਂ ਦੀ ਸਾਂਝੇਦਾਰੀ ਦੀ ਬਦੌਲਤ 20 ਓਵਰਾਂ ਵਿਚ ਪੰਜ ਵਿਕਟਾਂ 'ਤੇ 224 ਦੌੜਾਂ ਦਾ ਵਿਸ਼ਾਲ ਸਕੋਰ ਬਣਾ ਦਿੱਤਾ।
ਜਵਾਬ ਵਿਚ ਇੰਗਲੈਂਡ ਨੇ ਵੀ ਜਿੱਤ ਦੇ ਲਈ ਪੂਰੀ ਕੋਸ਼ਿਸ਼ ਕੀਤੀ ਪਰ ਉਹ 20 ਓਵਰਾਂ ਵਿਚ 9 ਵਿਕਟਾਂ 'ਤੇ 204 ਦੌੜਾਂ ਹੀ ਬਣਾ ਸਕਿਆ ਤੇ 20 ਦੌੜਾਂ ਨਾਲ ਹਾਰ ਗਿਆ। ਵੈਸਟਇੰਡੀਜ਼ ਵਲੋਂ ਪੌਵੇਲ ਨੇ ਧਮਾਕੇਦਾਰ ਅੰਦਾਜ਼ ਵਿਚ ਚੌਕਿਆਂ ਤੇ 10 ਛੱਕਿਆਂ ਦੀ ਮਦਦ ਨਾਲ 53 ਗੇਂਦਾਂ 'ਤੇ 107 ਦੌੜਾਂ ਤੇ ਪੂਰਨ ਨੇ ਚਾਰ ਚੌਕਿਆਂ ਤੇ ਪੰਜ ਛੱਕਿਆਂ ਦੀ ਮਦਦ ਨਾਲ 43 ਗੇਂਦਾਂ 'ਤੇ 70 ਦੌੜਾਂ ਬਣਾਈਆਂ। ਪੌਵੇਲ ਨੂੰ ਮੈਚ ਜੇਤੂ ਸੈਂਕੜੇ ਪਾਰੀ ਦੇ ਲਈ ਪਲੇਅਰ ਆਫ ਦਿ ਮੈਚ ਚੁਣਿਆ ਗਿਆ। ਵੈਸਟਇੰਡੀਜ਼ ਵਲੋਂ ਗੇਂਦਬਾਜ਼ੀ ਵਿਚ ਤੇਜ਼ ਗੇਂਦਬਾਜ਼ ਰੋਮਾਰੀਓ ਸ਼ੇਫਡਰ ਨੇ ਚਾਰ ਓਵਰਾਂ ਵਿਚ 59 ਦੌੜਾਂ 'ਤੇ ਸਭ ਤੋਂ ਜ਼ਿਆਦਾ 3 ਵਿਕਟਾਂ ਤੇ ਕਪਤਾਨ ਕੀਰੋਨ ਪੋਲਾਰਡ ਨੇ ਚਾਰ ਓਵਰਾਂ ਵਿਚ 31 ਦੌੜਾਂ 'ਤੇ 2, ਜਦਕਿ ਸ਼ੇਲਡਨ, ਜੇਸਨ ਹੋਲਡਰ ਤੇ ਅਕੀਲ ਹੁਸੈਨ ਨੇ 1-1 ਵਿਕਟ ਹਾਸਲ ਕੀਤੀ। ਦੋਵਾਂ ਟੀਮਾਂ ਵਿਚਾਲੇ ਸ਼ਨੀਵਾਰ ਨੂੰ ਇੱਥੇ ਸੀਰੀਜ਼ ਦਾ ਚੌਥਾ ਮੈਚ ਹੋਵੇਗਾ।
ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।