ਵੈਸਟਇੰਡੀਜ਼ ਕ੍ਰਿਕਟ ਨੂੰ ਆਰਥਿਕ ਮਦਦ ਦੀ ਲੋੜ : ਡੈਰੇਨ ਸੈਮੀ
Sunday, Oct 18, 2026 - 02:20 PM (IST)
ਬੈਂਗਲੁਰੂ : ਭਾਰਤ ਖਿਲਾਫ਼ ਸੀਮਤ ਓਵਰਾਂ ਦੀ ਲੜੀ ਵਿੱਚ ਸ਼ਾਨਦਾਰ ਪ੍ਰਦਰਸ਼ਨ ਤੋਂ ਬਾਅਦ ਵੈਸਟਇੰਡੀਜ਼ ਦੇ ਮੁੱਖ ਕੋਚ ਡੈਰੇਨ ਸੈਮੀ ਨੇ ਕੈਰੇਬੀਆਈ ਕ੍ਰਿਕਟ ਦੀ ਬਹਾਲੀ ਲਈ ਆਰਥਿਕ ਮਦਦ ਦੀ ਭਾਵੁਕ ਅਪੀਲ ਕੀਤੀ ਹੈ। ਭਾਰਤ ਹੱਥੋਂ ਵਨਡੇ ਲੜੀ 1-2 ਨਾਲ ਹਾਰਨ ਅਤੇ ਟੀ-20 ਲੜੀ 2-2 ਨਾਲ ਬਰਾਬਰ ਰੱਖਣ ਤੋਂ ਬਾਅਦ ਸੈਮੀ ਨੇ ਕਿਹਾ ਕਿ ਆਈ.ਸੀ.ਸੀ. ਦੇ ਮੌਜੂਦਾ ਮਾਡਲ ਤਹਿਤ ਵੈਸਟਇੰਡੀਜ਼ ਕ੍ਰਿਕਟ ਲਈ ਆਰਥਿਕ ਤੌਰ 'ਤੇ ਟਿਕੇ ਰਹਿਣਾ ਮੁਸ਼ਕਲ ਹੋ ਰਿਹਾ ਹੈ।
ਸੈਮੀ ਅਨੁਸਾਰ ਭਾਰਤ ਵਰਗੀ ਮਜ਼ਬੂਤ ਟੀਮ ਖਿਲਾਫ਼ ਅਜਿਹਾ ਪ੍ਰਦਰਸ਼ਨ ਕਰਨ ਨਾਲ ਸਪਾਂਸਰਾਂ ਅਤੇ ਹਿੱਸੇਦਾਰਾਂ ਨਾਲ ਬਿਹਤਰ ਗੱਲਬਾਤ ਕਰਨ ਦਾ ਮੌਕਾ ਮਿਲੇਗਾ, ਜਿਸ ਨਾਲ ਨਿਵੇਸ਼ ਵਧ ਸਕਦਾ ਹੈ। ਉਨ੍ਹਾਂ ਭਾਰਤ ਦੇ ਮਜ਼ਬੂਤ ਢਾਂਚੇ ਅਤੇ ਵੈਸਟਇੰਡੀਜ਼ ਦੀਆਂ ਆਰਥਿਕ ਚੁਣੌਤੀਆਂ ਦੀ ਤੁਲਨਾ ਕਰਦਿਆਂ ਕਿਹਾ ਕਿ ਲੋੜੀਂਦਾ ਨਿਵੇਸ਼ ਮਿਲਣ 'ਤੇ ਪੂਰੀ ਵਿਵਸਥਾ ਨੂੰ ਮਜ਼ਬੂਤ ਕੀਤਾ ਜਾ ਸਕਦਾ ਹੈ। ਇਸ ਲੜੀ ਨਾਲ ਟੀਮ ਦਾ ਪੁਰਾਣਾ ਆਤਮ-ਵਿਸ਼ਵਾਸ ਅਤੇ ਬੇਖੌਫ਼ ਅੰਦਾਜ਼ ਵਾਪਸ ਪਰਤਿਆ ਹੈ।
